ਅਪਰਾਧਸਿਆਸਤਖਬਰਾਂ

ਭਾਰਤ ਚ ਖੁਦਕੁਸ਼ੀ ਦੇ ਮਾਮਲੇ ਵਧੇ, ਹਰ ਦਿਨ 31 ਬੱਚੇ ਮੌਤ ਨੂੰ ਗਲ ਲਾ ਰਹੇ ਨੇ

ਨਵੀਂ ਦਿੱਲੀ-ਕੇਂਦਰ ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਸਾਲ 2020 ਵਿੱਚ 1,53,052 ਖ਼ੁਦਕੁਸ਼ੀ ਮਾਮਲੇ ਦਰਜ ਕੀਤੇ ਗਏ ਭਾਵ ਇਕ ਦਿਨ ਵਿੱਚ ਔਸਤਨ 418 ਖ਼ੁਦਕੁਸ਼ੀਆਂ ਕੀਤੀਆਂ ਗਈਆਂ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ 2019 ਦੇ ਮੁਕਾਬਲੇ ਸਾਲ 2020 ਵਿੱਚ ਖੁਦਕੁਸ਼ੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਸਾਲ 2019 ਵਿੱਚ ਇਨ੍ਹਾਂ ਦੀ ਗਿਣਤੀ 1,39,123 ਸੀ।  ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਇਸ ਸਾਲ ਭਾਰਤ ਵਿਚ ਹੋਈਆਂ 1,53,053 ਖੁਦਕੁਸ਼ੀਆਂ ਵਿੱਚੋਂ 37,666 (24.6 ਫੀਸਦੀ) ਦਿਹਾੜੀਦਾਰਾਂ ਨੇ ਕੀਤੀਆਂ | ਬਿਊਰੋ ਮੁਤਾਬਕ ਇਹ 7 ਸਾਲ ਪਹਿਲਾਂ ਹੋਈਆਂ ਖੁਦਕੁਸ਼ੀਆਂ ਨਾਲੋਂ ਦੁੱਗਣੀਆਂ ਹਨ | 2014 ਵਿਚ ਕੁਲ ਖੁਦਕੁਸ਼ੀਆਂ ਵਿਚ ਦਿਹਾੜੀਦਾਰਾਂ ਦੀ ਗਿਣਤੀ 12 ਫੀਸਦੀ, 2015 ਵਿਚ 17.8 ਫੀਸਦੀ, 2016 ਵਿਚ 19.2 ਫੀਸਦੀ, 2017 ਵਿਚ 22.1 ਫੀਸਦੀ, 2018 ਵਿਚ 22.4 ਫੀਸਦੀ ਤੇ 2019 ਵਿਚ 23.4 ਫੀਸਦੀ ਸੀ | ਸੱਤ ਸਾਲ ਤੋਂ ਮੋਦੀ ਰਾਜ ਹੀ ਚੱਲ ਰਿਹਾ ਹੈ | ਐੱਨ ਸੀ ਆਰ ਬੀ ਦੀ ਹਾਦਸਿਆਂ ਤੇ ਖੁਦਕੁਸ਼ੀਆਂ ਨਾਲ ਮੌਤਾਂ ਬਾਰੇ ਇਸ ਸਾਲਾਨਾ ਰਿਪੋਰਟ ਮੁਤਾਬਕ ਸਭ ਤੋਂ ਵੱਧ 6495 ਦਿਹਾੜੀਦਾਰਾਂ ਨੇ ਤਾਮਿਲਨਾਡੂ ਵਿਚ ਖੁਦਕੁਸ਼ੀਆਂ ਕੀਤੀਆਂ | ਉਸ ਤੋਂ ਬਾਅਦ ਮੱਧ ਪ੍ਰਦੇਸ਼ (4945), ਮਹਾਰਾਸ਼ਟਰ (4176), ਤੇਲੰਗਾਨਾ (3831) ਤੇ ਗੁਜਰਾਤ (2754) ਆਉਂਦੇ ਹਨ | ਐੱਨ ਸੀ ਆਰ ਬੀ ਨੇ ਆਪਣੀ ਰਿਪੋਰਟ ਵਿਚ ਦਿਹਾੜੀਦਾਰਾਂ ਬਾਰੇ ਅੰਕੜੇ ਜਾਰੀ ਕਰਨੇ 2014 ਵਿਚ ਹੀ ਸ਼ੁਰੂ ਕੀਤੇ ਸਨ | ਐੱਨ ਸੀ ਆਰ ਬੀ ਖੁਦਕੁਸ਼ੀਆਂ ਨੂੰ 9 ਕੈਟੇਗਰੀਆਂ ਵਿਚ ਵੰਡਦਾ ਹੈ | ਤਾਜ਼ਾ ਰਿਪੋਰਟ ਵਿਚ ਦਿਹਾੜੀਦਾਰਾਂ ਤੋਂ ਬਾਅਦ ਖੁਦਕੁਸ਼ੀਆਂ ਕਰਨ ਵਾਲਿਆਂ ਵਿਚ ਗ੍ਰਹਿਣੀਆਂ (14.6 ਫੀਸਦੀ), ਸਵੈਰੁਜ਼ਗਾਰ ਕਰਨ ਵਾਲੇ (11.3 ਫੀਸਦੀ), ਬੇਰੁਜ਼ਗਾਰ (10.2 ਫੀਸਦੀ), ਤਨਖਾਹਦਾਰ (9.7 ਫੀਸਦੀ), ਕਿਸਾਨ (7 ਫੀਸਦੀ) ਤੇ ਰਿਟਾਇਰਡ ਵਿਅਕਤੀ (1 ਫੀਸਦੀ) ਸ਼ਾਮਲ ਸਨ | ਇਸਤੋਂ ਇਲਾਵਾ 13.4 ਫੀਸਦੀ ਖੁਦਕੁਸ਼ੀਆਂ ‘ਹੋਰਨਾਂ ਵਿਅਕਤੀਆਂ’ ਵਾਲੀ ਕੈਟੇਗਰੀਆਂ ਦੀਆਂ ਹਨ | 2019 ਵਿਚ 10.1 ਫੀਸਦੀ ਬੇਰੁਜ਼ਗਾਰਾਂ ਨੇ ਖੁਦਕੁਸ਼ੀ ਕੀਤੀ ਸੀ ਤੇ 2020 ਵਿਚ 10.2 ਫੀਸਦੀ ਨੇ | ਲਗਾਤਾਰ ਦੂਜੇ ਸਾਲ ਅੰਕੜਾ ਦਹਾਈ ਵਿਚ ਰਿਹਾ ਹੈ | ਐੱਨ ਸੀ ਆਰ ਬੀ ਦੀ ਰਿਪੋਰਟ ਸਿਰਫ ਅੰਕੜੇ ਦੱਸਦੀ ਹੈ, ਇਹ ਨਹੀਂ ਦੱਸਦੀ ਕਿ ਖੁਦਕੁਸ਼ੀਆਂ ਦੇ ਕਾਰਨ ਕੀ ਸਨ | ਸਭ ਜਾਣਦੇ ਹਨ ਕਿ 2020 ਵਿਚ ਕੋਰੋਨਾ ਮਹਾਂਮਾਰੀ ਨੇ ਕੰਮ-ਧੰਦੇ ਬੰਦ ਕਰਵਾ ਦਿੱਤੇ ਸਨ | ਖੁਸ਼ਹਾਲ ਲੋਕਾਂ ਜਾਂ ਸਰਕਾਰੀ ਮੁਲਾਜ਼ਮਾਂ ਨੇ ਤਾਂ ਜੋੜੇ ਪੈਸੇ ਬੈਂਕਾਂ ਵਿੱਚੋਂ ਕਢਵਾ ਕੇ ਜਾਂ ਪ੍ਰਾਵੀਡੈਂਟ ਫੰਡ ਕਢਵਾ ਕੇ ਵੇਲਾ ਲੰਘਾ ਲਿਆ, ਪਰ ਨਿੱਜੀ ਖੇਤਰ ਵਿਚ ਕੰਮ ਕਰਨ ਵਾਲੇ ਅਤੇ ਦਿਹਾੜੀਆਂ ਲਾਉਣ ਵਾਲਿਆਂ ਦਾ ਤਾਂ ਕਚੂੰਬਰ ਨਿਕਲ ਗਿਆ | ਸਰਕਾਰ ਨੇ ਮੁਫਤ ਅਨਾਜ ਵੀ ਕਾਫੀ ਦੇਰ ਬਾਅਦ ਵੰਡਣਾ ਸ਼ੁਰੂ ਕੀਤਾ | ਉਸ ਨੇ ਬੇਰੁਜ਼ਗਾਰ ਹੋ ਗਏ ਲੋਕਾਂ ਦੇ ਖਾਤਿਆਂ ਵਿਚ ਪੈਸੇ ਪਾਉਣ ਦੀ ਮੰਗ ਨਹੀਂ ਮੰਨੀ | ਕਈ ਬਾਹਰਲੇ ਦੇਸ਼ਾਂ ਨੇ ਸਰਕਾਰ ਵੱਲੋਂ ਤੇ ਨਿਜੀ ਅਦਾਰਿਆਂ ਤੋਂ ਵੀ ਬਕਾਇਦਾ ਬੇਰੁਜ਼ਗਾਰਾਂ ਦੇ ਖਾਤੇ ਵਿਚ ਪੈਸੇ ਪੁਆਏ ਤਾਂ ਜੋ ਉਹ ਦੋ ਡੰਗ ਦੀ ਰੋਟੀ ਤਾਂ ਖਾ ਸਕਣ | ਇਨ੍ਹਾਂ ਹਾਲਤਾਂ ਵਿਚ ਵਿਹਲੇ ਹੋਏ ਦਿਹਾੜੀਦਾਰ ਖੁਦਕੁਸ਼ੀਆਂ ਲਈ ਮਜਬੂਰ ਹੋਏ |

