ਸਿਆਸਤਖਬਰਾਂਚਲੰਤ ਮਾਮਲੇ

ਭਾਰਤ ‘ਚ ਸਿੱਖ ਨਾ ਕਦੇ ਦੂਜੇ ਦਰਜੇ ਦੇ ਨਾਗਰਿਕ ਸੀ ਤੇ ਨਾ ਹੋਣਗੇ-ਢੀਂਡਸਾ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਿੱਖ ਨਾ ਕਦੇ ਦੂਜੇ ਦਰਜੇ ਦੇ ਨਾਗਰਿਕ ਸੀ ਅਤੇ ਨਾ ਹੀ ਕਦੇ ਦੂਜੇ ਦਰਜੇ ਦੇ ਨਾਗਰਿਕ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਸਿੱਖਾਂ ਦਾ ਰਿਹਾ ਹੈ ਅਤੇ ਉਹ ਦੇਸ਼ ਦੀਆਂ ਸਰਹੱਦਾਂ ਦੀ ਪੂਰੀ ਬਹਾਦਰੀ ਨਾਲ ਰੱਖਿਆ ਕਰ ਰਹੇ ਹਨ। ਸਿੱਖ ਭਾਰਤ ਦੀ ਏਕੇਤਾ ਅਤੇ ਅਖੰਡਤਾ ਪ੍ਰਤੀ ਦ੍ਰਿੜ ਹਨ ਅਤੇ ਉਹ ਭਾਰਤ ਵਿਚ ਬਰਾਬਰ ਦੇ ਨਾਗਰਿਕ ਹਨ।
ਇਹ ਗੱਲ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵੱਲੋਂ ਬ੍ਰਿਟੇਨ ਦੀ ਕੈਂਬਰਿਜ਼ ਯੂਨੀਵਰਸਿਟੀ ਵਿਖੇ ਆਪਣੇ ਸੰਬੋਧਨ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਵਜੋਂ ਪੇਸ਼ ਕਰਨ ਦੀ ਕੋਸ਼ਿਸ ਦੇ ਦਿੱਤੇ ਬਿਆਨ ਦੇ ਖਿਲਾਫ ਪ੍ਰਤੀਕਰਮ ਵਜੋਂ ਕਹੀ ਹੈ।
ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਦੇ ਉਲਟ ਗਾਂਧੀ ਪਰਿਵਾਰ ਨੇ ਸਿੱਖਾਂ ਨੂੰ ਨਾ ਸਿਰਫ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਸਗੋਂ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਟੈਂਕਾਂ ਨਾਲ ਫੌਜੀ ਹਮਲਾ ਕਰਵਾਇਆ। ਇਸ ਦੌਰਾਨ ਦੇਸ਼ ਦੇ ਹਰ ਇੱਕ ਖੇਤਰ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਿੱਖਾਂ ’ਤੇ ਹੋਏ ਇਸ ਤਸ਼ੱਦਦ ਲਈ ਸਿੱਧੇ ਤੌਰ ’ਤੇ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਅਤੇ ਉਨ੍ਹਾ ਦੇ ਪਿਤਾ ਰਾਜੀਵ ਗਾਂਧੀ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜਦੋਂ ਗਾਂਧੀ ਪਰਿਵਾਰ ਵੱਲੋਂ ਸਿੱਖਾਂ ’ਤੇ ਇਨਾਂ ਤਸ਼ੱਦਦ ਢਾਇਆ ਗਿਆ ਹੋਵੇ, ਉਥੇ ਰਾਹੁਲ ਗਾਂਧੀ ਵੱਲ ਕਿਸੇ ਹੋਰ ਦਾ ਹਵਾਲਾ ਦੇਕੇ ਸਿੱਖਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਦਰਸ਼ਾਉਣ ਦੀ ਕੋਸ਼ਿਸ ਕਰਨਾ ਉਨ੍ਹਾਂ ਦੀ ਸੋੜੀ ਮਾਨਸਿਕਤਾ ਅਤੇ ਕੋਝੀ ਰਾਜਨੀਤੀ ਦਾ ਸਬੂਤ ਹੈ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੋਏ ਸੋਚਣਾ ਚਾਹੀਦਾ ਹੈ ਅਤੇ ਨਾਲ ਹੀ ਢੀਂਡਸਾ ਨੇ ਨਸੀਹਤ ਦਿੱਤੀ ਕਿ ਉਹ ਸਿੱਖਾਂ ਅਤੇ ਮੁਸਲਮਾਨਾਂ ਦੇ ਨਾਮ ’ਤੇ ਸਿਆਸਤ ਕਰਨੀ ਬੰਦ ਕਰਨ।

Comment here