ਖਬਰਾਂਚਲੰਤ ਮਾਮਲੇਦੁਨੀਆ

ਭਾਰਤ ਛੇਤੀ ਹੀ ਕਰ ਸਕਦਾ ਭਿਆਨਕ ਲੂ ਦਾ ਸਾਹਮਣਾ-ਵਿਸ਼ਵ ਬੈਂਕ

ਤਿਰੂਵਨੰਤਪੁਰਮ-ਭਾਰਤ ਛੇਤੀ ਹੀ ਅਜਿਹੀ ਭਿਆਨਕ ਲੂ ਦਾ ਸਾਹਮਣਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ, ਜੋ ਮਨੁੱਖ ਦੀ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋਵੇਗੀ। ਇਕ ਨਵੀਂ ਰਿਪੋਰਟ ’ਚ ਇਹ ਚੇਤਾਵਨੀ ਦਿੱਤੀ ਗਈ ਹੈ। ਵਿਸ਼ਵ ਬੈਂਕ ਦੀ ‘ਭਾਰਤ ਦੇ ਠੰਡੇ ਖੇਤਰਾਂ ’ਚ ਜਲਵਾਯੂ ਨਿਵੇਸ਼ ਦੇ ਮੌਕੇ’ ਸਿਰਲੇਖ ਵਾਲੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਮੁਕਾਬਲਤਨ ਵੱਧ ਗਰਮੀ ਦਾ ਸਾਹਮਣਾ ਕਰ ਰਿਹਾ ਹੈ, ਜੋ ਛੇਤੀ ਸ਼ੁਰੂ ਹੋ ਜਾਂਦੀ ਹੈ ਅਤੇ ਕਿਤੇ ਵੱਧ ਸਮੇਂ ਤਕ ਰਹਿੰਦੀ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਅਪ੍ਰੈਲ 2022 ’ਚ ਭਾਰਤ ਸਮੇਂ ਤੋਂ ਪਹਿਲਾਂ ‘ਲੂ’ ਦੀ ਲਪੇਟ ’ਚ ਆ ਗਿਆ ਸੀ, ਜਿਸ ਨਾਲ ਆਮ ਜਨਜੀਵਨ ਠੱਪ ਜਿਹਾ ਹੋ ਗਿਆ ਸੀ ਅਤੇ ਰਾਜਧਾਨੀ ਨਵੀਂ ਦਿੱਲੀ ’ਚ ਤਾਂ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮਾਰਚ ਦਾ ਮਹੀਨਾ ਤਾਪਮਾਨ ’ਚ ਬੇਮਿਸਾਲ ਵਾਧੇ ਦਾ ਗਵਾਹ ਬਣਿਆ ਅਤੇ ਇਹ ਇਤਿਹਾਸ ਦਾ ਸਭ ਤੋਂ ਗਰਮ ਮਾਰਚ ਮਹੀਨਾ ਬਣ ਕੇ ਉਭਰਿਆ ਸੀ।
2030 ਤੱਕ ਗਰਮੀ ਨਾਲ ਸਬੰਧਤ ਉਤਪਾਦਕਤਾ ਦੇ ਨੁਕਸਾਨ ਕਾਰਨ ਵਿਸ਼ਵ ਪੱਧਰ ’ਤੇ ਜੋ 8 ਕਰੋੜ ਨੌਕਰੀਆਂ ਜਾਣ ਅੰਦਾਜ਼ਾ ਪ੍ਰਗਟਾਇਆ ਗਿਆ ਹੈ, ਉਸ ’ਚੋਂ 3.4 ਕਰੋੜ ਨੌਕਰੀਆਂ ਭਾਰਤ ’ਚ ਖਤਮ ਹੋ ਜਾਣਗੀਆਂ। ਦੱਖਣੀ ਏਸ਼ੀਆਈ ਦੇਸ਼ਾਂ ’ਚ ਭਾਰੀ ਲੇਬਰ ’ਤੇ ਗਰਮੀ ਦਾ ਸਭ ਤੋਂ ਵੱਧ ਅਸਰ ਭਾਰਤ ਵਿਚ ਦੇਖਿਆ ਗਿਆ, ਜਿੱਥੇ ਪੂਰੇ ਸਾਲ ’ਚ ਗਰਮੀ ਕਾਰਨ 101 ਅਰਬ ਘੰਟੇ ਬਰਬਾਦ ਹੁੰਦੇ ਹਨ।
ਜੀ-20 ਕਲਾਈਮੇਟ ਰਿਸਕ ਐਟਲਸ ਨੇ ਵੀ 2021 ’ਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਾਰਬਨ ਨਿਕਾਸ ਜ਼ਿਆਦਾ ਰਹਿੰਦਾ ਹੈ ਤਾਂ ਭਾਰਤ ’ਚ ਲੂ 2036 ਅਤੇ 2065 ਦੇ ਵਿਚਾਲੇ 25 ਗੁਣਾ ਜ਼ਿਆਦਾ ਰਹਿਣ ਦਾ ਖਦਸ਼ਾ ਹੈ। ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਭਾਰਤ ’ਚ ਵਧਦੀ ਲੂ ਆਰਥਿਕ ਉਤਪਾਦਕਤਾ ਨੂੰ ਘਟਾ ਸਕਦੀ ਹੈ। ਭਾਰਤ ਦੇ 75 ਫੀਸਦੀ ਕਰਮਚਾਰੀ ਜਾਂ ਲਗਭਗ 380 ਮਿਲੀਅਨ ਲੋਕ ਅਜਿਹੇ ਖੇਤਰਾਂ ’ਚ ਕੰਮ ਕਰਦੇ ਹਨ, ਜਿੱਥੇ ਉਨ੍ਹਾਂ ਨੂੰ ਗਰਮ ਮੌਸਮ ’ਚ ਰਹਿਣਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਜੀਵਨ ਲਈ ਸੰਭਾਵੀ ਤੌਰ ’ਤੇ ਜਾਨਲੇਵਾ ਤਾਪਮਾਨਾਂ ’ਚ ਕੰਮ ਕਰਨਾ ਪੈਂਦਾ ਹੈ।

Comment here