ਸਿਆਸਤਖਬਰਾਂਦੁਨੀਆ

ਭਾਰਤ ਨਾਲ ਸਾਂਝੇਦਾਰੀ ਨੂੰ ਤਰਜੀਹ ਅਮਰੀਕਾ ਦੀ ਅਹਿਮ ਨੀਤੀ-ਬਲਿੰਕਨ

ਅਫਗਾਨ ਚ ਆਰਥਿਕ ਵਿਕਾਸ ਤੇ ਸੁਰੱਖਿਆ ਸਹਿਯੋਗ ਦੇ ਪ੍ਰੋਗਰਾਮ ਜਾਰੀ ਰੱਖੇਗਾ ਅਮਰੀਕਾ

ਨਵੀਂ ਦਿੱਲੀ – ਅਮਰੀਕੀ ਵਿਦੇਸ਼ ਮੰਤਰੀ ਐੰਟਨੀ ਬਲਿੰਕਨ ਦੇ ਭਾਰਤ ਦੌਰੇ ਤੇ ਸਭ ਦੀ ਨਜ਼ਰ ਟਿਕੀ ਰਹੀ। ਦੋਵਾਂ ਮੁਲਕਾਂ ਦੀ ਸੁਰੱਖਿਆ, ਕੋਵਿਡ, ਅਫਗਾਨ ਦੇ ਮੌਜੂਦਾ ਹਾਲਾਤ ਆਦਿ ਮੁੱਖ ਮੁੱਦਿਆਂ ਤੇ ਚਰਚਾ ਇਸ ਦੌਰੇ ਦਾ ਮੁੱਖ ਮਕਸਦ ਰਿਹਾ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਵੱਧ ਰਹੇ ਦੁਵੱਲੇ ਸਬੰਧਾਂ ਨੂੰ ਲੈ ਕੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਫ਼ਗਾਨਿਸਤਾਨ ਦੀ ਸਥਿਤੀ, ਹਿੰਦ-ਪ੍ਰਸ਼ਾਂਤ (ਇੰਡੋ-ਪੈਸੀਫਿਕ) ਖੇਤਰ ’ਚ ਭਾਈਵਾਲੀ, ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਅਤੇ ਖੇਤਰੀ ਸੁਰੱਖਿਆ ਮਜ਼ਬੂਤ ਕਰਨ ਦੇ ਤੌਰ-ਤਰੀਕਿਆਂ ’ਤੇ ਗੱਲਬਾਤ ਕੀਤੀ। ਕੋਰੋਨਾ ਮਹਾਮਾਰੀ ਅਤੇ ਉਸ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਸਹਿਯੋਗ ਹੋਰ ਵਧਾਉਣ ‘ਤੇ ਦੋਹਾਂ ਪੱਖਾਂ ਦਰਮਿਆਨ ਵਿਆਪਕ ਚਰਚਾ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ  ਐਲਾਨ ਕੀਤਾ ਕਿ ਅਮਰੀਕਾ ਭਾਰਤ ਦੇ ਟੀਕਾਕਰਨ ਪ੍ਰੋਗਰਾਮ ‘ਚ ਸਹਿਯੋਗ ਲਈ 2.5 ਕਰੋੜ ਡਾਲਰ ਦੇਵੇਗਾ। ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਭਾਰਤ ਨੂੰ ਅਸਾਧਾਰਣ ਸਹਿਯੋਗ ਦੇਣ ਅਤੇ ਭਾਰਤ ‘ਚ ਟੀਕਾ ਉਤਪਾਦਨ ਲਈ ਕੱਚੇ ਮਾਲ ਦੀ ਸਪਲਾਈ ਨੂੰ ਖੁੱਲ੍ਹਾ ਰੱਖਣ ਲਈ ਅਮਰੀਕਾ ਦਾ ਧੰਨਵਾਦ ਕੀਤਾ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਤੋਂ ਪੈਦਾ ਹੋਈਆਂ ਯਾਤਰਾ ਚੁਣੌਤੀਆਂ ‘ਤੇ ਵੀ ਚਰਚਾ ਹੋਈ। ਇ ਉਪਰੰਤ ਸਾਂਝੇ ਮੀਡੀਆ ਬ੍ਰੀਫਿੰਗ ’ਚ ਬਲਿੰਕਨ ਨੇ ਕਿਹਾ ਕਿ ਦੁਨੀਆ ’ਚ ਕੁਝ ਹੀ ਅਜਿਹੇ ਸਬੰਧ ਹਨ, ਜੋ ਭਾਰਤ-ਅਮਰੀਕਾ ਵਿਚਾਲੇ ਰਿਸ਼ਤੇ ਤੋਂ ਵੱਧ ਅਹਿਮ ਹਨ। ਬਲਿੰਕਨ ਨੇ ਇਸ ਦੇ ਨਾਲ ਹੀ ਕਿਹਾ ਕਿ ਦੁਨੀਆ ਦੇ ਪ੍ਰਮੁੱਖ ਲੋਕਤੰਤਰੀ ਰਾਜ ਹੋਣ ਦੇ ਨਾਅਤੇ ਅਸੀਂ ਆਪਣੇ ਸਾਰੇ ਲੋਕਾਂ ਨੂੰ ਆਜ਼ਾਦੀ, ਬਰਾਬਰੀ ਅਤੇ ਮੌਕਿਆਂ ਨੂੰ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਕਦਮ ਹੀ 21ਵੀਂ ਸਦੀ ਅਤੇ ਉਸ ਤੋਂ ਬਾਅਦ ਦੇ ਦੌਰ ਦਾ ਰੂਪ ਤੈਅ ਕਰਨਗੇ ਅਤੇ ਇਹ ਵਜ੍ਹਾ ਹੈ ਕਿ ਭਾਰਤ ਨਾਲ ਸਾਂਝੇਦਾਰੀ ਮਜ਼ਬੂਤ ਕਰਨਾ ਅਮਰੀਕੀ ਵਿਦੇਸ਼ ਨੀਤੀ ਦੀ ਪਹਿਲੀਆਂ ਤਰਜੀਹਾਂ ਵਿਚੋਂ ਇਕ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਾਂਤਮਈ ਹੱਲ ਲਈ ਤਾਲਿਬਾਨ ਅਤੇ ਅਫ਼ਗਾਨਿਸਤਾਨ ਸਰਕਾਰ ਨੂੰ ਗੱਲਬਾਤ ਦੀ ਮੇਜ਼ ’ਤੇ ਆਉਣ ਦੀ ਲੋੜ ਹੈ। ਇਸ ਮੌਕੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਸੰਵਾਦ ਅਜਿਹੇ ਮਹੱਤਵਪੂਰਨ ਪੜਾਅ ’ਤੇ ਹੋਇਆ ਹੈ, ਜਦੋਂ ਮਹੱਤਵਪੂਰਨ ਵਿਸ਼ਵ ਵਿਆਪੀ ਅਤੇ ਖੇਤਰੀ ਚੁਣੌਤੀਆਂ ਦੇ ਪ੍ਰਭਾਵੀ ਹੱਲ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਡੀ ਦੁਵੱਲੇ ਭਾਈਵਾਲੀ ਇਸ ਹੱਦ ਤੱਕ ਵੱਧ ਗਈ ਹੈ ਕਿ ਇਹ ਸਾਨੂੰ ਵੱਡੇ ਮੁੱਦਿਆਂ ਨਾਲ ਮਿਲ ਕੇ ਨਜਿੱਠਣ ’ਚ ਸਮਰੱਥ ਬਣਾਉਂਦੀ ਹੈ। ਜੈਸ਼ੰਕਰ ਨੇ ਕਿਹਾ ਕਿ ਸਾਡੀ ਨਜ਼ਰ ਅਫ਼ਗਾਨਿਸਤਾਨ, ਇੰਡੋ-ਪੈਸੀਫਿਕ ਅਤੇ ਖਾੜੀ ਖੇਤਰ ’ਤੇ ਹੈ। ਅਮਰੀਕਾ ਨੇ ਅਫਗਾਨਿਸਤਾਲ ਵਿਚ ਤਾਲਿਬਾਨ ’ਤੇ ਸਵਾਲ ਖੜ੍ਹੇ ਕਰਦੇ ਹੋਏ ਭਰੋਸਾ ਦਿੱਤਾ ਕਿ ਉਹ ਗਠਜੋੜ ਫ਼ੌਜੀਆਂ ਦੀ ਵਾਪਸੀ ਦੇ ਬਾਵਜੂਦ ਦੇਸ਼ ਵਿਚ ਪ੍ਰਭਾਵੀ ਰੂਪ ਨਾਲ ਮੌਜੂਦ ਰਹੇਗਾ ਅਤੇ ਉਥੇ ਆਰਥਿਕ ਅਤੇ ਸੁਰੱਖਿਆ ਦੇ ਮਾਮਲਿਆਂ ਵਿਚ ਸਰਗਰਮ ਭੂਮਿਕਾ ਨਿਭਾਏਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਦੁਵੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਇਹ ਗੱਲ ਕਹੀ।  