ਸਿਆਸਤਖਬਰਾਂਦੁਨੀਆ

ਭਾਰਤ ਵਲੋਂ ਅਫਗਾਨਿਸਤਾਨ ਨੂੰ ਪਹਿਲੀ ਸਹਾਇਤਾ ਭੇਜਣ ਲਈ ਪਾਕਿ ਨੇ ਰਸਤੇ ਖੋਲ੍ਹੇ

ਇਸਲਾਮਾਬਾਦ-ਪਿਛਲੇ ਮਹੀਨੇ ਅਫਗਾਨਿਸਤਾਨ ਨੂੰ ਲੈ ਕੇ ਰੂਸ ’ਚ ਆਯੋਜਿਤ ਮਾਸਕੋ ਫਾਰਮੈਟ ਦੌਰਾਨ ਭਾਰਤ ਨੇ ਤਾਲਿਬਾਨ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਦੌਰਾਨ ਭਾਰਤ ਨੇ ਅਫਗਾਨਿਸਤਾਨ ਨੂੰ ਤੁਰੰਤ ਮਨੁੱਖੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ। ਤਾਲਿਬਾਨ ਸ਼ਾਸਨ ਦੇ ਆਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਭਾਰਤ ਤੋਂ ਇਹ ਪਹਿਲੀ ਸਹਾਇਤਾ ਹੋਵੇਗੀ। ਇਸਤੋਂ ਪਹਿਲਾਂ ਈਰਾਨ, ਯੂਏਈ ਅਤੇ ਪਾਕਿਸਤਾਨ ਵਰਗੇ ਦੇਸ਼ ਅਫਗਾਨਿਸਤਾਨ ਨੂੰ ਲੌਜਿਸਟਿਕਸ ਅਤੇ ਮੈਡੀਕਲ ਸਪਲਾਈ ਭੇਜ ਚੁੱਕੇ ਹਨ। ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਭਾਰਤ ਦੀ ਕਣਕ ਅਫਗਾਨਿਸਤਾਨ ਭੇਜਣ ਦੇ ਸਾਰੇ ਰਸਤੇ ਖੋਲ੍ਹ ਦਿੱਤੇ ਹਨ। ਕੈਬਨਿਟ ਦੀ ਬੈਠਕ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਰੇ ਮੰਤਰਾਲਿਆਂ ਨੂੰ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ।
ਪ੍ਰਧਾਨ ਮੰਤਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ  ਇਮਰਾਨ ਖ਼ਾਨ ਨੇ ਅਫ਼ਗਾਨਿਸਤਾਨ ਇੰਟਰ-ਮਿਨਿਸਟਰੀਅਲ ਕੋਆਰਡੀਨੇਸ਼ਨ ਸੈੱਲ (ਏ.ਆਈ.ਸੀ.ਸੀ.) ਦੀ ਮੀਟਿੰਗ ਦੌਰਾਨ ਸਾਰੇ ਮੰਤਰਾਲਿਆਂ ਨੂੰ ਅਫ਼ਗਾਨਿਸਤਾਨ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਸਨੇ 5 ਬਿਲੀਅਨ ਰੁਪਏ ਦੀ ਮਾਨਵਤਾਵਾਦੀ ਸਹਾਇਤਾ ਦੀ ਤੁਰੰਤ ਖੇਪ ਭੇਜਣ ਦਾ ਆਦੇਸ਼ ਦਿੱਤਾ, ਜਿਸ ਵਿੱਚ 50,000 ਮੀਟ੍ਰਿਕ ਟਨ ਕਣਕ, ਐਮਰਜੈਂਸੀ ਮੈਡੀਕਲ ਸਪਲਾਈ, ਸਰਦੀਆਂ ਵਿੱਚ ਆਸਰਾ ਅਤੇ ਹੋਰ ਸਪਲਾਈਆਂ ਸਮੇਤ ਖੁਰਾਕੀ ਵਸਤੂਆਂ ਸ਼ਾਮਲ ਹਨ। ਮੀਟਿੰਗ ਵਿੱਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਵਿੱਤ ਸਲਾਹਕਾਰ ਸ਼ੌਕਤ ਫਯਾਜ਼ ਤਾਰੀਨ, ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਰਾਸ਼ਟਰੀ ਸੁਰੱਖਿਆ ਸਲਾਹਕਾਰ ਡਾ: ਮੋਇਦ ਯੂਸਫ ਅਤੇ ਸੀਨੀਅਰ ਸਿਵਲ ਅਤੇ ਫੌਜੀ ਅਧਿਕਾਰੀ ਹਾਜ਼ਰ ਸਨ।
