ਸਿਆਸਤਦੁਨੀਆਵਿਸ਼ੇਸ਼ ਲੇਖ

ਭਾਰਤ ਨੇ ਬੀਬੀਸੀ ਦੀ ਗੁਜਰਾਤ ਦੰਗਿਆਂ ਦੀ ਰਿਪੋਰਟ ਨਕਾਰੀ

ਵਿਸ਼ੇਸ਼ ਰਿਪੋਟ
ਬੀਬੀਸੀ ਦੀ ਇੱਕ ਡਾਕੂਮੈਂਟਰੀ-‘ਇੰਡੀਆ: ਦਿ ਮੋਦੀ ਕੌਵਸ਼ਚਨ ਕਾਰਣ ਭਾਰਤ ਤੇ ਬੀਬੀਸੀ ਮੀਡੀਆ ਵਿਚਾਲੇ ਤਣਾਅ ਛਿੜ ਗਿਆ ਹੈ।ਬੀਤੇ ਦਿਨੀਂ ਯੂਕੇ ਵਿੱਚ ਪ੍ਰਸਾਰਿਤ ਇੱਕ ਨਵੀਂ ਸੀਰੀਜ਼ ਦੇ ਪਹਿਲੇ ਭਾਗ ਵਿੱਚ ਯੂਕੇ ਸਰਕਾਰ ਦੀ ਇਕ ਰਿਪੋਰਟ ਜਿਸ ਉਪਰ ਪਹਿਲਾਂ ਪਾਬੰਦੀ ਲਗਾ ਦਿਤੀ ਸੀ ਜੋ ਕਦੇ ਪ੍ਰਕਾਸ਼ਿਤ ਨਹੀਂ ਹੋਈ ਜਾਂ ਸਾਹਮਣੇ ਨਹੀਂ ਆਈ ਹੈ, ਦਾ ਵੇਰਵਾ ਦਿੱਤਾ ਗਿਆ ਹੈ। ਬੀਬੀਸੀ ਦੀ ਇੱਕ ਡਾਕੂਮੈਂਟਰੀ ਵਿਚ ਗੁਜਰਾਤ ਦੰਗਿਆਂ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਬੀਬੀਸੀ ਨੇ ਦੋ ਹਿੱਸਿਆਂ ਵਿੱਚ ਦਸਤਾਵੇਜ਼ੀ ਫਿਲਮ ਬਣਾਈ ਹੈ।
ਦਸਤਾਵੇਜ਼ੀ ਫਿਲਮ ਦਾ ਪਹਿਲਾ ਹਿੱਸਾ ਬ੍ਰਿਟੇਨ ਵਿੱਚ ਜਨਵਰੀ 17 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇਸ ਦਾ ਦੂਜਾ ਭਾਗ 24 ਜਨਵਰੀ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਹ ਦਸਤਾਵੇਜ਼ੀ ਫਿਲਮ ਬ੍ਰਿਟੇਨ ਵਿੱਚ ਬੀਬੀਸੀ -2 ਚੈਨਲ ਉੱਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਡਾਕੂਮੈਂਟਰੀ ਉਸ ਸਮੇਂ ਨਾਲ ਸੰਬੰਧਿਤ ਹੈ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ। 