ਰੋਜਾ਼ਨਾ 31 ਬੱਚੇ ਕਰਦੇ ਨੇ ਖੁਦਕੁਸ਼ੀ

ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ਵਿਚ ਭਾਰਤ ਵਿਚ ਰੋਜ਼ਾਨਾ ਔਸਤਨ 31 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ। ਮਾਹਰਾਂ ਨੇ ਇਸ ਲਈ ਕੋਵਿਡ-19 ਮਹਾਮਾਰੀ ਕਾਰਨ ਬੱਚਿਆਂ ’ਤੇ ਪਏ ਮਨੋਵਿਗਿਆਨਕ ਦਬਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਮੁਤਾਬਕ 2020 ਵਿਚ ਦੇਸ਼ ਵਿਚ 11,396 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ, ਜੋ 2019 ਦੇ ਮੁਕਾਬਲੇ 18 ਫ਼ੀਸਦੀ ਵੱਧ ਹੈ। ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ 2019 ’ਚ 9,613 ਜਦਕਿ 2018 ਵਿਚ 9,413 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ ਸੀ। ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਖ਼ੁਦਕੁਸ਼ੀ ਦੇ ਮੁੱਖ ਕਾਰਨ ਪਰਿਵਾਰਕ ਸਮੱਸਿਆਵਾਂ, ਪ੍ਰੇਮ ਪ੍ਰਸੰਗ ਅਤੇ ਬੀਮਾਰੀ ਸਨ। ਕੁਝ ਬੱਚਿਆਂ ਦੇ ਖ਼ੁਦਕੁਸ਼ੀ ਕਰਨ ਦੇ ਪਿੱਛੇ ਦੇ ਕਾਰਨ ਵਿਚਾਰਕ, ਬੇਰੁਜ਼ਗਾਰੀ, ਦੀਵਾਲੀਆਪਨ, ਨਪੁੰਸਕਤਾ ਅਤੇ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਵਰਗੇ ਕਾਰਨ ਸਨ। ਮਾਹਰਾਂ ਮੁਤਾਬਕ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਅਤੇ ਖੇਡ ਸਬੰਧੀ ਗਤੀਵਿਧੀਆਂ ਠੱਪ ਹੋਣ ਕਾਰਨ ਬੱਚਿਆਂ ਦਾ ਮਾਨਸਿਕ ਅਤੇ ਸਰੀਰ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਬਾਲ ਸੁਰੱਖਿਆ ਲਈ ਕੰਮ ਕਰਨ ਵਾਲੇ ਗੈਰ-ਸਰਕਾਰੀ ਸੰਗਠਨ ‘ਸੇਵ ਦਿ ਚਿਲਡਰਨ’ ਦੇ ਉਪ ਨਿਰਦੇਸ਼ਕ ਪ੍ਰਭਾਤ ਕੁਮਾਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਨਤੀਜੇ ਵਜੋਂ ਸਕੂਲ ਬੰਦ ਹੋਣ ਤੋਂ ਇਲਾਵਾ ਸਮਾਜਿਕ ਇਕਤਾਂਵਾਸ ਕਾਰਨ ਬੱਚਿਆਂ ਸਮੇਤ ਬਾਲਗਾਂ ਦੀ ਮਾਨਸਿਕ ਸਿਹਤ ਬੁਰੀ ਅਸਰ ਪਿਆ। ਕੁਮਾਰ ਨੇ ਕਿਹਾ ਕਿ ਅਸੀਂ ਰਾਸ਼ਟਰੀ ਮਨੁੱਖੀ ਪੂੰਜੀ ਦੇ ਨਿਰਮਾਣ ਲਈ ਬੱਚਿਆਂ ਦੀ ਸਿੱਖਿਆ ਅਤੇ ਸਰੀਰ ਸਿਹਤ ਵਰਗੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ ਪਰ ਇਸ ਦੌਰਾਨ ਅਸੀਂ ਉਨ੍ਹਾਂ ਦੇ ਮਾਨਸਿਕ ਸਿਹਤ ਜਾਂ ਉਨ੍ਹਾਂ ਦੇ ਮਨੋਵਿਗਿਆਨਕ ਅਤੇ ਸਮਾਜਿਕ ਤੌਰ ’ਤੇ ਸਮਰਥਨ ਦੇਣ ’ਤੇ ਧਿਆਨ ਨਹੀਂ ਦਿੰਦੇ। ਬੱਚਿਆਂ ਵਿਚ ਖ਼ੁਦਕੁਸ਼ੀ ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਪੂਰੇ ਤੰਤਰ ਦੀ ਅਸਫ਼ਲਤਾ ਨੂੰ ਸਾਹਮਣੇ ਲਿਆ ਦਿੱਤਾ ਹੈ। ਇਹ ਮਾਤਾ-ਪਿਤਾ, ਪਰਿਵਾਰਾਂ, ਗੁਆਂਢ ਅਤੇ ਸਰਕਾਰ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਉਹ ਇਕ ਚੰਗਾ ਮਾਹੌਲ ਤਿਆਰ ਕਰਨ, ਜਿੱਥੇ ਬੱਚਿਆਂ ਆਪਣੇ ਚੰਗੇ ਭਵਿੱਖ ਪ੍ਰਤੀ ਅਤੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਤਿਆਰ ਹੋ ਸਕਣ।

Comment here