ਗੁਹਾਟੀ-ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਆਸਾਮ ਵਿਚ ਭਾਰਤ-ਭੂਟਾਨ ਸਰਹੱਦੀ ਗੇਟ ਢਾਈ ਸਾਲਾਂ ਦੇ ਵਕਫ਼ੇ ਮਗਰੋਂ ਖੋਲ੍ਹ ਦਿੱਤੇ ਹਨ। ਅਧਿਕਾਰੀ ਮੁਤਾਬਕ ਕੋਵਿਡ-19 ਮਹਾਂਮਾਰੀ ਦੇ ਕਹਿਰ ਕਾਰਨ ਬੰਦ ਕੀਤੇ ਗਏ ਭਾਰਤ-ਭੂਟਾਨ ਸਰਹੱਦੀ ਗੇਟ ਨੂੰ ਸ਼ੁੱਕਰਵਾਰ ਨੂੰ ਕੁਝ ਨਵੇਂ ਨਿਯਮਾਂ ਦੇ ਨਾਲ ਮੁੜ ਖੋਲ੍ਹ ਦਿੱਤਾ ਗਿਆ। ਗੁਹਾਟੀ ਵਿਚ ਭੂਟਾਨ ਦੇ ਕੌਂਸਲ ਜਨਰਲ ਜਿਗਮੇ ਥਿਨਲੇ ਨਾਮਗਿਆਲ ਨੇ ਤਾਮੂਲਪੁਰ ਜ਼ਿਲ੍ਹੇ ’ਚ ਸਮਦਰੂਪ-ਜੋਂਗਖਰ, ਚਿਰਾਂਗ ਵਿਚ ਦਾਦਾਗਿਰੀ ਅਤੇ ਗੇਲੇਫੂ, ਬਕਸਾ ’ਚ ਨਾਮਲਾਂਗ ਅਤੇ ਪਨਬੰਗ ਅਤੇ ਉਦਲਗੁੜੀ ਜ਼ਿਲ੍ਹੇ ਵਿਚ ਸਮਰਾਂਗ ਵਿਖੇ ਅੰਤਰਰਾਸ਼ਟਰੀ ਸਰਹੱਦੀ ਗੇਟਾਂ ਨੂੰ ਮੁੜ ਖੋਲ੍ਹਣ ਦਾ ਐਲਾਨ ਕੀਤਾ।
ਅਧਿਕਾਰੀ ਮੁਤਾਬਕ ਜੇਕਰ ਸੈਲਾਨੀ ਭੂਟਾਨ ‘ਚ ਰੁਕਦੇ ਹਨ ਤਾਂ ਭਾਰਤੀ ਯਾਤਰੀਆਂ ਲਈ 1200 ਰੁਪਏ ਪ੍ਰਤੀ ਦਿਨ ਦੀ ਫੀਸ ਹੋਵੇਗੀ, ਜਦਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਫੀਸ 200 ਅਮਰੀਕੀ ਡਾਲਰ ਰੱਖੀ ਗਈ ਹੈ। ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਚੈੱਕ ਪੋਸਟ ‘ਤੇ ਵੋਟਰ ਆਈਡੀ, ਪਾਸਪੋਰਟ ਜਾਂ ਕੋਈ ਹੋਰ ਪਛਾਣ ਸਬੂਤ ਪੇਸ਼ ਕਰਨਾ ਹੋਵੇਗਾ, ਜਦਕਿ ਬੱਚਿਆਂ ਦਾ ਜਨਮ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ।
ਇਸ ਮੌਕੇ ਇੰਡੋ-ਭੂਟਾਨ ਫਰੈਂਡਸ਼ਿਪ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ। ਇਹ ਗੇਟ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ। ਦੋਵਾਂ ਦੇਸ਼ਾਂ ਦੀ ਸਰਹੱਦ ਨੂੰ ਸੈਲਾਨੀਆਂ ਲਈ ਮੁੜ ਖੋਲ੍ਹਣ ਦੇ ਮੌਕੇ ‘ਤੇ ਬਹੁਤ ਸਾਰੇ ਸੈਲਾਨੀ ਅਤੇ ਕਾਰੋਬਾਰੀ ਮੌਜੂਦ ਰਹੇ। ਇਸ ਮੌਕੇ ਦੋਵਾਂ ਦੇਸ਼ਾਂ ਦੇ ਲੋਕਾਂ ਨੇ ਇਕ-ਦੂਜੇ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਭੂਟਾਨ ਸਰਕਾਰ ਨੇ 23 ਸਤੰਬਰ ਤੋਂ ਵਪਾਰ, ਵਣਜ ਅਤੇ ਅਧਿਕਾਰਤ ਆਵਾਜਾਈ ਲਈ ਆਪਣੀਆਂ ਸਰਹੱਦਾਂ ਨੂੰ ਮੁੜ ਖੋਲ੍ਹਣ ਦਾ ਐਲਾਨ ਕੀਤਾ ਸੀ। ਵਾਤਾਵਰਣ ਸੁਰੱਖਿਆ ਤੋਂ ਇਲਾਵਾ, ਸੈਰ-ਸਪਾਟਾ ਖੇਤਰ ਲਈ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਬਿਹਤਰ ਬਣਾਉਣ ਲਈ ਭੂਟਾਨ ਆਉਣ ਵਾਲੇ ਸੈਲਾਨੀਆਂ ਤੋਂ ਇਕ ਟਿਕਾਊ ਵਿਕਾਸ ਫੀਸ (ਐਸਡੀਐਫ) ਲਈ ਜਾਵੇਗੀ।
Comment here