ਸਿਆਸਤਸਿਹਤ-ਖਬਰਾਂਖਬਰਾਂ

ਭਾਰਤ ਦੀ ਪਹਿਲੀ ‘ਨੇਜ਼ਲ ਵੈਕਸੀਨ’ ਲਾਂਚ

ਨਵੀਂ ਦਿੱਲੀ-ਗਣਤੰਤਰ ਦਿਵਸ ਮੌਕੇ ਭਾਰਤ ’ਚ ਬਣੀ ਪਹਿਲੀ ਇੰਟ੍ਰੋਨੇਜ਼ਲ ਕੋਵਿਡ ਵੈਕਸੀਨ ਲਾਂਚ ਕਰ ਦਿੱਤੀ ਗਈ ਹੈ। ਸਿਹਤ ਮੰਤਰੀ ਮਨਸੁਖ ਮੰਡਾਵੀਆ, ਵਿਗਿਆਨ ਅਤੇ ਤਕਨੀਕੀ ਮੰਤਰੀ ਜਿਤੇਂਦਰ ਸਿੰਘ ਨੇ ਭਾਰਤ ਬਾਇਓਟੈੱਕ ਦੀ ਨੇਜ਼ਲ ਕੋਵਿਡ ਵੈਕਸੀਨ ‘iNCOVACC’ ਲਾਂਚ ਕੀਤੀ। ਇਸਨੂੰ ਪਹਿਲਾਂ BBV154 ਨਾਂ ਦਿੱਤਾ ਗਿਆ ਸੀ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 23 ਦਸੰਬਰ 2022 ਨੂੰ ਭਾਰਤ ਬਾਇਓਟੈੱਕ ਦੀ ਨੇਜ਼ਲ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ। ਇਹ ਵੈਕਸੀਨ ਬੂਸਟਰ ਡੋਜ਼ ਦੇ ਤੌਰ ’ਤੇ ਲੱਗ ਸਕੇਗੀ। ਨੇਜ਼ਲ ਵੈਕਸੀਨ ਸ਼ੁਰੂਆਤ ’ਚ ਪ੍ਰਾਈਵੇਟ ਹਸਪਤਾਲਾਂ ’ਚ ਲੱਗੇਗੀ। ਇਸ ਵੈਕਸੀਨ ਨੂੰ ਸਰਕਾਰ ਨੇ ਭਾਰਤ ਦੇ ਕੋਵਿਡ 19 ਵੈਕਸੀਨੇਸ਼ਨ ਪ੍ਰੋਗਰਾਮ ’ਚ ਵੀ ਸ਼ਾਮਲ ਕੀਤਾ ਹੈ। ਇਸ ਲਈ ਸਰਕਾਰ ਦੁਆਰਾ ਫੰਡਿੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਭਾਰਤ ਬਾਇਓਟੈੱਕ ਦੀ ਇੰਟ੍ਰੋਨੇਜ਼ਲ ਕੋਵਿਡ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਸੀ।
ਇੰਨੀ ਹੈ ਕੀਮਤ
iNCOVACC ਹੁਣ CoWIN ਐਪ ’ਤੇ ਉਪਲੱਬਧ ਹੈ ਅਤੇ ਇਸਦੀ ਕੀਮਤ ਨਿੱਜੀ ਬਾਜ਼ਾਰਾਂ ਲਈ 800 ਰੁਪਏ ਅਤੇ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਸਪਲਾਈ ਲਈ 325 ਰੁਪਏ ਰੱਖੀ ਗਈ ਹੈ। ਇਹ ਇੰਟ੍ਰੋਨੇਜ਼ਲ ਵੈਕਸੀਨ ਸਟੋਰੇਜ ਅਤੇ ਡਿਸਟ੍ਰੀਬਿਊਸ਼ਨ ਲਈ 2 ਤੋਂ 8 ਡਿਗਰੀ ਸੈਲਸੀਅਸ ’ਤੇ ਸਥਿਰ ਰਹਿ ਸਕਦੀ ਹੈ ਅਤੇ ਇਸਨੂੰ ਆਸਾਨੀ ਨਾਲ ਇੱਧਰ-ਓਧਰ ਲਿਜਾਇਆ ਜਾ ਸਕਦਾ ਹੈ। ਇਸਨੂੰ ਵਾਸ਼ਿੰਗਟਨ ਯੂਨੀਵਰਸਿਟੀ, ਸੈਂਟ ਲੁਈਸ ਦੇ ਨਾਲ ਸਾਂਝੇਦਾਰੀ ’ਚ ਤਿਆਰ ਕੀਤਾ ਗਿਆ ਹੈ।
