ਅਪਰਾਧਸਿਆਸਤਖਬਰਾਂ

ਭਾਰਤ ’ਚ ਬਿਲਾਵਲ ਭੁੱਟੋ ਦੀ ਵਿਵਾਦਿਕ ਟਿੱਪਣੀ ਖਿਲਾਫ਼ ਪ੍ਰਦਰਸ਼ਨ

ਨਵੀਂ ਦਿੱਲੀ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦਾ ਭਾਰਤ ਵਿਰੋਧੀ ਵਿਵਾਦਿਤ ਬਿਆਨ ਦਾ ਮਾਮਲਾ ਭੱਖ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿੱਜੀ ਹਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੇ ਖਿਲਾਫ਼ ਦੇਸ਼-ਵਿਆਪੀ ਪ੍ਰਦਰਸ਼ਨ ਕੀਤੇ। ਭਾਜਪਾ ਵਰਕਰਾਂ ਨੇ ਆਪਣੇ ਪ੍ਰਦਰਸ਼ਨਾਂ ਦੌਰਾਨ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ’ਚ ਪਾਕਿਸਤਾਨ ਅਤੇ ਭੁੱਟੋ ਦੇ ਪੁਤਲੇ ਫੂਕੇ ਅਤੇ ਨਾਅਰੇਬਾਜ਼ੀ ਕੀਤੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿੱਜੀ ਹਮਲਾ ਕਰਦੇ ਹੋਏ ਪਾਕਿਸਤਾਨੀ ਮੰਤਰੀ ਨੇ ਕਿਹਾ ਸੀ ਕਿ ਮੈਂ ਭਾਰਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਓਸਾਮਾ ਬਿਨ ਲਾਦੇਨ ਮਰ ਚੁੱਕਾ ਹੈ ਪਰ ‘ਗੁਜਰਾਤ ਦਾ ਕਸਾਈ’ ਅਜੇ ਵੀ ਜ਼ਿੰਦਾ ਹੈ ਅਤੇ ਉਹ ਭਾਰਤ ਦਾ ਪ੍ਰਧਾਨ ਮੰਤਰੀ ਹੈ।
ਉੱਤਰ ਪ੍ਰਦੇਸ਼ ’ਚ ਭੂਪੇਂਦਰ ਸਿੰਘ ਚੌਧਰੀ ਅਤੇ ਬਿਹਾਰ ’ਚ ਸੰਜੇ ਜੈਸਵਾਲ ਸਮੇਤ ਭਾਜਪਾ ਦੇ ਕਈ ਸੂਬਾਈ ਮੁਖੀਆਂ ਨੇ ਬਿਲਾਵਲ ਭੁੱਟੋ ਦੇ ਬਿਆਨ ਦੇ ਖਿਲਾਫ਼ ਪਾਰਟੀ ਵਰਕਰਾਂ ਦੇ ਮਾਰਚ ਦੀ ਅਗਵਾਈ ਕੀਤੀ। ਪਾਰਟੀ ਨੇ ਕਿਹਾ, ‘‘ਭਾਰਤ ਪ੍ਰਧਾਨ ਮੰਤਰੀ ਮੋਦੀ ’ਤੇ ਭੁੱਟੋ ਦੀ ਅਸੱਭਿਅਕ ਅਤੇ ਘਿਣਾਉਣੀ ਟਿੱਪਣੀ ਦੀ ਸਪੱਸ਼ਟ ਤੌਰ ’ਤੇ ਨਿੰਦਾ ਕਰਦਾ ਹੈ ਅਤੇ ਵਿਰੋਧ ਜਤਾਉਂਦਾ ਹੈ।’’ ਇਸ ਤੋਂ ਪਹਿਲਾਂ ਭਾਜਪਾ ਨੇ ਭੁੱਟੋ ਦੀ ਟਿੱਪਣੀ ਨੂੰ ਬੇਹੱਦ ਸ਼ਰਮਨਾਕ ਅਤੇ ਅਪਮਾਨਜਨਕ ਕਰਾਰ ਦਿੱਤਾ ਸੀ।
