ਸਿਆਸਤਖਬਰਾਂਦੁਨੀਆ

ਭਾਰਤ ਨੇ ਅਫਗਾਨ ਨੂੰ ਭੇਜੀਆਂ ਦਵਾਈਆਂ ਤੇ ਹੋਰ ਸਮਗਰੀ

ਤਾਲਿਬਾਨ ਸਰਕਾਰ ਨੇ ਕਿਹਾ-ਸ਼ੁਕਰੀਆ…

ਕਾਬੁਲ- ਅਫਗਾਨਿਸਤਾਨ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਕਈ ਤਰਾਂ ਸੰਕਟ ਆਏ ਹੋਏ ਹਨ, ਅਜਿਹੇ ਵਿੱਚ ਮਨੁੱਖਤਾ ਨੂੰ ਪਿਆਰਨ ਵਾਲੇ ਮੁਲਕ ਮਦਦ ਲਈ ਅੱਗੇ ਆ ਰਹੇ ਹਨ। ਭਾਰਤ ਨੇ ਵੀ ਬੀਤੇ ਦਿਨ ਦੂਜੀ ਵਾਰ ਮਨੁੱਖੀ ਸਹਾਇਤਾ ਦੇ ਹਿੱਸੇ ਵਜੋਂ 2 ਟਨ ਜੀਵਨ ਰੱਖਿਅਕ ਦਵਾਈਆਂ ਦੀ ਖੇਪ ਜੰਗ ਨਾਲ ਪ੍ਰਭਾਵਿਤ ਅਫ਼ਗਾਨਿਸਤਾਨ ਨੂੰ ਭੇਜੀ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਜੀਵਨ ਰੱਖਿਅਕ ਦਵਾਈਆਂ ਦੀ ਇਹ ਖੇਪ ਮਨੁੱਖੀ ਸਹਾਇਤਾ ਤਹਿਤ ਕਾਬੁਲ ਦੇ ਇੰਦਰਾ ਗਾਂਧੀ ਹਸਪਤਾਲ ਦੇ ਅਧਿਕਾਰੀਆਂ ਨੂੰ ਸੌਂਪੀ ਗਈ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, “ਅਫ਼ਗਾਨਿਸਤਾਨ ਦੇ ਲੋਕਾਂ ਨੂੰ ਜਾਰੀ ਮਨੁੱਖੀ ਸਹਾਇਤਾ ਦੇ ਹਿੱਸੇ ਵਜੋਂ, ਭਾਰਤ ਨੇ ਅੱਜ ਤੀਜੀ ਖੇਪ ਵਿਚ 2 ਟਨ ਜੀਵਨ ਰੱਖਿਅਕ ਦਵਾਈਆਂ ਅਫ਼ਗਾਨਿਸਤਾਨ ਭੇਜੀਆਂ।” ਉਥੇ ਹੀ ਭਾਰਤ ਦੀ ਇਸ ਉਦਾਰਤਾ ਨੇ ਤਾਲਿਬਾਨ ਨੂੰ ਖੁਸ਼ ਕਰ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਇਕ ਟਵੀਟ ਵਿਚ ਇਸ ਦਾ ਸਵਾਗਤ ਕੀਤਾ ਹੈ। ਮੁਜਾਹਿਦ ਨੇ ਟਵੀਟ ਕੀਤਾ, ‘ਇਸਲਾਮਿਕ ਅਮੀਰਾਤ ਮਨੁੱਖੀ ਸਹਾਇਤਾ ਅਤੇ ਸਹਿਯੋਗ ਲਈ ਭਾਰਤ ਦਾ ਧੰਨਵਾਦੀ ਹੈ।’ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ, ਅਫ਼ਗਾਨਿਸਤਾਨ ਦੇ ਲੋਕਾਂ ਨਾਲ ਵਿਸ਼ੇਸ਼ ਸਬੰਧ ਜਾਰੀ ਰੱਖਣ ਅਤੇ ਉਨ੍ਹਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ, ‘ਇਸ ਕੋਸ਼ਿਸ਼ ਵਿਚ, ਅਸੀਂ ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਰਾਹੀਂ ਅਫ਼ਗਾਨਿਸਤਾਨ ਨੂੰ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 5,00,000 ਖ਼ੁਰਾਕਾਂ ਅਤੇ 1.6 ਟਨ ਡਾਕਟਰੀ ਸਹਾਇਤਾ ਦੀ ਸਪਲਾਈ ਕੀਤੀ ਸੀ।’ ਮੰਤਰਾਲਾ ਨੇ ਕਿਹਾ, ‘ਆਉਣ ਵਾਲੇ ਹਫ਼ਤਿਆਂ ਵਿਚ, ਅਸੀਂ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੀਆਂ ਹੋਰ ਖੇਪਾਂ ਦੀ ਸਪਲਾਈ ਕਰਾਂਗੇ, ਜਿਸ ਵਿਚ ਦਵਾਈਆਂ ਅਤੇ ਅਨਾਜ ਸ਼ਾਮਲ ਹੋਣਗੇ।’ ਅਫ਼ਗਾਨਿਸਤਾਨ ਦੀ ਪਿਛਲੀ ਅਸ਼ਰਫ ਗਨੀ ਸਰਕਾਰ ਵੱਲੋਂ ਭਾਰਤ ਵਿਚ ਅਫ਼ਗਾਨ ਰਾਜਦੂਤ ਨਿਯੁਕਤ ਕੀਤੇ ਹਏ ਫਰੀਦ ਮਾਮੁਨਦਜਈ ਨੇ ਸਹਾਇਤਾ ਪ੍ਰਦਾਨ ਕਰਲ ਲਈ ਨਵੀਂ ਦਿੱਲੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ”ਅਫ਼ਗਾਨਿਸਤਾਨ ਦੇ ਲੋਕਾਂ ਨੂੰ ਜ਼ਰੂਰੀ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਦਾ ਧੰਨਵਾਦ। 2 ਟਨ ਜ਼ਰੂਰੀ ਜੀਵਨ ਰੱਖਿਅਕ ਦਵਾਈਆਂ ਵਾਲੀ ਡਾਕਟਰੀ ਸਹਾਇਤਾ ਦੀ ਤੀਜੀ ਖੇਪ ਅੱਜ ਕਾਬੁਲ ਦੇ ਇੰਦਰਾ ਗਾਂਧੀ ਹਸਪਤਾਲ ਪਹੁੰਚੀ। ਅਫ਼ਗਾਨਿਸਤਾਨ ਨੂੰ ਅਜਿਹੀ ਸਪਲਾਈ ਦੀ ਸਖ਼ਤ ਲੋੜ ਹੈ।”

