ਸਿਹਤ-ਖਬਰਾਂਖਬਰਾਂ

ਭਾਰਤ ਚ ਬੱਚਿਆਂ ਚ ਮੋਟਾਪਾ ਵਧਿਆ

ਨਵੀਂ ਦਿੱਲੀ-ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ ਟੀ ਵੀ ਦੇਖਦਿਆਂ ਖਾਣਾ ਖਾਣ ਵਾਲੇ 10 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿਚ ਮੋਟਾਪੇ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ, ਜਦਕਿ ਟੀ ਵੀ ਤੋਂ ਦੂਰ ਰਹਿ ਕੇ ਪਰਵਾਰ ਨਾਲ ਗੱਲਬਾਤ ਕਰਦਿਆਂ ਖਾਣਾ ਖਾਣ ਵਾਲੇ ਬੱਚਿਆਂ ਨੂੰ ਅਜਿਹਾ ਖਤਰਾ ਘੱਟ ਹੁੰਦਾ ਹੈ। ਇਨਵਾਇਰਮੈਂਟਲ ਜਰਨਲ ਆਫ ਹੈਲਥ ਨਾਂਅ ਦੇ ਰਸਾਲੇ ਮੁਤਾਬਕ ਦੁਨੀਆ ਦੀਆਂ ਕਈ ਵੱਡੀਆਂ ਯੂਨੀਵਰਸਿਟੀਆਂ ਵੱਲੋਂ ਮਿਲ ਕੇ ਕੀਤੀ ਗਈ ਖੋਜ ਵਿਚ ਪਾਇਆ ਗਿਆ ਹੈ ਕਿ ਜਿਹੜੇ ਬੱਚੇ ਟੀ ਵੀ, ਲੈਪਟਾਪ ਜਾਂ ਮੋਬਾਇਲ ਦੇਖਦਿਆਂ ਖਾਣਾ ਖਾਂਦੇ ਹਨ, ਉਹ ਅੱਗੇ ਚੱਲ ਕੇ ਖਾਣ ਦੇ ਮਾਮਲੇ ਵਿਚ ਨਖਰੇ ਕਰਦੇ ਹਨ ਤੇ ਨਿੱਕੀ-ਨਿੱਕੀ ਗੱਲ ‘ਤੇ ਹਮਲਾਵਰ ਹੋ ਜਾਂਦੇ ਹਨ । ਟੀ ਵੀ ਦੇਖਦਿਆਂ ਖਾਣਾ ਖਾਣ ਵਾਲੇ ਬੱਚਿਆਂ ਨੂੰ ਚੇਤੇ ਨਹੀਂ ਰਹਿੰਦਾ ਕਿ ਉਹ ਕਿੰਨਾ ਖਾ ਗਏ ਹਨ ਤੇ ਬਹੁਤੇ ਬੱਚੇ ਟੀ ਵੀ ਦੇਖਦਿਆਂ ਜ਼ੰਕ ਫੂਡ ਖਾਂਦੇ ਹਨ । ਕਾਫੀ ਟੀ ਵੀ ਦੇਖਣ ਵਾਲੇ ਬੱਚੇ ਸਰੀਰਕ ਸਰਗਰਮੀ ਨਹੀਂ ਕਰਦੇ ਤੇ ਇਸ ਨਾਲ ਵੀ ਉਨ੍ਹਾਂ ਦਾ ਮੋਟਾਪਾ ਵਧਦਾ ਹੈ ।
ਭਾਰਤ ਵਿਚ ਇਸ ਵੇਲੇ 10 ਤੋਂ 12 ਫੀਸਦੀ ਤਕ ਬੱਚੇ ਮੋਟਾਪੇ ਦਾ ਸ਼ਿਕਾਰ ਹਨ ਤੇ 2030 ਤੱਕ ਲੱਗਭੱਗ ਅੱਧੇ ਇਸ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਹਾਲ ਹੀ ਵਿਚ ਕੀਤੇ ਗਏ ਇਕ ਸਰਵੇ ਮੁਤਾਬਕ ਪਿਛਲੇ 50 ਸਾਲਾਂ ਵਿਚ ਭਾਰਤੀ ਬੱਚਿਆਂ ਵਿਚ ਤੇਲ ਪਦਾਰਥਾਂ ਦਾ ਸੇਵਨ 20 ਫੀਸਦੀ ਤੱਕ ਵਧਿਆ ਹੈ।  ਕੈਂਡੀ, ਪੀਜ਼ਾ, ਫਰੈਂਚ ਫਰਾਈਜ਼ ਤੇ ਮਿਠਾਈਆਂ ਖਾਣ ਵਾਲੇ ਬੱਚਿਆਂ ਵਿਚ 11 ਤੋਂ 20 ਸਾਲ ਤੱਕ ਦੀ ਉਮਰ ਵਾਲਿਆਂ ਦੀ ਗਿਣਤੀ ਲੱਗਭੱਗ 80 ਫੀਸਦੀ ਦੱਸੀ ਜਾ ਰਹੀ ਹੈ। ਸੰਸਾਰ ਸਿਹਤ ਸੰਸਥਾ ਨੇ ਬੱਚਿਆਂ ਦੀ ਸਿਹਤ ‘ਤੇ ਟੀ ਵੀ ਆਦਿ ਦੇ ਪੈ ਰਹੇ ਬੁਰੇ ਪ੍ਰਭਾਵ ਨੂੰ ਦੇਖਦਿਆਂ ਹਾਲ ਹੀ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਬਾਇਲ ਫੋਨ, ਟੀ ਵੀ ਸਕਰੀਨ, ਲੈਪਟਾਪ ਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਤੋਂ ਦੂਰ ਰੱਖਣ ਦੀ ਹਦਾਇਤ ਜਾਰੀ ਕੀਤੀ ਹੈ । ਕੋਰੋਨਾ ਕਾਲ ਨੇ ਬੱਚਿਆਂ ਦੀ ਸਿਹਤ ‘ਤੇ ਬਹੁਤ ਬੁਰਾ ਅਸਰ ਕੀਤਾ ਹੈ । ਬਾਹਰ ਨਾ ਨਿਕਲ ਸਕਣ ਕਾਰਨ ਉਹ ਟੀ ਵੀ ਅੱਗੇ ਬੈਠੇ ਰਹਿੰਦੇ ਸਨ ਜਾਂ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਕਰਨੀ ਪੈਂਦੀ ਸੀ । ਆਨਲਾਈਨ ਪੜ੍ਹਾਈ ਦਾ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਨ੍ਹਾਂ ਹਾਲਤਾਂ ਵਿਚ ਮਾਪਿਆਂ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਘੱਟੋ-ਘੱਟ ਟੀ ਵੀ ਅੱਗੇ ਬਹੁਤਾ ਸਮਾਂ ਨਾ ਬੈਠਣ ਦੇਣ। ਆਨਲਾਈਨ ਪੜ੍ਹਾਈ ਤਾਂ ਮਜਬੂਰੀ ਹੈ, ਜਦੋਂ ਤਕ ਸਕੂਲ ਚੰਗੀ ਤਰ੍ਹਾਂ ਨਹੀਂ ਖੁੱਲ੍ਹ ਜਾਂਦੇ ।

Comment here