ਆਪ ਹੀ ਕੀ ਹੈ ਅਦਾਲਤ
ਆਪ ਹੀ ਮੁਨਸਿਫ਼ ਭੀ ਹੈਂ,
ਯੇ ਤੋ ਕਹੀਏ ਆਪ ਕੇ
ਐਬ-ਓ-ਹੁਨਰ ਦੇਖੇਗਾ ਕੌਨ?
ਇਹ ਸ਼ਿਅਰ ਭਾਰਤ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਅਜੇ ਤੱਕ ਵੀ ਗ੍ਰਹਿ ਰਾਜ ਮੰਤਰੀ ਬਣੇ ਰਹਿਣ ‘ਤੇ ਪੂਰੀ ਤਰ੍ਹਾਂ ਢੁਕਦਾ ਹੈ। ਹੁਣ ਜਦੋਂ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ਵਲੋਂ ਹੀ ਬਣਾਈ ਐਸ.ਆਈ.ਟੀ. ਨੇ ਜਾਂਚ ਕਰਕੇ ਇਹ ਰਿਪੋਰਟ ਦੇ ਦਿੱਤੀ ਹੈ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ਵਿਚ ਹੋਈ ਘਟਨਾ ਕੋਈ ਕੁਦਰਤੀ ਹਾਦਸਾ ਨਹੀਂ ਸੀ ਤੇ ਨਾ ਹੀ ਇਹ ਕੋਈ ਆਪਣੀ ਜਾਨ ਦਾ ਖ਼ਤਰਾ ਵੇਖ ਕੇ ਕਾਹਲੀ ਵਿਚ ਚੁੱਕਿਆ ਗਿਆ ਕਦਮ ਸੀ, ਸਗੋਂ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਤਿਕੁਨੀਆ ਵਿਚ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੀ ਘਟਨਾ ਇਕ ਸੋਚੀ-ਸਮਝੀ ਸਾਜਿਸ਼ ਸੀ। ਇਸ ਮਾਮਲੇ ਵਿਚ ਸੁਯੋਗ ਅਦਾਲਤ ਨੇ ਇਰਾਦਾ ਕਤਲ ਦੀ ਧਾਰਾ 307 ਸਮੇਤ ਹੋਰ ਕਈ ਗੰਭੀਰ ਧਾਰਾਵਾਂ ਲਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ ਤਾਂ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਇਕ ਪਾਸੇ ਕਿਸਾਨ ਅੰਦੋਲਨ ਦਾ ਝਗੜਾ ਨਿਪਟਾਉਣ ਲਈ ਤਿੰਨੇ ਕਾਨੂੰਨ ਵਾਪਸ ਲੈ ਲੈਂਦੇ ਹਨ ਤੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਮੰਨਣ ਲਈ ਕਮੇਟੀ ਬਣਾਉਣ ਦੀ ਗੱਲ ਵੀ ਕਰਦੇ ਹਨ। ਦੂਜੇ ਪਾਸੇ ਉਹੀ ਪ੍ਰਧਾਨ ਮੰਤਰੀ ਲੋਕਾਂ ਨੂੰ ਇਸ ਕਾਂਡ ਵਿਚ ਇਨਸਾਫ਼ ਮਿਲਣ ਦਾ ਯਕੀਨ ਦਿਵਾਉਣ ਲਈ ਉਸ ਰਾਜ ਮੰਤਰੀ ਨੂੰ ਬਰਖ਼ਾਸਤ ਨਹੀਂ ਕਰਦੇ ਜਾਂ ਘੱਟੋ-ਘੱਟ ਅਸਤੀਫ਼ਾ ਦੇਣ ਲਈ ਵੀ ਨਹੀਂ ਕਹਿੰਦੇ, ਜਿਸ ਰਾਜ ਮੰਤਰੀ ਦਾ ਪੁੱਤਰ ਇਸ ਕਾਂਡ ਦਾ ਮੁੱਖ ਦੋਸ਼ੀ ਹੀ ਨਾ ਹੋਵੇ, ਸਗੋਂ ਖ਼ੁਦ ਰਾਜ ਮੰਤਰੀ ਹੀ ਸਾਜਿਸ਼ ਕਰਨ ਵਾਲਾ ਇਕ ਕਿਰਦਾਰ ਮੰਨਿਆ ਜਾ ਰਿਹਾ ਹੋਵੇ।
ਅਸੀਂ ਸਮਝਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਘੱਟੋ-ਘੱਟ ਹੁਣ ਤਾਂ ਆਪਣੇ ਵਕਾਰ ਤੇ ਸਤਿਕਾਰ ਲਈ ਹੀ ਇਸ ਮੰਤਰੀ ਨੂੰ ਆਪਣੇ ਮੰਤਰੀ ਮੰਡਲ ਵਿਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਪਰ ਅਜਿਹਾ ਕੀਤਾ ਨਹੀਂ ਜਾ ਰਿਹਾ ਸਗੋਂ ਸੰਸਦ ਦੇ ਦੋਵੇਂ ਸਦਨਾਂ ਵਿਚ ਇਸ ਮਾਮਲੇ ‘ਤੇ ਚਰਚਾ ਤੱਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਬੇਸ਼ੱਕ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਕੇਂਦਰੀ ਰਾਜ ਮੰਤਰੀ ਨੂੰ ਉੱਤਰ ਪ੍ਰਦੇਸ਼ ਦੀਆਂ ਚੋਣਾਂ ਕਰਕੇ ਬਚਾਇਆ ਜਾ ਰਿਹਾ ਹੈ। ਪਰ ਪ੍ਰਧਾਨ ਮੰਤਰੀ ਜੀ ਯਾਦ ਰੱਖੋ ਜੇਕਰ ਇਹ ਪ੍ਰਭਾਵ ਬਣਦਾ ਹੈ ਕਿ ਤੁਹਾਡੀ ਸਰਕਾਰ ਇਨਸਾਫ਼ ਦੇਣ ਲਈ ਤਿਆਰ ਨਹੀਂ ਤਾਂ ਇਹ ਤੁਹਾਡੇ ਕੀਤੇ ਚੰਗੇ ਕੰਮਾਂ ਦਾ ਅਸਰ ਵੀ ਖ਼ਤਮ ਕਰੇਗਾ ਅਤੇ ਇਸ ਦਾ ਚੋਣਾਂ ‘ਤੇ ਵੀ ਚੰਗਾ ਅਸਰ ਨਹੀਂ ਪੈਣ ਲੱਗਾ।
ਮੁਨਸਿਫ਼ ਹੋ ਅਗਰ ਤੁਮ ਤੋ
ਕਬ ਇਨਸਾਫ਼ ਕਰੋਗੇ?
ਮੁਜਰਿਮ ਹੈਂ ਅਗਰ ਹਮ ਤੋ
ਸਜ਼ਾ ਕਿਉਂ ਨਹੀਂ ਦੇਤੇ?