ਯਾਦ ਕਰਵਾ ਦੇਈਏ ਕਿ ਭਾਰਤ ਨੇ 1 ਜਨਵਰੀ ਨੂੰ ਅਫ਼ਗਾਨਿਸਤਾਨ ਨੂੰ ਕੋਵਿਡ ਰੋਕੂ ਟੀਕੇ ਕੋਵੈਕਸਿਨ ਦੀਆਂ 5 ਲੱਖ ਖੁਰਾਕਾਂ ਦੀ ਸਪਲਾਈ ਕੀਤੀ ਸੀ ਅਤੇ ਐਲਾਨ ਕੀਤਾ ਸੀ ਕਿ ਆਉਣ ਵਾਲੇ ਹਫ਼ਤੇ ਵਿਚ ਟੀਕੇ ਦੀਆਂ ਹੋਰ ਖੁਰਾਕਾਂ ਭੇਜੀਆਂ ਜਾਣਗੀਆਂ। ਦਸੰਬਰ ਵਿਚ ਭਾਰਤ ਨੇ ਅਫ਼ਗਾਨਿਸਤਾਨ ਨੂੰ 1.6 ਮੀਟ੍ਰਿਕ ਟਨ ਡਾਕਟਰੀ ਸਹਾਇਤਾ ਦੀ ਸਪਲਾਈ ਕੀਤੀ ਸੀ।

Comment here