ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਭਾਰਤ ਦੇ 10 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ-ਉੱਤਰੀ ਭਾਰਤ ਵਿਚ ਸਰਦੀ ਦੀ ਆਮਦ ਹੋ ਗਈ ਹੈ। ਕਈ ਸੂਬਿਆਂ ‘ਚ ਧੁੰਦ ਦਾ ਅਸਰ ਵੀ ਦਿਖਾਈ ਦੇਣ ਲੱਗਾ ਹੈ। ਪਹਾੜੀ ਰਾਜਾਂ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਦੱਖਣੀ ਭਾਰਤ ‘ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸ਼੍ਰੀਲੰਕਾ ਦੇ ਤੱਟ ਤੋਂ ਦੂਰ ਦੱਖਣ-ਪੱਛਮੀ ਬੰਗਾਲ ਦੀ ਖਾੜੀ ਉੱਤੇ ਇੱਕ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ।ਅਗਲੇ 24 ਘੰਟਿਆਂ ਵਿਚ ਇਸ ਦੇ ਹੋਰ ਤੇਜ਼ ਹੋਣ ਅਤੇ ਤਾਮਿਲਨਾਡੂ ਅਤੇ ਪੁਡੂਚੇਰੀ ਤੱਟਾਂ ਵੱਲ ਵਧਣ ਦੀ ਉਮੀਦ ਹੈ। ਆਈਐਮਡੀ ਦੇ ਅਨੁਸਾਰ ਉੱਤਰੀ ਤੱਟੀ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ ਅਤੇ ਆਸ ਪਾਸ ਦੇ ਖੇਤਰਾਂ ਵਿਚ ਕੁਝ ਥਾਵਾਂ ਉਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ।
ਤਾਮਿਲਨਾਡੂ ਦੇ 26 ਜ਼ਿਲਿ੍ਹਆਂ ਵਿਚ ਵਿਦਿਅਕ ਅਦਾਰੇ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਅੱਜ ਅਤੇ ਕੱਲ੍ਹ ਦੱਖਣੀ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਪੁਡੂਚੇਰੀ, ਮੰਨਾਰ ਦੀ ਖਾੜੀ ਅਤੇ ਨਾਲ ਲੱਗਦੇ ਕੋਮੋਰਿਨ ਖੇਤਰ ਦੇ ਨਾਲ-ਨਾਲ ਦੱਖਣ-ਪੱਛਮ ਅਤੇ ਨਾਲ ਲੱਗਦੇ ਪੱਛਮੀ-ਮੱਧ ਬੰਗਾਲ ਦੀ ਖਾੜੀ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ।
ਇਸ ਦੇ ਨਾਲ ਹੀ ਆਈਐਮਡੀ ਨੇ ਮਛੇਰਿਆਂ ਨੂੰ 13-14 ਨਵੰਬਰ ਦੇ ਦੌਰਾਨ ਦੱਖਣ-ਪੂਰਬ ਅਤੇ ਨਾਲ ਲੱਗਦੇ ਪੂਰਬੀ-ਮੱਧ ਅਰਬ ਸਾਗਰ ਅਤੇ ਕੇਰਲ ਦੇ ਤੱਟ, ਲਕਸ਼ਦੀਪ ਖੇਤਰ, ਮਾਲਦੀਵ ਤੱਟਾਂ ਵਿੱਚ ਨਾ ਜਾਣ ਦੀ ਅਪੀਲ ਕੀਤੀ ਹੈ।
ਉਧਰ, ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਉਤੇ ਪਿਛਲੇ ਕਈ ਦਿਨਾਂ ਤੋਂ ਬਰਫਬਾਰੀ ਦੇ ਨਾਲ-ਨਾਲ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਕਈ ਇਲਾਕਿਆਂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ।
ਆਈਐਮਡੀ ਨੇ ਅੱਜ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬਰਫ਼ਬਾਰੀ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦਾ ਅਸਰ ਉੱਤਰੀ ਭਾਰਤ ਵਿੱਚ ਦੇਖਣ ਨੂੰ ਮਿਲੇਗਾ।
ਅਗਲੇ 4 ਤੋਂ 5 ਦਿਨਾਂ ਵਿਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਉੜੀਸਾ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਠੰਡ ਵਧੇਗੀ।
ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ 12 ਨਵੰਬਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 14 ਡਿਗਰੀ ਅਤੇ ਵੱਧ ਤੋਂ ਵੱਧ 29 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਜਾ ਸਕਦਾ ਹੈ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਘੱਟੋ-ਘੱਟ ਤਾਪਮਾਨ 16 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਰਹੇਗਾ। ਇਸ ਤੋਂ ਇਲਾਵਾ ਸਵੇਰੇ ਧੁੰਦ ਛਾਈ ਰਹੇਗੀ। ਗਾਜ਼ੀਆਬਾਦ ਵਿੱਚ ਘੱਟੋ-ਘੱਟ ਤਾਪਮਾਨ 14 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਰਹੇਗਾ, ਇਸ ਦੇ ਨਾਲ ਹੀ ਧੁੰਦ ਛਾਈ ਰਹੇਗੀ।

Comment here