ਸਿਆਸਤਖਬਰਾਂ

ਭਾਰਤ ਚ ਜਨਤਕ ਥਾਵਾਂ ਤੇ ਬਣਨਗੇ ਫੀਡਿੰਗ ਰੂਮ

ਨਵੀਂ ਦਿੱਲੀ- ਭਾਰਤ ਵਿੱਚ ਸਮਾਜਿਕ ਪੱਧਰ ਤੇ ਵੱਡੇ ਬਦਲਾਅ ਆ ਰਹੇ ਹਨ। ਸੁਪਰੀਮ ਕੋਰਟ ਨੇ ਮਾਵਾਂ ਵੱਲੋਂ ਆਪਣੇ ਬੱਚਿਆਂ ਨੂੰ ਜਨਤਕ ਥਾਵਾਂ ‘ਤੇ ਦੁੱਧ ਪਿਲਾਉਣ ਦੀ ਪਟੀਸ਼ਨ ‘ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਫੀਡਿੰਗ ਤੇ ਚਾਈਲਡ ਕੇਅਰ ਰੂਮ ਤੇ ਹੋਰ ਸਹੂਲਤਾਂ ਦੀ ਉਸਾਰੀ ਦੀ ਮੰਗ ਵਾਲੀ ਪਟੀਸ਼ਨ ‘ਤੇ ਕੇਂਦਰ ਤੋਂ ਜਵਾਬ ਮੰਗਿਆ ਗਿਆ ਹੈ। ਜਸਟਿਸ ਦਿਨੇਸ਼ ਮਹੇਸ਼ਵਰੀ ਤੇ ਜਸਟਿਸ ਜੇਕੇ ਮਹੇਸ਼ਵਰੀ ਦੀ ਬੈਂਚ ਨੇ ਇਹ ਨੋਟਿਸ ਇਕ ਗੈਰ ਸਰਕਾਰੀ ਸੰਗਠਨ ਮਾਤਰੂ ਸਪਸ਼ ਦੁਆਰਾ ਦਾਇਰ ਪਟੀਸ਼ਨ ‘ਤੇ ਜਾਰੀ ਕੀਤਾ।ਪਟੀਸ਼ਨਰ ਮਾਤਰੂ ਸਪਸ਼, ਅਵਯਾਨ ਫਾਊਂਡੇਸ਼ਨ ਇੱਕ ਐਨਜੀਓ ਹੈ ਜੋ ਜਨਤਕ ਥਾਵਾਂ ‘ਤੇ ਫੀਡਿੰਗ ਰੂਮ, ਚਾਈਲਡ ਕੇਅਰ ਰੂਮ ਅਤੇ ਕਰੈਚ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ। ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲਾਂ ਨੇਹਾ ਰਸਤੋਗੀ, ਅਨੀਮੇਸ਼ ਰਸਤੋਗੀ ਅਤੇ ਅਭਿਮਨਿਊ ਸ਼੍ਰੇਸ਼ਠ ਨੇ ਫੀਡਿੰਗ ਰੂਮ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਇਹ ਅੱਜ ਦੀ ਜ਼ਿੰਦਗੀ ‘ਚ ਅਹਿਮ ਗੱਲ ਹੈ, ਜਿਸ ‘ਤੇ ਜਲਦ ਫੈਸਲਾ ਲਿਆ ਜਾਣਾ ਚਾਹੀਦਾ ਹੈ। ਪਟੀਸ਼ਨਰ ਨੇ ਕਿਹਾ ਕਿ ਅੱਜ ਦੇ ਹਾਲਾਤ ਵਿੱਚ ਜਦੋਂ ਔਰਤਾਂ ਇੰਨੀ ਵੱਡੀ ਗਿਣਤੀ ਵਿੱਚ ਰੁਜ਼ਗਾਰ ਲਈ ਬਾਹਰ ਨਿਕਲ ਰਹੀਆਂ ਹਨ ਤਾਂ ਸਾਰੀਆਂ ਜਨਤਕ ਥਾਵਾਂ ‘ਤੇ ਫੀਡਿੰਗ ਰੂਮ ਤੇ ਚਾਈਲਡ ਕੇਅਰ ਰੂਮ ਬਹੁਤ ਮਹੱਤਵਪੂਰਨ ਹਨ। ਐਡਵੋਕੇਟ ਨੇ ਕਿਹਾ ਕਿ ਇਹ ਸਭ ਹੁਣ ਬੁਨਿਆਦੀ ਸਹੂਲਤਾਂ ਹਨ ਤੇ ਇਹ ਵੀ ਜ਼ਰੂਰੀ ਹੈ ਤਾਂ ਜੋ ਔਰਤਾਂ ਆਪਣੀ ਜ਼ਿੰਦਗੀ ਸਨਮਾਨ ਨਾਲ ਜੀਅ ਸਕਣ।

Comment here