ਪੰਜਾਬ ਦੀ ਰਾਜਨੀਤੀ ਦੇ ਖੁੱਲ੍ਹਦੇ ਵਰਕੇ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਿਨੋ-ਦਿਨ ਨਜ਼ਦੀਕ ਆ ਰਹੀਆਂ ਹਨ ਤੇ ਪੰਜਾਬ ਦੀ ਰਾਜਨੀਤੀ ਦੀ ਕਿਤਾਬ ਦੇ ਵਰਕੇ ਵੀ ਹੌਲੀ-ਹੌਲੀ ਖੁੱਲ੍ਹਦੇ ਜਾ ਰਹੇ ਹਨ। ਤਸਵੀਰ ਕੁਝ-ਕੁਝ ਸਪੱਸ਼ਟ ਹੁੰਦੀ ਜਾ ਰਹੀ ਹੈ। ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਹਨ, ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਬਹੁਤੀਆਂ ਥਾਵਾਂ ‘ਤੇ 4 ਅਤੇ 5 ਕੋਨੇ ਮੁਕਾਬਲੇ ਹੋਣਗੇ। ਕਿਉਂਕਿ 4 ਪ੍ਰਮੁੱਖ ਰਾਜਸੀ ਧਿਰਾਂ ਕਾਂਗਰਸ, ਆਪ, ਅਕਾਲੀ-ਬਸਪਾ ਗੱਠਜੋੜ ਤੇ ਸੰਭਾਵਿਤ ਭਾਜਪਾ-ਪੰਜਾਬ ਲੋਕ ਕਾਂਗਰਸ ਗੱਠਜੋੜ ਤਾਂ ਸਾਹਮਣੇ ਹੀ ਹਨ। ਪਰ ਹੁਣ ਜਦੋਂ ਜਾਪਦਾ ਹੈ ਕਿ ਅਜਿਹੀ ਸਥਿਤੀ ਵਿਚ 25 ਤੋਂ 30 ਕੁ ਫ਼ੀਸਦੀ ਵੋਟਾਂ ਲੈਣ ਵਾਲਾ ਉਮੀਦਵਾਰ ਵੀ ਜੇਤੂ ਹੋ ਸਕਦਾ ਹੈ ਤਾਂ ਜ਼ਰੂਰੀ ਹੈ ਕਿ ਕੁਝ ਥਾਵਾਂ ‘ਤੇ ਚੰਗੇ ਅਕਸ ‘ਤੇ ਪ੍ਰਭਾਵ ਵਾਲੇ ਆਜ਼ਾਦ ਉਮੀਦਵਾਰ ਵੀ ਮੁਕਾਬਲੇ ਵਿਚ ਆਉਣਗੇ ਤੇ ਜਿੱਤ ਵੀ ਸਕਦੇ ਹਨ। ਜਿਸ ਕਰਕੇ ਕਈ ਥਾਵਾਂ ‘ਤੇ ਮੁਕਾਬਲੇ 5 ਕੋਨੇ ਹੋਣ ਦੀ ਸੰਭਾਵਨਾ ਵੀ ਹੈ। ਪਰ ਅਜੇ ਵੀ ਸਮਾਂ ਹੈ ਜੇ ਕੋਈ ਹੋਰ ਧਿਰ ਵੀ ਅੱਗੇ ਆ ਜਾਵੇ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਬੇਸ਼ੱਕ ਇਹ ਸਥਿਤੀ ਲਟਕਵੀਂ ਵਿਧਾਨ ਸਭਾ ਵੱਲ ਹੀ ਇਸ਼ਾਰਾ ਕਰਦੀ ਹੈ ਪਰ ਇਹ ਸਥਿਤੀ ਕਿਸੇ ਧਿਰ ਲਈ ਵਰਦਾਨ ਵੀ ਬਣ ਸਕਦੀ ਹੈ, ਕਿਉਂਕਿ ਜਿਸ ਧਿਰ ਵੱਲ ਵੀ ਥੋੜ੍ਹੀ ਜਿਹੀ ਹਵਾ ਚੱਲੀ, ਉਹ ਬਹੁਮਤ ਲਿਜਾਣ ਵਿਚ ਸੌਖਿਆਂ ਹੀ ਸਫਲ ਹੋ ਸਕਦੀ ਹੈ। ਪਰ ਸਥਿਤੀ ਕੁਝ ਸਪੱਸ਼ਟ ਹੁੰਦੇ-ਹੁੰਦੇ ਅਜੇ ਕੁਝ ਹਫ਼ਤੇ ਲੱਗ ਜਾਣਗੇ। ਉਂਜ ਇਨ੍ਹਾਂ ਚਾਰਾਂ ਧਿਰਾਂ ਦੇ ਅੰਦਰ ਵੀ ਫੁੱਟ ਤੇ ਆਪਸੀ ਵਿਰੋਧ ਕਾਫੀ ਹੈ।
ਸਭ ਤੋਂ ਵੱਧ ਅੰਤਰ ਵਿਰੋਧ ਤੇ ਧੜੇਬੰਦੀ ਹੁਕਮਰਾਨ ਪੰਜਾਬ ਕਾਂਗਰਸ ਵਿਚ ਹੀ ਨਜ਼ਰ ਆਉਂਦੀ ਹੈ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ‘ਪੰਜਾਬ ਏਜੰਡਾ’ ਆਕਰਸ਼ਿਤ ਤਾਂ ਜ਼ਰੂਰ ਕਰਦਾ ਹੈ ਪਰ ਉਨ੍ਹਾਂ ਦੀ ਖ਼ੁਦਪ੍ਰਸਤੀ ਜਾਂ ‘ਮੈਂ’ ਬਹੁਤ ਵੱਡੀ ਹੈ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦੇ ਹੋਏ ਕਿਤੇ ਵੀ ਇਹ ਕਹਿੰਦੇ ਸੁਣਾਈ ਨਹੀਂ ਦਿੰਦੇ ਕਿ ਇਹ ਏਜੰਡਾ ਪੰਜਾਬ ਕਾਂਗਰਸ ਦਾ ਹੈ ਜਾਂ ਕਾਂਗਰਸ ਦੇ ਦੁਬਾਰਾ ਸੱਤਾ ਵਿਚ ਆਉਣ ‘ਤੇ ਕਾਂਗਰਸ ਇਹ ਕਰੇਗੀ, ਪਰ ਉਹ ਸਿਰਫ ਇਹੀ ਕਹਿੰਦੇ ਹਨ ਕਿ ਮੈਂ ਇਹ ਕਰਾਂਗਾ ਜਾਂ ਮੈਂ ਔਹ ਕਰਾਂਗਾ। ਉਹ ਅਜੇ ਤੱਕ ‘ਮੈਂ’ ਤੋਂ ‘ਅਸੀਂ’ ਤੱਕ ਨਹੀਂ ਪੁੱਜੇ, ਭਾਵੇਂ ਕਿ ਇਸ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਹੁਤ ਸੰਭਲ ਕੇ ਬੋਲ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਭਾਵੇਂ ਅਜੇ ਕੋਈ ਦਾਅਵਾ ਨਹੀਂ ਜਤਾ ਰਹੇ ਪਰ ਸਮੇਤ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ ਅਤੇ ਮਨਪ੍ਰੀਤ ਸਿੰਘ ਬਾਦਲ ਸਭ ਦੀਆਂ ਅੱਖਾਂ ਮੁੱਖ ਮੰਤਰੀ ਦੇ ਅਹੁਦੇ ‘ਤੇ ਹੀ ਹਨ। ਇਸ ਤਰ੍ਹਾਂ ਪੰਜਾਬ ਕਾਂਗਰਸ ਵਿਚ 5 ਧੜੇ ਤਾਂ ਸਾਫ਼ ਦਿਖਾਈ ਦੇ ਹੀ ਰਹੇ ਹਨ। ਟਿਕਟਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਛੱਡਣ ਵਾਲਿਆਂ ਦੀ ਗਿਣਤੀ ਤੇ ਸਮਰੱਥਾ ਵੀ ਕਾਫੀ ਵੱਡੀ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦਿਨ-ਬ-ਦਿਨ ਖਿੱਲਰਦੀ ਜਾ ਰਹੀ ਹੈ। ਉਸ ਦੇ ਵਿਧਾਇਕ ਇਕ-ਇਕ ਕਰਕੇ ਛੱਡਦੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਸਾਡੀ ਸਮਝ ਅਨੁਸਾਰ ਅਜੇ ਵੀ ‘ਆਪ’ ਪੰਜਾਬ ਚੋਣਾਂ ਦੀ ਸੱਤਾ ਦੀ ਦਾਅਵੇਦਾਰੀ ਦੀ ਦੌੜ ਵਿਚ ਪੂਰੀ ਤਰ੍ਹਾਂ ਸ਼ਾਮਿਲ ਹੈ। ਜੇਕਰ ਕੋਈ ਕਿਸਾਨ ਨੇਤਾ ਆਪ ਦਾ ਮੁੱਖ ਮੰਤਰੀ ਦਾ ਚਿਹਰਾ ਬਣ ਗਿਆ ਅਤੇ ਪਾਰਟੀ ਦੇ ਮੌਜੂਦਾ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਪ੍ਰਵਾਨ ਕਰ ਲਿਆ ਤਾਂ ਪੰਜਾਬ ਵਿਚ ਵੋਟਾਂ ਦੀ ਇਕ ਨਵੀਂ ਸਫ਼ਬੰਦੀ ਹੋ ਜਾਵੇਗੀ, ਜਿਸ ਦਾ ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਨੂੰ ਹੋਣ ਦਾ ਖ਼ਤਰਾ ਹੈ।
ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਦੀ ਤੂਤੀ ਅੱਜ ਵੀ ਬੋਲਦੀ ਹੈ। ਹੁਣ ਪਾਰਟੀ ਦੋਫਾੜ ਕਰਨ ਦੀ ਸਮਰੱਥਾ ਵਾਲਾ ਕੋਈ ਲੀਡਰ ਸੁਖਬੀਰ ਬਾਦਲ ਨੂੰ ਚੁਣੌਤੀ ਨਹੀਂ ਦੇ ਰਿਹਾ ਪਰ ਫਿਰ ਵੀ ਅਕਾਲੀ ਦਲ ਵਿਚੋਂ ਲੋਕ ਦੂਸਰੀਆਂ ਪਾਰਟੀਆਂ ਵਿਚ ਜਾ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਰਹੇ ਲੋਕ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ। ਅਕਾਲੀ ਦਲ ਦੀ ਮੋਗਾ ਰੈਲੀ ਦਾ ਪ੍ਰਭਾਵ ਬੇਸ਼ੱਕ ਅਕਾਲੀ ਦਲ ਦੀਆਂ ਆਪਣੀਆਂ ਸਫ਼ਾਂ ਨੂੰ ਹੁਲਾਰਾ ਦੇ ਰਿਹਾ ਹੈ ਪਰ ਅਕਾਲੀ ਦਲ ਇਕ ਪਾਸੇ ਆਪਣੇ ਸਿੱਖੀ ਵਿਰਸੇ ਦੇ 100 ਸਾਲਾਂ ਦਾ ਪ੍ਰਚਾਰ ਕਰ ਰਿਹਾ ਹੈ ਤੇ ਦੂਜੇ ਪਾਸੇ ਇਸ ਦੇ ਕਈ ਗ਼ੈਰ-ਕੇਸਾਧਾਰੀ ਸਿੱਖਾਂ ਦਾ ਅਹੁਦੇਦਾਰ ਹੋਣਾ ਇਸ ਪ੍ਰਚਾਰ ਨੂੰ ਕਮਜ਼ੋਰ ਕਰਦਾ ਵੀ ਨਜ਼ਰ ਆ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਪ੍ਰਚਾਰ ਮੁਹਿੰਮ ਵਿਚ ਸੁਖਬੀਰ ਸਿੰਘ ਬਾਦਲ ਸਭ ਤੋਂ ਵੱਧ ਮਿਹਨਤ ਕਰ ਰਹੇ ਹਨ ਪਰ ਅਜੇ ਵੀ ਅਕਾਲੀ ਦਲ ਆਮ ਲੋਕਾਂ ਵਿਚ ਆਪਣਾ ਅਕਸ ਸੁਧਾਰਨ ਵਿਚ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ। ਚੌਥੇ ਪਾਸੇ ਕੈਪਟਨ-ਭਾਜਪਾ ਸਮਝੌਤਾ ਹੋਣ ਦੇ ਆਸਾਰ ਕਾਫ਼ੀ ਹਨ। ਭਾਜਪਾ ਵਿਚ ਸ਼ਾਮਿਲ ਹੋਣ ਵਾਲਿਆਂ ਦੀ ਦੌੜ ਜਿਹੀ ਲੱਗੀ ਹੋਈ ਹੈ ਜਦੋਂ ਕਿ ਸੰਯੁਕਤ ਅਕਾਲੀ ਦਲ ਕੈਪਟਨ-ਭਾਜਪਾ ਗੱਠਜੋੜ ਵਿਚ ਸ਼ਾਮਿਲ ਹੋਣ ਜਾਂ ਨਾ ਹੋਣ ਬਾਰੇ ਬੁਰੀ ਤਰ੍ਹਾਂ ਦੁਚਿੱਤੀ ਵਿਚ ਹੈ ਤੇ ਉਸ ਵਿਚ ਭਾਜਪਾ ਨਾਲ ਜਾਣ ਜਾਂ ਨਾ ਜਾਣ ਨੂੰ ਲੈ ਕੇ ਵੀ ਤਿੱਖੀ ਧੜੇਬੰਦੀ ਦਿਖਾਈ ਦੇ ਰਹੀ ਹੈ ਪਰ ਭਾਜਪਾ ਵਿਚ ਬਾਹਰੀ ਤੌਰ ‘ਤੇ ਕੋਈ ਫੁੱਟ ਨਾ ਹੋਣ ਦੇ ਬਾਵਜੂਦ ਧੜੇਬੰਦੀ ਕਾਫੀ ਤਿੱਖੀ ਹੈ ਤੇ ਇਹ ਟਿਕਟਾਂ ਦੀ ਵੰਡ ਵੇਲੇ ਸਾਹਮਣੇ ਆ ਸਕਦੀ ਹੈ। ਪਰ ਅਜੇ ਤੱਕ ਭਾਜਪਾ ਚੋਣ ਮੈਦਾਨ ਵਿਚ ਕਿਸ ਸਥਿਤੀ ਵਿਚ ਹੋਵੇਗੀ, ਇਸ ਬਾਰੇ ਕੁਝ ਵੀ ਕਹਿਣਾ ਵਕਤ ਤੋਂ ਪਹਿਲਾਂ ਦੀ ਗੱਲ ਹੈ। ਅਸਲ ਵਿਚ ਪੰਜਾਬ ਦੇ ਰਾਜਨੀਤਕ ਅਸਮਾਨ ਦੀ ਹਾਲਤ ਅਜੇ ਅਜਿਹੀ ਹੈ ਕਿ
ਧੂੰਆਂ ਧੂੰਆਂ ਹੈ ਫਜ਼ਾ ਰੌਸ਼ਨੀ ਬਹੁਤ ਕਮ ਹੈ॥
ਜਹਾਂ ਪੇ ਹਮ ਹੈਂ ਵਹਾਂ ਚਾਂਦਨੀ ਬਹੁਤ ਕਮ ਹੈ॥
ਕਿਸਾਨ ਜਥੇਬੰਦੀਆਂ ਤੇ ਪੰਜਾਬ ਚੋਣਾਂ
ਭਾਵੇਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਹੋਈ ਕਿਸਾਨ ਜਥੇਬੰਦੀਆਂ ਦੀ ਗੁਪਤ ਮੀਟਿੰਗ ਬਾਰੇ ਸਾਰੇ ਆਗੂ ਹੀ ਇਹ ਰਹਿ ਰਹੇ ਹਨ ਕਿ ਅੱਜ ਦੀ ਮੀਟਿੰਗ ਜਿੱਤ ਦੀ ਖੁਸ਼ੀ ਵਿਚ ਪਾਰਟੀ ਤੋਂ ਵੱਧ ਕੁਝ ਨਹੀਂ ਸੀ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਬੁਲਾਈਆਂ ਗਈਆਂ ਕਰੀਬ 2 ਦਰਜਨ ਕਿਸਾਨ ਜਥੇਬੰਦੀਆਂ ਵਿਚੋਂ 21 ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ ਤੇ ਉਨ੍ਹਾਂ ਵਿਚੋਂ ਕਰੀਬ ਡੇਢ ਦਰਜਨ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਹੱਕ ਵਿਚ ਸਨ। ਪਤਾ ਲੱਗਾ ਹੈ ਕਿ ਕਰੀਬ 5 ਘੰਟੇ ਚੱਲੀ ਮੀਟਿੰਗ ਵਿਚ ਬਹੁਤੀਆਂ ਜਥੇਬੰਦੀਆਂ ਆਪ, ਕਾਂਗਰਸ, ਅਕਾਲੀ ਦਲ ਜਾਂ ਕਿਸੇ ਵੀ ਹੋਰ ਰਾਜਸੀ ਪਾਰਟੀ ਨਾਲ ਮਿਲ ਕੇ ਚੋਣ ਲੜਨ ਨਾਲੋਂ ਕਿਸਾਨ, ਮਜ਼ਦੂਰ ਤੇ ਛੋਟੇ ਵਪਾਰੀਆਂ ਦਾ ਫਰੰਟ ਬਣਾ ਕੇ ਚੋਣ ਲੜਨ ਦੇ ਹੱਕ ਵਿਚ ਸਨ। ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਬਲਵੀਰ ਸਿੰਘ ਰਾਜੇਵਾਲ ਨੇ ਆਪ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਉਨ੍ਹਾਂ ਨੂੰ ਦਿੱਤੀ ਪੇਸ਼ਕਸ਼ ਬਾਰੇ ਵੀ ਦੱਸਿਆ ਜਿਸ ਅਨੁਸਾਰ ਉਨ੍ਹਾਂ ਨੂੰ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਪੰਜਾਬ ਦੀਆਂ ਜ਼ਰੂਰਤਾਂ ਅਤੇ ਮੰਗਾਂ ਅਨੁਸਾਰ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ ਅਤੇ ਆਪ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਦਖ਼ਲ ਨਹੀਂ ਦੇਵੇਗੀ। ਇਹ ਵੀ ਪਤਾ ਲੱਗਾ ਹੈ ਕਿ ਰਾਜੇਵਾਲ ਨੂੰ ਆਮ ਆਦਮੀ ਪਾਰਟੀ ਵਲੋਂ ਕਿਹਾ ਗਿਆ ਸੀ ਕਿ ਕਿਸਾਨ ਜਥੇਬੰਦੀਆਂ ਦੀ ਹਮਾਇਤ ਅਨੁਸਾਰ 15 ਤੋਂ 30 ਉਮੀਦਵਾਰ ਕਿਸਾਨ ਜਥੇਬੰਦੀਆਂ ਅਤੇ ਰਾਜੇਵਾਲ ਦੀ ਮਰਜ਼ੀ ਦੇ ਖੜ੍ਹੇ ਕਰਨਗੇ। ਇਹ ਵੀ ਪਤਾ ਲੱਗਾ ਕਿ ਰਾਜੇਵਾਲ ਦੇ ਸਾਰੇ ਪੁਰਾਣੇ ਸਾਥੀ ਇਸ ਲਈ ਸਹਿਮਤ ਸਨ ਪਰ ਅੱਜ ਦੀ ਮੀਟਿੰਗ ਤੋਂ ਬਾਅਦ ਨਵੀਂ ਬਣੀ ਸਥਿਤੀ ਕੀ ਕਰਵਟ ਲੈਂਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਪਤਾ ਲੱਗਾ ਹੈ ਕਿ ਅਜੇ ਕੋਈ ਅਹਿਮ ਫ਼ੈਸਲਾ ਨਹੀਂ ਲਿਆ ਗਿਆ।
-ਹਰਜਿੰਦਰ ਸਿੰਘ ਲਾਲ
Comment here