ਨਵੀਂ ਦਿੱਲੀ-ਬੀਤੇ ਦਿਨੀਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਦੋ-ਪੱਖੀ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਕੀਤੀ ਅਤੇ ਦੋਹਾਂ ਦੇਸ਼ਾਂ ਨੇ ਹਿੰਦ ਪ੍ਰਸ਼ਾਂਤ ਖੇਤਰ ’ਚ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤ ਹੋਏ। ਦੋਹਾਂ ਨੇਤਾਵਾਂ ਨੇ ਅਫ਼ਗਾਨਿਸਤਾਨ ਨੂੰ ਸੁਰੱਖਿਅਤ ਅਤੇ ਬਿਨਾਂ ਰੁਕਾਵਟ ਮਨੁੱਖੀ ਮਦਦ ਪਹੁੰਚਾਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਦਾ ਉਪਯੋਗ ਕਿਸੇ ਵੀ ਦੇਸ਼ ਵਿਰੁੱਧ ਹਮਲੇ ਜਾਂ ਅੱਤਵਾਦੀਆਂ ਦੀ ਪਨਾਹਗਾਹ ਦੇ ਰੂਪ ’ਚ ਨਾ ਹੋਵੇ। ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਅਤੇ ਬ੍ਰਿਟੇਨ ਸੀ.ਓ.ਪੀ. 26 ਸਿਖਰ ਸੰਮੇਲਨ ਤੋਂ ਪਹਿਲਾਂ ਵਾਤਾਵਰਣ ’ਤੇ ਆਪਣੀ ਮਾਹਿਰਤਾ ਸਾਂਝੀ ਕਰਨ ਵਰਗੇ ਖੇਤਰਾਂ ’ਚ ਬਹੁਤ ਕੁਝ ਕਰ ਸਕਦੇ ਹਾਂ। ਟਰਸ ਨੇ ਕਿਹਾ,‘‘ਸਾਨੂੰ ਖ਼ੁਸ਼ੀ ਹੈ ਕਿ ਪ੍ਰਧਾਨ ਮੰਤਰੀ ਉੱਥੇ ਹੋਣਗੇ।’’ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ 2021 ਆਉਣ ਵਾਲੀ 31 ਅਕਤੂਬਰ ਤੋਂ 12 ਨਵੰਬਰ ਦਰਮਿਆਨ ਸਕਾਟਲੈਂਡ ਦੇ ਗਲਾਸਗੋ ’ਚ ਆਯੋਜਿਤ ਹੋਵੇਗਾ। ਇਸ ਨੂੰ ਸੀਓਪੀ 26 ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੋਵੇਂ ਵਿਦੇਸ਼ ਮੰਤਰੀਆਂ ਨੇ ਰੋਡਮੈਪ 2030 ਦੀ ਵੀ ਪੂਰੀ ਸਮੀਖਿਆ ਕੀਤੀ। ਇਸ ਸਾਲ ਮਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬ੍ਰਿਟਿਸ਼ ਹਮਰੁਤਬਾ ਬੋਰਿਸ ਜਾਨਸਨ ਦਰਮਿਆਨ ਡਿਜ਼ੀਟਲ ਸਿਖਰ ਬੈਠਕ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਨੇ ਰੱਖਿਆ, ਸੁਰੱਖਿਆ ਅਤੇ ਸਿਹਤ ਸੇਵਾ ਸਮੇਤ ਮਹੱਤਵਪੂਰਨ ਖੇਤਰਾਂ ’ਚ ਸਹਿਯੋਗ ਲਈ 10 ਸਾਲਾਂ ਦਾ ਖਾਕਾ ਪੇਸ਼ ਕੀਤਾ ਸੀ। ਗੱਲਬਾਤ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕੀਤਾ,‘‘ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਦਾ ਸੁਆਗਤ ਕਰ ਕੇ ਖ਼ੁਸ਼ੀ ਹੋਈ। ਸਾਡੇ ਸੰਬੰਧਾਂ ਦੀ ਵਿਆਪਕ ਸਮੀਖਿਆ ਕੀਤੀ।’’
ਦੋਹਾਂ ਨੇਤਾਵਾਂ ਨੇ ਮਹਾਮਾਰੀ ਦੇ ਬਾਵਜੂਦ ਰੋਡਮੈਪ 2030 ਨੂੰ ਲਾਗੂ ਕਰਨ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ। ਗੱਲਬਾਤ ਤੋਂ ਬਾਅਦ ਟਰਸ ਨੇ ਟਵੀਟ ਕੀਤਾ,‘‘ਭਾਰਤ ਸਾਡਾ ਚੰਗਾ ਦੋਸਤ, ਆਰਥਿਕ ਮਹਾਸ਼ਕਤੀ ਅਤੇ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਆਉਣ ਵਾਲੇ ਦਹਾਕਿਆਂ ’ਚ ਸਾਡੇ ਸੰਬੰਧ ਹੋਰ ਡੂੰਘੇ ਹੋਣਗੇ। ਡਾ. ਜੈਸ਼ੰਕਰ ਨਾਲ ਤਕਨਾਲੋਜੀ ’ਤੇ ਕਰੀਬੀ ਸਹਿਯੋਗ, ਨਿਵੇਸ਼, ਵਪਾਰ, ਰੱਖਿਆ ਅਤੇ ਸੁਰੱਖਿਆ ’ਤੇ ਚੰਗੀ ਬੈਠਕ ਹੋਈ।’’ ਗੱਲਬਾ ’ਤੇ ਜਾਰੀ ਇਕ ਬਿਆਨ ’ਚ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਜੈਸ਼ੰਕਰ ਅਤੇ ਟਰਸ ਨੇ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਆਨਲਾਈਨ ਸਿਖਰ ਸੰਮੇਲਨ ਦੌਰਾਨ ਐਲਾਨ ਉੱਨਤ ਵਪਾਰ ਸਾਂਝੇਦਾਰੀ ਦੇ ਵਿਸਥਾਰ ’ਚ ਪ੍ਰਗਤੀ ਦਾ ਸੁਆਗਤ ਕੀਤਾ।
Comment here