ਪਾਕਿਸਤਾਨ ਵੱਲੋਂ ਅੱਤਵਾਦ ਨੂੰ ਸਮਰਥਨ ਦੇਣ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ’ਚ ਉਸ ’ਤੇ (ਪਾਕਿਸਤਾਨ ’ਤੇ) ਤਿੱਖੇ ਹਮਲੇ ਕਰਨ ਤੋਂ ਬਾਅਦ ਭੁੱਟੋ ਨੇ ਇਹ ਟਿੱਪਣੀਆਂ ਕੀਤੀਆਂ ਸੀ। ਭਾਜਪਾ ਨੇ ਪ੍ਰਦਰਸ਼ਨਾਂ ਦਾ ਐਲਾਨ ਕਰਦੇ ਹੋਏ ਕਿਹਾ ਸੀ, ‘‘ਭੁੱਟੋ ਵੱਲੋਂ ਵਰਤੀ ਗਈ ਭਾਸ਼ਾ ਬਹੁਤ ਹੀ ਨਿੰਦਣਯੋਗ ਹੈ, ਜੋ ਜਨਤਕ ਜੀਵਨ ’ਚ ਮਰਿਆਦਾ ਦੀਆਂ ਹੱਦਾਂ ਨੂੰ ਪਾਰ ਕਰਦੀ ਹੈ।’’
ਭਾਜਪਾ ਨੇ ਕਿਹਾ, “ਕੀ ਬਿਲਾਵਲ ਭੁੱਟੋ ਦੀ ਇੰਨੀ ਹੈਸੀਅਤ ਹੈ ਕਿ ਉਹ ਸਾਡੇ ਪ੍ਰਧਾਨ ਮੰਤਰੀ ਦੇ ਖਿਲਾਫ ਅਜਿਹੀ ਟਿੱਪਣੀ ਕਰੇ! ਬਿਲਾਵਲ ਭੁੱਟੋ ਦੀ ਇਸ ਘਟੀਆ ਹਰਕਤ ਨੇ ਵਿਸ਼ਵ ਮੰਚ ’ਤੇ ਪਾਕਿਸਤਾਨ ਦੀ ਕਲੰਕ ਗਾਥਾ ’ਚ ਨਵਾਂ ਅਧਿਆਏ ਜੋੜ ਦਿੱਤਾ ਹੈ।’’
ਮੁਸਲਿਮ ਬੁੱਧੀਜੀਵੀਆਂ ਨੇ ਵੀ ਕੀਤੀ ਨਿਖੇਧੀ
ਭਾਰਤ ਦੇ ਕਈ ਮੁਸਲਮਾਨ ਬੁੱਧੀਜੀਵੀਆਂ, ਨਾਗਰਿਕ ਸਮਾਜ ਦੇ ਮੈਂਬਰਾਂ ਅਤੇ ਵਿਦਵਾਨਾਂ ਨੇ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕਰਨ ਦੀ ਨਿੰਦਾ ਕੀਤੀ ਹੈ। ਦਿੱਲੀ ਯੂਨੀਵਰਸਿਟੀ ਦੇ ਮਹਾਰਾਜਾ ਅਗਰਸੇਨ ਕਾਲਜ ’ਚ ਅੰਤਰਰਾਸ਼ਟਰੀ ਸਬੰਧ ਪੜ੍ਹਾਉਣ ਵਾਲੀ ਡਾ. ਸ਼ੋਮੇਲਾ ਵਾਰਸੀ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਤਾਰੀਫ਼ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਟਿੱਪਣੀ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਹੈ। ਉੱਥੇ ਹੀ ਸੂਫੀ ਪੀਸ ਫਾਊਂਡੇਸ਼ਨ ਦੇ ਲੇਖਕ ਅਤੇ ਪ੍ਰਧਾਨ ਡਾ. ਮੁਹੰਮਦ ਹਫਿਜ਼ੁਰ ਰਹਿਮਾਨ ਨੇ ਇਨ੍ਹਾਂ ਟਿੱਪਣੀਆਂ ਨੂੰ ਸ਼ਰਮਨਾਕ ਦੱਸਿਆ ਹੈ।

Comment here