2002 ਵਿਚ ਫਰਵਰੀ ਅਤੇ ਮਾਰਚ ਦੇ ਮਹੀਨੇ ਵਿਚ ਗੁਜਰਾਤ ਵਿਚ ਫੈਲੀ ਵੱਡੇ ਪੱਧਰ ’ਤੇ ਫਿਰਕੂ ਹਿੰਸਾ ਵਿਚ ਮੋਦੀ ਦੀ ਭੂਮਿਕਾ ਬਾਰੇ ‘ਜਾਂਚ ਕੀਤੇ ਗਏ ਦਾਅਵਿਆਂ’ ਦੀ ਚਰਚਾ ਹੈ। ਇਨ੍ਹਾਂ ਦੰਗਿਆਂ ਵਿੱਚ ‘ਹਜ਼ਾਰ ਤੋਂ ਵੱਧ’ ਲੋਕ ਮਾਰੇ ਗਏ ਸਨ। ਫਿਰਕੂ ਹਿੰਸਾ ਗੋਧਰਾ ਵਿੱਚ 27 ਫਰਵਰੀ 2002 ਨੂੰ ਕਾਰ ਸੇਵਕਾਂ ਨੂੰ ਲੈ ਕੇ ਜਾ ਰਹੀ ਇੱਕ ਰੇਲਗੱਡੀ ਨੂੰ ਅੱਗ ਲਾਉਣ ਦੀ ਘਟਨਾ ਤੋਂ ਬਾਅਦ ਭੜਕ ਗਈ ਸੀ, ਜਿਸ ਵਿੱਚ 59 ਲੋਕ ਮਾਰੇ ਗਏ ਸਨ।
ਭਾਰਤ ਨੇ 2002 ਦੇ ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦੀ ਇਕ ਦਸਤਾਵੇਜ਼ੀ ਫ਼ਿਲਮ ਨੂੰ ਇਕ ‘ਕੁਪ੍ਰਚਾਰ ਟੁਕੜਾ’ ਦੱਸਿਆ ਹੈ ਜੋ ਇਕ ਖ਼ਾਸ ‘ਬਦਨਾਮ ਬਿਰਤਾਂਤ’ ਨੂੰ ਅੱਗੇ ਵਧਾਉਣ ਲਈ ਤਿਆਰ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੀਡੀਆ ਬ੍ਰੀਫ਼ਿੰਗ ਦੌਰਾਨ ਇਸ ਦਸਤਾਵੇਜ਼ੀ ਫਿਲਮ ’ਤੇ ਪੁੱਛੇ ਗਏ ਕਈ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਵਿਚ ਪੱਖਪਾਤ, ਨਿਰਪੱਖਤਾ ਦੀ ਘਾਟ ਤੇ ਲਗਾਤਾਰ ਬਸਤੀਵਾਦੀ ਮਾਨਸਿਕਤਾ ਸਪੱਸ਼ਟ ਤੌਰ ’ਤੇ ਵਿਖਾਈ ਦੇ ਰਹੀ ਹੈ। ਸੰਸਦ ਨੂੰ 2005 ਦੌਰਾਨ ਸੂਚਿਤ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਹੋਈ ਹਿੰਸਾ ਵਿੱਚ 790 ਮੁਸਲਮਾਨ ਅਤੇ 254 ਹਿੰਦੂ ਮਾਰੇ ਗਏ, 223 ਲਾਪਤਾ ਅਤੇ 2,500 ਜ਼ਖਮੀ ਹੋਏ ਸਨ।
ਦੂਸਰੇ ਪਾਸੇ ਬੀਬੀਸੀ ਅਨੁਸਾਰ ਇਹ ਰਿਪੋਰਟ ਗੁਜਰਾਤ ਦੇ ਘਟਨਾ ਕਰਮ ਤੇ ਹਿੰਸਾ ਤੋਂ ਚਿੰਤਤ ਯੂਕੇ ਸਰਕਾਰ ਦੁਆਰਾ ਕੀਤੀ ਇਕ ਜਾਂਚ ਦਾ ਨਤੀਜਾ ਹੈ। ਦਸਤਾਵੇਜ਼ੀ ਫਿਲਮ ਵਿੱਚ, ਸਾਬਕਾ ਵਿਦੇਸ਼ ਸਕੱਤਰ ਜੈਕ ਸਟ੍ਰਾ (2001-2016) ਨੇ ਕੈਮਰੇ ’ਤੇ ਕਿਹਾ, ‘‘ਮੈਂ ਇਸ ਬਾਰੇ ਬਹੁਤ ਚਿੰਤਤ ਸੀ। ਮੈਂ ਬਹੁਤ ਨਿੱਜੀ ਦਿਲਚਸਪੀ ਲਈ, ਕਿਉਂਕਿ ਭਾਰਤ ਇੱਕ ਮਹੱਤਵਪੂਰਨ ਦੇਸ਼ ਹੈ ਜਿਸ ਨਾਲ ਸਾਡੇ (ਯੂ.