ਦੱਸ ਦੇਈਏ ਕਿ ਪਿਛਲੇ ਮਹੀਨੇ ਭਾਰਤ ਨੇ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ 50 ਹਜ਼ਾਰ ਮੀਟ੍ਰਿਕ ਟਨ ਕਣਕ ਭੇਜਣ ਦੀ ਬੇਨਤੀ ਕੀਤੀ ਸੀ। ਭਾਰਤ ਨੇ ਪਾਕਿਸਤਾਨ ਨੂੰ ਵਾਹਗਾ ਸਰਹੱਦ ਰਾਹੀਂ ਭਾਰਤੀ ਕਣਕ ਭੇਜਣ ਦੀ ਬੇਨਤੀ ਕੀਤੀ ਸੀ। ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਅਹਿਮਦ ਮੁਤਾਕੀ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੇਨਤੀ ਕੀਤੀ ਸੀ ਕਿ ਭਾਰਤ ਨੂੰ ਪਾਕਿਸਤਾਨ ਰਾਹੀਂ ਕਣਕ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਸੀ ਕਿ ਤਾਲਿਬਾਨ ਸਰਕਾਰ ਭਾਰਤ ਤੋਂ ਮਨੁੱਖੀ ਮਦਦ ਲੈਣ ਲਈ ਤਿਆਰ ਹੈ।
ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਰਿਪੋਰਟ
ਹਾਲ ਹੀ ਵਿੱਚ, ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਯੁੱਧ ਪ੍ਰਭਾਵਿਤ ਅਫਗਾਨਿਸਤਾਨ ਵਿੱਚ ਇਸ ਸਾਲ ਦੇ ਅੰਤ ਤੱਕ ਲੱਖਾਂ ਬੱਚੇ ਭੁੱਖ ਨਾਲ ਮਰ ਸਕਦੇ ਹਨ। ਤਾਲਿਬਾਨ ਸ਼ਾਸਨ ਤੋਂ ਬਾਅਦ ਅਫਗਾਨਿਸਤਾਨ ’ਚ ਵਿਗੜਦੇ ਹਾਲਾਤ ’ਤੇ ਵਿਸ਼ਵ ਸਿਹਤ ਸੰਗਠਨ ਦੇ  ਬਿਆਨ ਨੇ ਮੁੜ ਦੁਨੀਆ ਦਾ ਧਿਆਨ ਖਿੱਚਿਆ ਹੈ। ਸੰਗਠਨ ਨੇ ਕਿਹਾ ਹੈ ਕਿ ਸਰਦੀਆਂ ਦੇ ਮੌਸਮ ਦੌਰਾਨ ਅਫਗਾਨਿਸਤਾਨ ’ਚ ਤਾਪਮਾਨ ਘੱਟ ਹੋਵੇਗਾ ਅਤੇ ਭੁੱਖ ਨਾਲ ਰੋਂਦੇ ਬੱਚੇ ਆਪਣੀ ਜਾਨ ਗੁਆ ਸਕਦੇ ਹਨ।
ਭੁੱਖ ਨਾਲ ਮਰ ਸਕਦੇ ਹਨ ਬੱਚੇ
ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਡਬਲਯੂਐਚਓ ਨੇ ਕਿਹਾ ਕਿ ਸਾਲ ਦੇ ਅੰਤ ਤੱਕ ਕਰੀਬ 32 ਲੱਖ ਅਫਗਾਨ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋਣਗੇ। ਇਨ੍ਹਾਂ ਵਿੱਚੋਂ 10 ਲੱਖ ਬੱਚੇ ਬੁਰੀ ਤਰ੍ਹਾਂ ਮੌਤ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਸੰਗਠਨ ਦੀ ਬੁਲਾਰਾ ਮਾਰਗਰੇਟ ਹੈਰਿਸ ਨੇ ਕਿਹਾ ਕਿ ਦੇਸ਼ ਵਿਚ ਫੈਲੇ ਸੰਕਟ ਦੇ ਵਿਚਕਾਰ ਇਹ ਇਕ ਵੱਡੀ ਲੜਾਈ ਹੋਵੇਗੀ।

Comment here