ਛੱਤੀਸਗੜ-ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਦੇ ਮੁੱਖ ਦਫ਼ਤਰ ਅੰਬਿਕਾਪੁਰ ਵਿਖੇ ਸਵੈਮ ਸੇਵਕਾਂ (ਸੰਘ ਦੇ ਵਲੰਟੀਅਰਾਂ) ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਵਿਚ ਰਹਿਣ ਵਾਲਾ ਹਰ ਵਿਅਕਤੀ ‘ਹਿੰਦੂ’ ਹੈ ਅਤੇ ਸਾਰੇ ਭਾਰਤੀਆਂ ਦਾ ਡੀਐਨਏ ਇੱਕ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪੂਜਾ ਕਰਨ ਦਾ ਤਰੀਕਾ ਬਦਲਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਾਰੇ ਰਾਹ ਇੱਕੋ ਥਾਂ ਵੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਨੇਕਤਾ ਵਿਚ ਏਕਤਾ ਭਾਰਤ ਦੀ ਸਦੀ ਪੁਰਾਣੀ ਵਿਸ਼ੇਸ਼ਤਾ ਹੈ। ਦੁਨੀਆਂ ਵਿੱਚ ਹਿੰਦੂਤਵ ਨਾਂ ਦਾ ਇੱਕ ਹੀ ਵਿਚਾਰ ਹੈ ਜੋ ਸਭ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦਾ ਹੈ।
ਆਰਐਸਐਸ ਮੁਖੀ ਨੇ ਕਿਹਾ, “ਅਸੀਂ 1925 ਤੋਂ ਕਹਿ ਰਹੇ ਹਾਂ ਕਿ ਭਾਰਤ ਵਿਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ। ਜਿਹੜਾ ਭਾਰਤ ਨੂੰ ਆਪਣੀ ਮਾਂ, ਮਾਤ ਭੂਮੀ ਮੰਨਦਾ ਹੈ, ਜੋ ਭਾਰਤ ਵਿੱਚ ਅਨੇਕਤਾ ਵਿੱਚ ਏਕਤਾ ਦਾ ਸੱਭਿਆਚਾਰ ਜਿਉਣਾ ਚਾਹੁੰਦਾ ਹੈ, ਇਸ ਲਈ ਯਤਨ ਕਰਦਾ ਹੈ, ਉਹ ਪੂਜਾ ਕਿਸੇ ਵੀ ਤਰੀਕੇ ਨਾਲ ਕਰੇ, ਭਾਵੇਂ ਕੋਈ ਵੀ ਭਾਸ਼ਾ ਬੋਲੇ, ਭੋਜਨ, ਰੀਤੀ-ਰਿਵਾਜ ਕੋਈ ਵੀ ਹੋਣ, ਉਹ ਹਿੰਦੂ ਹੈ।’
ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਹਿੰਦੂਤਵ ਨਾਂ ਦਾ ਇੱਕ ਹੀ ਵਿਚਾਰ ਹੈ ਜੋ ਵਿਭਿੰਨਤਾਵਾਂ ਨੂੰ ਇਕਜੁੱਟ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਭਾਗਵਤ ਨੇ ਕਿਹਾ ਕਿ ਹਿੰਦੂਤਵ ਨੇ ਭਾਰਤ ਦੀ ਧਰਤੀ ‘ਤੇ ਹਜ਼ਾਰਾਂ ਸਾਲਾਂ ਤੋਂ ਸਾਰੀਆਂ ਵਿਭਿੰਨਤਾਵਾਂ ਨੂੰ ਇਕੱਠਾ ਕੀਤਾ ਹੈ, ਇਹ ਸੱਚ ਹੈ ਅਤੇ ਇਹ ਸੱਚ ਬੋਲਣਾ ਹੋਵੇਗਾ ਅਤੇ ਡੰਕੇ ਦੀ ਚੋਟ ‘ਤੇ ਬੋਲਣਾ ਪਵੇਗਾ।
ਉਨ੍ਹਾਂ ਕਿਹਾ ਕਿ ਸੰਘ ਦਾ ਕੰਮ ਹਿੰਦੂਤਵ ਦੇ ਵਿਚਾਰਾਂ ਅਨੁਸਾਰ ਵਿਅਕਤੀਗਤ ਅਤੇ ਰਾਸ਼ਟਰੀ ਚਰਿੱਤਰ ਦਾ ਨਿਰਮਾਣ ਕਰਨਾ ਅਤੇ ਲੋਕਾਂ ਵਿੱਚ ਏਕਤਾ ਵਧਾਉਣਾ ਹੈ। ਭਾਗਵਤ ਨੇ ਸਾਰਿਆਂ ਦੇ ਵਿਸ਼ਵਾਸ ਦਾ ਸਨਮਾਨ ਕਰਨ ‘ਤੇ ਜ਼ੋਰ ਦਿੱਤਾ ਅਤੇ ਦੁਹਰਾਇਆ ਕਿ ਸਾਰੇ ਭਾਰਤੀਆਂ ਦਾ ਡੀਐਨਏ ਇੱਕ ਹੈ ਅਤੇ ਉਨ੍ਹਾਂ ਦੇ ਪੁਰਖੇ ਇੱਕੋ ਹਨ।
Comment here