ਕੇ.) ਨਿੱਘੇ ਸਬੰਧ ਹਨ। ਇਸ ਲਈ, ਸਾਨੂੰ ਇਸ ਨੂੰ ਬਹੁਤ ਸਾਵਧਾਨੀ ਨਾਲ ਪੇਸ਼ ਕਰਨਾ ਪਿਆ।’’ ਉਸ ਨੇ ਕਿਹਾ, ‘ਅਸੀਂ ਇੱਕ ਜਾਂਚ ਕਮੇਟੀ ਬਣਾਈ ਸੀ ਅਤੇ ਇੱਕ ਟੀਮ ਨੇ ਇਸ ਬਾਰੇ ਗੁਜਰਾਤ ਜਾਕੇ ਇਸ ਘਟਨਾ ਬਾਰੇ ਪਤਾ ਲਗਾਉਣਾ ਸੀ। ਉਸਨੇ ਇੱਕ ਬਹੁਤ ਹੀ ਬਾਰੀਕੀ ਨਾਲ ਰਿਪੋਰਟ ਤਿਆਰ ਕੀਤੀ ਸੀ। ਜਾਂਚ ਟੀਮ ਦੁਆਰਾ ਯੂਕੇ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ ਹਿੰਸਾ ਦਾ ਪੈਮਾਨਾ ਰਿਪੋਰਟ ਕੀਤੇ ਗਏ ਨਾਲੋਂ ਕਿਤੇ ਵੱਧ ਸੀ। ਮੁਸਲਿਮ ਔਰਤਾਂ ਨਾਲ ਵਡੇ ਪਧਰ ਅਤੇ ਯੋਜਨਾਬੱਧ ਢੰਗ ਨਾਲ ਬਲਾਤਕਾਰ ਕੀਤਾ ਗਿਆ ਸੀ। ਇਹ ਹਿੰਸਾ ‘ਸਿਆਸੀ ਹਿਤਾਂ ਤੋਂ ਪ੍ਰੇਰਿਤ ਸੀ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਦੰਗਿਆਂ ਦਾ ਉਦੇਸ਼ ‘ਹਿੰਦੂ ਇਲਾਕਿਆਂ ਵਿਚੋਂ ਮੁਸਲਮਾਨਾਂ ਦਾ ਸਫਾਇਆ ਕਰਨਾ’ ਸੀ। ਡਾਕੂਮੈਂਟਰੀ ਵਿਚ ਆਪਣੀ ਪਛਾਣ ਨਾ ਦੱਸਣ ਵਾਲੇ ਬ੍ਰਿਟਿਸ਼ ਡਿਪਲੋਮੈਟ ਨੇ ਕਿਹਾ, ‘ਹਿੰਸਾ ਦੌਰਾਨ ਘੱਟੋ-ਘੱਟ 2,000 ਲੋਕ ਮਾਰੇ ਗਏ। ਜਿਨ੍ਹਾਂ ਵਿਚੋਂ ਜ਼ਿਆਦਾਤਰ ਮੁਸਲਮਾਨ ਸਨ। ਅਸੀਂ ਇਸ ਨੂੰ ਨਸਲਕੁਸ਼ੀ ਦੱਸਿਆ ਸੀ। ਇਹ ਦੋਸ਼ ਮੋਦੀ ਉਪਰ ਲਗਾਏ ਗਏ ਸਨ। ਬ੍ਰਿਟਿਸ਼ ਡਿਪਲੋਮੈਟ ਨੇ ਕਿਹਾ ਸੀ ਕਿ ਰਿਪੋਰਟ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨਾਲ ਸਬੰਧਤ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੂੰ ਇਸ ਹਿੰਸਾ ਲਈ ਦੋਸ਼ੀ ਠਹਿਰਾਇਆ ਗਿਆ ਹੈ। ਸਾਬਕਾ ਬ੍ਰਿਟਿਸ਼ ਵਿਦੇਸ਼ ਸਕੱਤਰ ਸਟ੍ਰਾ ਨੇ ਕਿਹਾ ਕਿ ਵੀਐਚਪੀ ਅਤੇ ਇਸ ਦੇ ਸਹਿਯੋਗੀ ’ਰਾਜ ਸਰਕਾਰ ਦੀ ਸ਼ਹਿ ਤੋਂ ਬਿਨਾਂ ਇੰਨਾ ਨੁਕਸਾਨ ਨਹੀਂ ਕਰ ਸਕਦੇ ਸਨ। ਦਸਤਾਵੇਜ਼ੀ ਫਿਲਮ ਵਿਚ ਦੋਸ਼ ਲਗਾਇਆ ਗਿਆ ਹੈ ਕਿ ‘ਕਨੂੰਨੀ ਡਰ ਖਤਮ ਕਰਕੇ ਹਿੰਸਾ ਲਈ ਮਾਹੌਲ ਪੈਦਾ ਕੀਤਾ ਗਿਆ ਸੀ।’ ਸਾਬਕਾ ਬ੍ਰਿਟਿਸ਼ ਵਿਦੇਸ਼ ਸਕੱਤਰ, ਸਟ੍ਰਾ ਨੇ ਬੀਬੀਸੀ ਨੂੰ ਦੱਸਿਆ ਬਹੁਤ ਗੰਭੀਰ ਦਾਅਵੇ ਕੀਤੇ ਗਏ ਸਨ – ਕਿ ਪ੍ਰਧਾਨ ਮੰਤਰੀ ਮੋਦੀ ਨੇ ਪੁਲਿਸ ਨੂੰ ਵਾਪਸ ਬੁਲਾਉਣ ਅਤੇ ਹਿੰਦੂ ਕੱਟੜਪੰਥੀਆਂ ਨੂੰ ਚੁੱਪਚਾਪ ਹੱਲਾਸ਼ੇਰੀ ਦੇਣ ਵਿੱਚ ਬਹੁਤ ਸਰਗਰਮ ਭੂਮਿਕਾ ਨਿਭਾਈ ਸੀ।ਪੁਲਿਸ ਨੂੰ ਮੁਸਲਮਾਨ ਭਾਈਚਾਰੇ ਦੀ ਰੱਖਿਆ ਬਾਰੇ ਡਿਊਟੀ ਤੋਂ ਰੋਕਿਆ ਗਿਆ ਸੀ। ਅਸੀਂ ਭਾਰਤ ਨਾਲ ਕੂਟਨੀਤਕ ਸਬੰਧ ਤੋੜਨ ਦੇ ਹਕ ਵਿਚ ਨਹੀਂ ਸਾਂ, ਪਰ ਇਹ ਸਪੱਸ਼ਟ ਤੌਰ ’ਤੇ ਭਾਰਤ ਦੀ ਸਾਖ ’ਤੇ ਇੱਕ ਦਾਗ ਸੀ।’ 2002 ਦੇ ਦੰਗਿਆਂ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਮੋਦੀ ਦੇ ਦਾਅਵਿਆਂ ਦੇ ਆਧਾਰ ‘ਤੇ ਉਨ੍ਹਾਂ ਦਾ ਕੂਟਨੀਤਕ ਬਾਈਕਾਟ ਕਰ ਦਿੱਤਾ ਸੀ ਕਿ ਉਸ ਨੇ ਖੂਨੀ ਹਿੰਸਾ ਨਹੀਂ ਰੋਕੀ ਸੀ। ‘ਬੀਬੀਸੀ ਦੇ ਅਨੁਸਾਰ, ਉਸੇ ਸਮੇਂ ਯੂਰਪੀਅਨ ਯੂਨੀਅਨ ਦੁਆਰਾ ਇੱਕ ਜਾਂਚ ਕਮੇਟੀ ਵੀ ਸਥਾਪਿਤ ਕੀਤੀ ਗਈ ਸੀ, ਜਿਸ ਨੇ ਇਸ ਮਾਮਲੇ ਨੂੰ ਦੇਖਿਆ ਸੀ। ਕਥਿਤ ਤੌਰ ’ਤੇ ਇਹ ਪਾਇਆ ਗਿਆ ਕਿ ‘‘ਮੰਤਰੀਆਂ ਨੇ ਹਿੰਸਾ ਵਿੱਚ ਸਰਗਰਮ ਹਿੱਸਾ ਲਿਆ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦੰਗਿਆਂ ਵਿੱਚ ਦਖਲ ਨਾ ਦੇਣ ਲਈ ਨਿਰਦੇਸ਼ ਦਿੱਤੇ ਗਏ ਸਨ।” ਗੁਜਰਾਤ ਹਿੰਸਾ ਬਾਰੇ ਮੋਦੀ ਦੀ ਇੰਟਰਵਿਊ ਲੈਣ ਵਾਲੀ ਬੀਬੀਸੀ ਦੀ ਜਿਲ ਮੈਕਗਿਵਿੰਗ ਕਹਿੰਦੀ ਹੈ: ਮੋਦੀ ਦੋਸਤਾਨਾ ਨਹੀਂ ਹਨ। ਉਸ ਨੂੰ ਇੰਟਰਵਿਊ ਲਈ ਮਨਾਉਣਾ ਬਹੁਤ ਔਖਾ ਸਾਬਤ ਹੋਇਆ। ਉਸਨੇ ਮੈਨੂੰ ਇੱਕ ਬਹੁਤ ਹੀ ਬਹੁਤ ਸ਼ਕਤੀਸ਼ਾਲੀ ਅਤੇ ਬਹੁਤ ਖਤਰਨਾਕ ਵਿਅਕਤੀ ਵਜੋਂ ਪ੍ਰਭਾਵਿਤ ਕੀਤਾ।’ ਗੁਜਰਾਤ ਵਿੱਚ ਵਾਰ-ਵਾਰ ਹੋਈ ਹਿੰਸਾ ਅਤੇ ਉਥਲ-ਪੁਥਲ ਬਾਰੇ ਉਨ੍ਹਾਂ ਦੇ ਸਵਾਲ ਦੇ ਜਵਾਬ ਵਿੱਚ, ਮੋਦੀ ਨੂੰ ਜਵਾਬ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਉਸ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਪਹਿਲਾਂ ਆਪਣੀ ਜਾਣਕਾਰੀ ਭਾਰਤ ਬਾਰੇ ਠੀਕ ਕਰਨੀ ਚਾਹੀਦੀ ਹੈ। ਸੂਬੇ ਗੁਜਰਾਤ ਵਿੱਚ ਬਹੁਤ ਸ਼ਾਂਤੀ ਹੈ। ਰਾਜ ਵਿੱਚ ਕਾਨੂੰਨ ਵਿਵਸਥਾ ਦੇ ਕਥਿਤ ਮਾੜੇ ਪ੍ਰਬੰਧਾਂ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਤੁਹਾਡੀ ਪੂਰੀ ਤਰ੍ਹਾਂ ਨਾਲ ਗੁੰਮਰਾਹਕੁੰਨ ਜਾਣਕਾਰੀ ਹੈ ਅਤੇ ਮੈਂ ਤੁਹਾਡੇ ਵਿਸ਼ਲੇਸ਼ਣ ਨਾਲ ਸਹਿਮਤ ਨਹੀਂ ਹਾਂ। ਤੁਹਾਨੂੰ ਅੰਗਰੇਜ਼ਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਸਾਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ।’ ਹਾਲਾਂਕਿ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਸ ਪੂਰੇ ਘਟਨਾਕ੍ਰਮ ਵਿੱਚ ਅਜਿਹਾ ਕੁਝ ਹੈ ਜੋ ਮੋਦੀ ਵੱਖਰੇ ਤਰੀਕੇ ਨਾਲ ਦਸਣਾ ਚਾਹੁੰਦੇ ਹਨ, ਤਾਂ ਮੋਦੀ ਨੇ ਕਿਹਾ, ‘ਇੱਕ ਅਜਿਹਾ ਖੇਤਰ ਜਿੱਥੇ ਮੈਂ ਵੱਖਰਾ ਢੰਗ ਨਾਲ ਕੰਮ ਕਰ ਸਕਦਾ ਸੀ, ਉਹ ਹੈ-ਮੀਡੀਆ ਕਿਵੇਂ ਹੈਂਡਲ ਕਰਨਾ ਹੈ। ‘ਡਾਕੂਮੈਂਟਰੀ ਵਿੱਚ ਜ਼ਿਕਰ ਕੀਤਾ ਹੈ ਕਿ ਬ੍ਰਿਟਿਸ਼ ਜਾਂਚ ਰਿਪੋਰਟ ਦਾ ਸਿੱਟਾ ਇਹ ਹੈ ਕਿ ਜਦ ਤੱਕ ਮੋਦੀ ਸੱਤਾ ਵਿੱਚ ਹਨ, ਨਿਆਂ ਅਸੰਭਵ ਰਹੇਗਾ।’ ਬੀਬੀਸੀ ਦੀ ਇਹ ਡਾਕੂਮੈਂਟਰੀ ਫਿਲਹਾਲ ਭਾਰਤ ਵਿੱਚ ਦੇਖਣ ਲਈ ਉਪਲਬਧ ਨਹੀਂ ਹੈ।