ਕਿਵੇਂ ਇਸਤੇਮਾਲ ਹੁੰਦੀ ਹੈ ਨੇਜ਼ਲ ਵੈਕਸੀਨ?
ਇਹ ਵੈਕਸੀਨ ਨੱਕ ਰਾਹੀਂ ਸਪ੍ਰੇ ਕਰਕੇ ਦਿੱਤੀ ਜਾਂਦੀ ਹੈ, ਮਤਲਬ ਵੈਕਸੀਨ ਲੈਣ ਵਾਲੇ ਦੀ ਬਾਂਹ ’ਤੇ ਟੀਕਾ ਨਹੀਂ ਲਗਾਇਆ ਜਾਂਦਾ। ਡੀ.ਸੀ.ਜੀ.ਆਈ. ਨੇ ਫਿਲਹਾਲ ਇੰਟ੍ਰਾਨੇਜ਼ਲ ਕੋਵਿਡ ਵੈਕਸੀਨ ਨੂੰ 18 ਸਾਲਾਂ ਤੋਂ ਉੱਪਰ ਦੇ ਲੋਕਾਂ ਲਈ ਮਨਜ਼ੂਰੀ ਦਿੱਤੀ ਹੈ। ਹਾਲ ਹੀ ’ਚ ਇਕ ਮੀਡੀਆ ਨੂੰ ਦਿੱਤੀ ਇੰਟਰਵਿਊ ’ਚ ਏਮਜ਼ ਦੇ ਸਾਬਕਾ ਡਾਈਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੀ ਦੱਸਿਆ ਸੀ ਕਿ ਨੇਜ਼ਲ ਵੈਕਸੀਨ ਬਿਹਤਰ ਹੈ ਕਿਉਂਕਿ ਇਨ੍ਹਾਂ ਨੂੰ ਲਗਾਉਣਾ ਜ਼ਿਆਦਾ ਆਸਾਨ ਹੈ ਅਤੇ ਇਹ ਮਿਊਕੋਸਾ ’ਚ ਹੀ ਇਮਿਊਨਿਟੀ ਬਣਾ ਦਿੰਦਾ ਹੈ, ਜਿਸ ਨਾਲ ਇਨਫੈਕਸ਼ਨ ਤੋਂ ਸ਼ੁਰੂਆਤ ’ਚ ਹੀ ਬਚਿਆ ਜਾ ਸਕਦਾ ਹੈ।
ਕੌਣ ਲਗਵਾ ਸਕਦਾ ਹੈ ਇਹ ਵੈਕਸੀਨ?
ਇਹ ਵੈਕਸੀਨ ਅਜੇ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਹੀ ਲਗਾਈ ਜਾਵੇਗੀ। 12 ਤੋਂ 17 ਸਾਲ ਦੇ ਬੱਚਿਆਂ ਦਾ ਵੀ ਵੈਕਸੀਨੇਸ਼ਨ ਚੱਲ ਰਿਹਾ ਹੈ ਪਰ ਉਹ ਇਸਨੂੰ ਨਹੀਂ ਲਗਵਾ ਸਕਦੇ। ਦੂਜੀ ਗੱਲ ਇਹ ਕਿ ਇਸਨੂੰ ਬੂਸਟਰ ਡੋਜ਼ ਦੇ ਤੌਰ ’ਤੇ ਵੀ ਲਗਾਇਆ ਜਾਵੇਗਾ। ਯਾਨੀ, ਜੋ ਲੋਕ ਦੋ ਡੋਜ਼ ਲਗਵਾ ਚੁੱਕੇ ਹਨ, ਉਹ ਵੀ ਇਸ ਵੈਕਸੀਨਨੂੰ ਲਗਵਾ ਸਕਦੇ ਹਨ। ਹਾਲਾਂਕਿ, ਇਸਨੂੰ ਪ੍ਰਾਈਮਰੀ ਵੈਕਸੀਨ ਦੀ ਮਨਜ਼ੂਰੀ ਵੀ ਮਿਲੀ ਹੈ।

Comment here