ਸਿਆਸਤਖਬਰਾਂਚਲੰਤ ਮਾਮਲੇ

ਭਾਰਤ ਜਲਦ ਬਣੇਗਾ 5 ਟ੍ਰਿਲੀਅਨ ਡਾਲਰ ਵਾਲੀ ਅਰਥਵਿਵਸਥਾ : ਮੋਦੀ

ਜੋਹਾਨਸਬਰਗ-ਇੱਥੇ ਬ੍ਰਿਕਸ ‘ਬਿਜ਼ਨੈੱਸ ਫੋਰਮ ਲੀਡਰਸ ਡਾਇਲਾਗ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਜਲਦ ਹੀ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਾਲਾਂ ‘ਚ ਭਾਰਤ ਪੂਰੀ ਦੁਨੀਆ ਦਾ ਵਿਕਾਸ ਇੰਜਣ ਬਣ ਜਾਵੇਗਾ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਕ ‘ਮਿਸ਼ਨ’ ਦੇ ਰੂਪ ਵਿੱਚ ਸੁਧਾਰਾਂ ਨੂੰ ਅੱਗੇ ਵਧਾਇਆ ਹੈ, ਜਿਸ ਨਾਲ ਦੇਸ਼ ਵਿੱਚ ਕਾਰੋਬਾਰ ਕਰਨ ਦੀ ਸੌਖ ਵਿੱਚ ਸੁਧਾਰ ਹੋਇਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ ਅਤੇ ਇਸ ਵਿੱਚ 100 ਤੋਂ ਵੱਧ ਯੂਨੀਕੋਰਨ ਹਨ। ਇਕ ਅਰਬ ਡਾਲਰ ਤੋਂ ਵੱਧ ਦੀ ਆਮਦਨ ਵਾਲੇ ਸਟਾਰਟਅੱਪ ਯੂਨੀਕੋਰਨ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਦੱਖਣੀ ਅਫ਼ਰੀਕਾ ਦੇ ਦੌਰੇ ‘ਤੇ ਹਨ। ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਮੈਂਬਰ ਸਮੂਹ ਬ੍ਰਿਕਸ ਦਾ 2019 ਤੋਂ ਬਾਅਦ ਇਹ ਪਹਿਲਾ ਸਿਖਰ ਸੰਮੇਲਨ ਹੈ, ਜਿਸ ਵਿੱਚ ਸਾਰੇ ਨੇਤਾ ਵਿਅਕਤੀਗਤ ਤੌਰ ‘ਤੇ ਸ਼ਾਮਲ ਹੋ ਰਹੇ ਹਨ। ਕੋਵਿਡ-19 ਮਹਾਮਾਰੀ ਕਾਰਨ 2020 ਤੋਂ ਬ੍ਰਿਕਸ ਸੰਮੇਲਨ ਆਨਲਾਈਨ ਆਯੋਜਿਤ ਕੀਤਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਭਾਰਤ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਦਾ ਗ੍ਰੋਥ ਇੰਜਣ ਹੋਵੇਗਾ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਨੇ ਬਿਪਤਾ ਅਤੇ ਮੁਸ਼ਕਿਲਾਂ ਦੇ ਸਮੇਂ ਨੂੰ ਆਰਥਿਕ ਸੁਧਾਰ ਦੇ ਮੌਕਿਆਂ ਵਿੱਚ ਬਦਲ ਦਿੱਤਾ ਹੈ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਅੱਜ ਭਾਰਤ ਵਿੱਚ ਕਰੋੜਾਂ ਲੋਕਾਂ ਨੂੰ ਇਕ ਕਲਿੱਕ ਨਾਲ ਸਿੱਧਾ ਲਾਭ ਪਹੁੰਚਾਇਆ ਜਾਂਦਾ ਹੈ, ਇਸ ਨਾਲ ਸੇਵਾ ਪ੍ਰਦਾਨ ਕਰਨ ਵਿੱਚ ਪਾਰਦਰਸ਼ਤਾ ਵਧੀ ਹੈ। ਬ੍ਰਿਕਸ ਬਿਜ਼ਨੈੱਸ ਫੋਰਮ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਲੋਕਾਂ ਦੀ ਆਮਦਨ ਲਗਭਗ 3 ਗੁਣਾ ਵਧੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਭਾਰਤ ਦੇ ਆਰਥਿਕ ਵਿਕਾਸ ਵਿੱਚ ਔਰਤਾਂ ਦੀ ਮਜ਼ਬੂਤ ਹਿੱਸੇਦਾਰੀ ਰਹੀ ਹੈ।

 

Comment here