ਉਨ੍ਹਾਂ ਕਿਹਾ, ‘ਅਫਗਾਨਿਸਤਾਨ ਤੋਂ ਗਠਜੋੜ ਫ਼ੌਜੀਆਂ ਦੀ ਵਾਪਸੀ ਦੇ ਬਾਅਦ ਵੀ ਅਸੀਂ ਦੋਵੇਂ ਮਿਲ ਕੇ ਅਫਗਾਨ ਜਨਤਾ ਨੂੰ ਹਾਸਲ ਉਪਲਬੱਧੀਆਂ ਨੂੰ ਬਰਕਰਾਰ ਰੱਖਣ ਅਤੇ ਖੇਤਰੀ ਸਥਿਰਤਾ ਨੂੰ ਕਾਇਮ ਰੱਖਣ ਲਈ ਮਿਲ ਕੇ ਕੰਮ ਕਰਦੇ ਰਹਾਂਗੇ। ਅਫਗਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਦੀ ਸਫ਼ਲਤਾ ਦੀ ਕਾਮਨਾ ਕਰਦੇ ਹੋਏ ਬਲਿੰਕਨ ਨੇ ਮੰਨਿਆ ਅਫਗਾਨਿਸਤਾਨ ਵਿਚ ਕੋਈ ਫ਼ੌਜੀ ਹੱਲ ਸੰਭਵ ਨਹੀਂ ਹੈ ਅਤੇ ਤਾਲਿਬਾਨ ਅਤੇ ਸਰਕਾਰ ਵਿਚਾਲੇ ਸਮਝੌਤੇ ਨਾਲ ਹੀ ਕੋਈ ਸਥਾਈ ਹੱਲ ਨਿਕਲੇਗਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਸੰਘਰਸ਼ ਦੇ ਹੱਲ ਲਈ ਸਾਰੇ ਪੱਖਾਂ ਨੂੰ ਗੱਲਬਾਤ ਦੀ ਮੇਜ ’ਤੇ ਲਿਆਉਣ ਲਈ ਅਸੀਂ ਕੂਟਨੀਤਕ ਕੋਸ਼ਿਸ਼ ਵਿਚ ਲੱਗੇ ਹਾਂ। ਸਾਡੇ ਫ਼ੌਜੀਆਂ ਦੇ ਹਟਣ ਦੇ ਬਾਅਦ ਵੀ ਅਸੀਂ ਅਫਗਾਨਿਸਤਾਨ ਨਾਲ ਜੁੜੇ ਰਹਾਂਗੇ। ਨਾ ਸਿਰਫ਼ ਸਾਡੇ ਕੋਲ ਇਕ ਮਜ਼ਬੂਤ ਦੂਤਾਵਾਸ ਰਹੇਗਾ, ਸਗੋਂ ਦੇਸ਼ ਦੇ ਆਰਥਿਕ ਵਿਕਾਸ ਅਤੇ ਸੁਰੱਖਿਆ ਵਿਚ ਸਹਿਯੋਗ ਦੇ ਕਈ ਅਹਿਮ ਪ੍ਰੋਗਰਾਮ ਚੱਲਦੇ ਰਹਿਣਗੇ।  ਉਨ੍ਹਾਂ ਕਿਹਾ ਕਿ ਤਾਲਿਬਾਨ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਮਾਨਤਾ ਚਾਹੁੰਦਾ ਹੈ ਤਾਂ ਕਿ ਅਫਗਾਨਿਸਤਾਨ ਨੂੰ ਅੰਤਰਰਾਸ਼ਟਰੀ ਸਹਿਯੋਗ ਮਿਲੇ। ਤਾਲਿਬਾਨ ਚਾਹੁੰਦਾ ਹੈ ਕਿ ਉਸ ਦੇ ਨੇਤਾਵਾਂ ਨੂੰ ਵਿਸ਼ਵ ਵਿਚ ਮੁਕਤ ਆਵਾਜਾਈ ਦੀ ਛੋਟ ਮਿਲੇ ਅਤੇ ਉਨ੍ਹਾਂ ਤੋਂ ਪਾਬੰਦੀ ਹਟਾਈ ਜਾਏ ਪਰ ਦੇਸ਼ ’ਤੇ ਬਲਪੂਰਵਕ ਕਬਜ਼ਾ ਕਰਨਾ ਅਤੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨਾ ਉਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦਾ ਸਾਹੀ ਤਰੀਕਾ ਨਹੀਂ ਹੈ। ਸਿਰਫ਼ ਇਕ ਹੀ ਤਰੀਕਾ ਹੈ ਕਿ ਗੱਲਬਾਤ ਦੀ ਮੇਜ ’ਤੇ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਕੱਢਿਆ ਜਾਏ।ਇਸ ਲਈ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ।

Comment here