ਸਿਆਸਤਖਬਰਾਂਚਲੰਤ ਮਾਮਲੇ

ਭਾਰਤ ਦੇ 39 ਸਕੂਲਾਂ ਨੂੰ ਮਿਲਿਆ ‘ਸਵੱਛ ਵਿਦਿਆਲਿਆ ਪੁਰਸਕਾਰ’

ਨਵੀਂ ਦਿੱਲੀ-ਸਿੱਖਿਆ ਮੰਤਰਾਲਾ ਨੇ ਭਾਰਤ ਦੇ 39 ਸਕੂਲਾਂ ਨੂੰ ਅਕਾਦਮਿਕ ਸਾਲ 2021-22 ਲਈ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਪੁਰਸਕਾਰ ਲਈ 8.23 ਲੱਖ ਐਂਟਰੀਆਂ ਵਿਚੋਂ ਇਨ੍ਹਾਂ ਸਕੂਲਾਂ ਦੀ ਚੋਣ ਕੀਤੀ ਗਈ ਹੈ, ਜਿਸ ’ਚ 28 ਸਰਕਾਰੀ ਅਤੇ 11 ਪ੍ਰਾਈਵੇਟ ਸਕੂਲ ਸ਼ਾਮਲ ਹਨ। ਸਰਕਾਰੀ ਸਕੂਲਾਂ ਵਿਚ ਦੋ ਕਸਤੂਰਬਾ ਬਾਲਿਕਾ ਸਕੂਲ, ਇਕ ਨਵੋਦਿਆ ਸਕੂਲ ਅਤੇ ਤਿੰਨ ਕੇਂਦਰੀ ਸਕੂਲ ਸ਼ਾਮਲ ਹਨ।
ਇਸ ਮੌਕੇ ਕੇਂਦਰੀ ਸਿੱਖਿਆ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਨੇ ਕਿਹਾ ਕਿ ਸਕੂਲਾਂ ’ਚ ਸਾਫ਼-ਸਫ਼ਾਈ ਨੂੰ ਹੱਲਾ-ਸ਼ੇਰੀ ਦੇਣ ਲਈ ਸਰਕਾਰ ਨੇ ਸਕੂਲਾਂ ਲਈ ਸਵੱਛਤਾ ਕਾਰਜ ਯੋਜਨਾ ਗਰਾਂਟ ਸ਼ਾਮਲ ਕੀਤਾ ਹੈ, ਤਾਂ ਕਿ ਸਿੱਖਿਆ ਯੋਜਨਾ ਤਹਿਤ ਨਾਮਜ਼ਦ ਸਵੱਛਤਾ ਅਤੇ ਸਾਫ਼-ਸਫ਼ਾਈ ਦੀ ਵਿਵਸਥਾ ਕੀਤੀ ਜਾ ਸਕੇ। ਸਵੱਛ ਸਕੂਲ ਪੁਰਸਕਾਰ ਤਹਿਤ ਸਕੂਲਾਂ ਦਾ ਮੁਲਾਂਕਣ 6 ਮਾਪਦੰਡਾਂ ’ਤੇ ਕੀਤਾ ਜਾਂਦਾ ਹੈ, ਜਿਨ੍ਹਾਂ ’ਚ ਜਲ, ਪਖ਼ਾਨਾ, ਸਾਬੁਣ ਨਾਲ ਹੱਥ ਧੋਣਾ, ਵਿਵਹਾਰ ’ਚ ਬਦਲਾਅ, ਸਮਰੱਥਾ ਨਿਰਮਾਣ ਅਤੇ ਕੋਵਿਡ-19 ਨਾਲ ਜੁੜੀਆਂ ਤਿਆਰੀਆਂ ਅਤੇ ਪ੍ਰਤੀਕਿਰਿਆ ਸ਼ਾਮਲ ਹੈ।
ਮੰਤਰਾਲੇ ਦੇ ਅਨੁਸਾਰ ਪੁਰਸਕਾਰ ਪ੍ਰਾਪਤ ਕਰਨ ਵਾਲੇ 39 ਸਕੂਲਾਂ ਵਿਚੋਂ 17 ਐਲੀਮੈਂਟਰੀ ਸਿੱਖਿਆ ਪੱਧਰ ਅਤੇ 22 ਸੈਕੰਡਰੀ/ਸੀਨੀਅਰ ਸੈਕੰਡਰੀ ਪੱਧਰ ਦੇ ਹਨ। 9.59 ਲੱਖ ਸਕੂਲਾਂ ਵਿਚੋਂ 8.23 ਲੱਖ ਸਕੂਲਾਂ ਨੇ ਸਵੱਛ ਵਿਦਿਆਲਿਆ ਪੁਰਸਕਾਰ ਦੇ ਤੀਜੇ ਐਡੀਸ਼ਨ ਲਈ ਐਂਟਰੀਆਂ ਭੇਜੀਆਂ ਸਨ। ਇਸ ਤਹਿਤ ਸਮੁੱਚੀ ਸ਼੍ਰੇਣੀ ਦੇ 34 ਸਕੂਲਾਂ ਨੂੰ 60 ਹਜ਼ਾਰ ਰੁਪਏ ਦੇ ਨਕਦ ਇਨਾਮ ਅਤੇ ਉਪ ਸ਼੍ਰੇਣੀ ਦੇ ਹੋਰਨਾਂ ਸਕੂਲਾਂ ਨੂੰ 20 ਹਜ਼ਾਰ ਰੁਪਏ ਦੇ ਨਕਦ ਇਨਾਮ ਦਿੱਤੇ ਗਏ।

Comment here