ਸਿਆਸਤਖਬਰਾਂ

ਭਾਰਤ ’ਚ ਸੁਰੱਖਿਆ ਚੁਣੌਤੀਆਂ ’ਤੇ ਤਾਲਮੇਲ ਬਣਾਉਣ ਦੀ ਜ਼ਰੂਰਤ-ਸ਼ਾਹ

ਨਵੀਂ ਦਿੱਲੀ–ਭਾਰਤ ਦੇ ਮੌਜੂਦਾ ਸੁਰੱਖਿਆ ਹਾਲਾਤ ਅਤੇ ਉਭਰਦੀਆਂ ਚੁਣੌਤੀਆਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮੀਖਿਆ ਕੀਤੀ। ਜਿਨ੍ਹਾਂ ਚੁਣੌਤੀਆਂ ਦੀ ਸਮੀਖਿਆ ਕੀਤੀ ਗਈ, ਉਨ੍ਹਾਂ ’ਚ ਗਲੋਬਲ ਅੱਤਵਾਦੀ ਸੰਗਠਨਾਂ ਤੋਂ ਖਤਰੇ, ਸਾਈਬਰ ਖੇਤਰ ਦਾ ਨਾਜਾਇਜ਼ ਇਸਤੇਮਾਲ ਅਤੇ ‘ਵਿਦੇਸ਼ੀ ਅੱਤਵਾਦੀ ਲੜਾਕਿਆਂ’ ਦੀ ਆਵਾਜਾਈ ਸ਼ਾਮਲ ਹਨ। ਨਵੇਂ ਸਾਲ ’ਚ ਇਹ ਪਹਿਲੀ ਉੱਚ ਪੱਧਰੀ ਬੈਠਕ ਸੀ, ਜਿਸ ਦੀ ਪ੍ਰਧਾਨਗੀ ਸ਼ਾਹ ਨੇ ਕੀਤੀ ਅਤੇ ਇਸ ’ਚ ਦੇਸ਼ ਦੇ ਸੁਰੱਖਿਆ ਅਤੇ ਖੁਫੀਆ ਤੰਤਰ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।
ਇਕ ਅਧਿਕਾਰਕ ਬਿਆਨ ’ਚ ਕਿਹਾ ਗਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ ’ਚ ਮੌਜੂਦਾ ਖਤਰੇ ਅਤੇ ਉਭਰਦੀਆਂ ਸੁਰੱਖਿਆ ਚੁਣੌਤੀਆਂ ਦੀ ਸਮੀਖਿਆ ਲਈ ਅੱਜ ਇਕ ਹਾਈ ਲੈਵਲ ਸੁਰੱਖਿਆ ਮੀਟਿੰਗ ਕੀਤੀ। ਉਨ੍ਹਾਂ ਨੇ ਅੱਤਵਾਦ ਅਤੇ ਗਲੋਬਲ ਅੱਤਵਾਦੀ ਗਰੁੱਪਾਂ ਦੇ ਨਿਰੰਤਰ ਖਤਰਿਆਂ, ਅੱਤਵਾਦੀ ਵਿੱਤ ਪੋਸ਼ਣ, ਨਾਰਕੋ-ਅੱਤਵਾਦ, ਸੰਗਠਿਤ ਅਪਰਾਧ-ਅੱਤਵਾਦ ਦੀ ਗੰਢਸੰਢ, ਸਾਈਬਰ ਖੇਤਰ ਦਾ ਨਾਜਾਇਜ਼ ਇਸਤੇਮਾਲ, ਵਿਦੇਸ਼ੀ ਅੱਤਵਾਦੀ ਲੜਾਕਿਆਂ ਦੀ ਆਵਾਜਾਈ ’ਤੇ ਰੌਸ਼ਨੀ ਪਾਈ। ਗ੍ਰਹਿ ਮੰਤਰੀ ਨੇ ਲਗਾਤਾਰ ਬਦਲਦੇ ਅੱਤਵਾਦ ਅਤੇ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਕੇਂਦਰ ਅਤੇ ਸੂਬਾ ਸੁਰੱਖਿਆ ਏਜੰਸੀਆਂ ਵਿਚਾਲੇ ਬਿਹਤਰ ਤਾਲਮੇਲ ਤੇ ਸਮਝ-ਬੂਝ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਦੌਰਾਨ ਦੇਸ਼ ਦੀਆਂ ਸੁਰੱਖਿਆ ਏਜੰਸੀਆਂ, ਕੇਂਦਰੀ ਖੁਫੀਆ ਏਜੰਸੀਆਂ, ਕੇਂਦਰੀ ਹਥਿਆਰਬੰਦ ਪੁਲਸ ਬਲ, ਹਥਿਆਰਬੰਦ ਦਸਤਿਆਂ ਦੀ ਖੁਫੀਆ ਸ਼ਾਖਾ, ਮਾਲੀਆ ਅਤੇ ਵਿੱਤੀ ਖੁਫੀਆ ਏਜੰਸੀਆਂ ਦੇ ਮੁਖੀਆਂ ਨੇ ਬੈਠਕ ’ਚ ਹਿੱਸਾ ਲਿਆ।

Comment here