ਨਵੀਂ ਦਿੱਲੀ-ਹੁਣੇ ਜਿਹੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੋਹਨ ਭਾਗਵਤ ਨੇ ਲੋਕਾਂ ਨੂੰ ‘ਇੰਡੀਆ’ ਦੀ ਜਗ੍ਹਾ ਭਾਰਤ ਨਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਇਸ ਦੇਸ਼ ਦਾ ਨਾਂ ਸਦੀਆਂ ਤੋਂ ਭਾਰਤ ਹੈ, ਇੰਡੀਆ ਨਹੀਂ। ਇਸ ਲਈ ਸਾਨੂੰ ਇਸ ਦੇ ਪੁਰਾਣੇ ਨਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਆਜ਼ਾਦੀ ਦੇ ਅੰਮ੍ਰਿਤਕਾਲ ’ਚ ਗੁਲਾਮੀ ਦੀ ਮਾਨਸਿਕਤਾ ਅਤੇ ਗੁਲਾਮੀ ਨਾਲ ਸਬੰਧਿਤ ਹਰ ਪ੍ਰਤੀਕ ਤੋਂ ਦੇਸ਼ ਤੇ ਦੇਸ਼ਵਾਸੀਆਂ ਨੂੰ ਮੁਕਤੀ ਦਿਵਾਉਣ ਦੇ ਮਿਸ਼ਨ ’ਚ ਜੁੱਟੀ ਮੋਦੀ ਸਰਕਾਰ ਆਉਣ ਵਾਲੇ ਦਿਨਾਂ ’ਚ ਭਾਰਤ ਦੇ ਸੰਵਿਧਾਨ ’ਚੋਂ ‘ਇੰਡੀਆ’ ਸ਼ਬਦ ਨੂੰ ਵੀ ਹਟਾਉਣ ਦੀ ਤਿਆਰੀ ’ਚ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ 18 ਤੋਂ 22 ਸਤੰਬਰ ਵਿਚਾਲੇ ਆਯੋਜਿਤ ਕੀਤੇ ਜਾਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ ’ਚ ਇਸ ਪ੍ਰਸਤਾਵ ਨਾਲ ਜੁੜੇ ਬਿੱਲ ਨੂੰ ਪੇਸ਼ ਕਰ ਸਕਦੀ ਹੈ।
ਹਾਲਾਂਕਿ ਭਾਰਤ ’ਚ ਆਯੋਜਿਤ ਜੀ-20 ਦੇ ਸਫ਼ਲ ਸੰਮੇਲਨ, ਵਿਸ਼ਵ ਪੱਧਰ ’ਤੇ ਵੱਧ ਰਹੇ ਭਾਰਤ ਦੇ ਕੱਦ, ਚੰਦਰਯਾਨ-3 ਨੂੰ ਲੈ ਕੇ ਮਿਲੀ ਇਤਿਹਾਸਕ ਕਾਮਯਾਬੀ ਅਤੇ ਆਜ਼ਾਦੀ ਦੇ ਅੰਮ੍ਰਿਤਕਾਲ ’ਚ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਮਿਸ਼ਨ ਤੇ ਰੋਡਮੈਪ ਸਬੰਧੀ ਸੰਸਦ ਦੇ ਇਸ ਵਿਸ਼ੇਸ਼ ਸੈਸ਼ਨ ’ਚ ਚਰਚਾ ਹੋਣ ਦੀ ਸੰਭਾਵਨਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਸੰਵਿਧਾਨ ’ਚੋਂ ‘ਇੰਡੀਆ’ ਸ਼ਬਦ ਨੂੰ ਹਟਾਉਣਾ ਵੀ ਮੋਦੀ ਸਰਕਾਰ ਦੇ ਏਜੰਡੇ ’ਚ ਸ਼ਾਮਲ ਹੋ ਸਕਦਾ ਹੈ। ਸੰਸਦ ਦੇ ਆਗਾਮੀ ਵਿਸ਼ੇਸ਼ ਸੈਸ਼ਨ ਦਾ ਏਜੰਡਾ ਅਧਿਕਾਰਤ ਤੌਰ ’ਤੇ ਆਉਣਾ ਅਜੇ ਬਾਕੀ ਹੈ।
ਭਾਰਤ ਦੇ ਸੰਵਿਧਾਨ ’ਚੋਂ ‘ਇੰਡੀਆ’ ਸ਼ਬਦ ਹਟਾ ਸਕਦੀ ਸਰਕਾਰ

Comment here