ਬੀਬੀਸੀ ਨੂੰ ਟਿੱਪਣੀ ਲਈ ਸੰਪਰਕ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਦਸਤਾਵੇਜ਼ੀ ਫ਼ਿਲਮ ਲਈ ਮੁਸ਼ੱਕਤ ਨਾਲ ਖੋਜ ਕੀਤੀ ਗਈ ਸੀ ਅਤੇ ਇਸ ਵਿਚ ਬਹੁਤ ਲੋਕਾਂ ਦੀਆਂ ਆਵਾਜ਼ਾਂ ਅਤੇ ਵਿਚਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਲੋਕ ਵੀ ਸ਼ਾਮਲ ਹਨ। ਬੀਬੀਸੀ ਦੇ ਬੁਲਾਰੇ ਨੇ ਕਿਹਾ ਸੀ ਕਿ ਅਸੀਂ ਭਾਰਤ ਸਰਕਾਰ ਨੂੰ ਇਸ ਸੀਰੀਜ਼ ਵਿਚ ਚੁੱਕੇ ਗਏ ਮੁੱਦਿਆਂ ਦਾ ਜਵਾਬ ਦੇਣ ਦੇ ਅਧਿਕਾਰ ਦੀ ਪੇਸ਼ਕਸ਼ ਕੀਤੀ ਸੀ, ਪਰ ਉਹਨਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮੋਦੀ ’ਤੇ ਦੰਗਿਆਂ ਨੂੰ ਰੋਕਣ ਵਿਚ ਅਸਫਲ ਰਹਿਣ ਦਾ ਇਲਜ਼ਾਮ ਲੱਗਿਆ ਸੀ, ਪਰ ਉਹ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਸਨ ਅਤੇ 2012 ਵਿਚ ਭਾਰਤ ਦੀ ਸੁਪਰੀਮ ਕੋਰਟ ਦੀ ਜਾਂਚ ਵਿਚ ਉਹਨਾਂ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਮੋਦੀ ਦੇ ਬਰੀ ਹੋਣ ’ਤੇ ਸਵਾਲ ਚੁੱਕਣ ਵਾਲੀ ਜ਼ਕੀਆ ਜਾਫਰੀ ਦੀ ਇੱਕ ਪਟੀਸ਼ਨ ਪਿਛਲੇ ਸਾਲ ਖ਼ਾਰਜ ਕਰ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਵੱਡੀ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਦਾ ਸਭ ਤੋਂ ਉੱਚਾ ਪੱਧਰ ਤਾਸ਼ ਦੇ ਪਤਿਆਂ ਵਾਂਗ ਖਿਲਰ ਗਿਆ ਸੀ।

Comment here