ਸਿਆਸਤਖਬਰਾਂਦੁਨੀਆ

ਭਾਰਤ ‘ਚ ਖਾਲਿਸਤਾਨੀਆਂ ਦੇ ਰੱਦ ਹੋਣਗੇ ਓਸੀਆਈ ਕਾਰਡ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਕੈਨੇਡਾ ਦੇ ਬੈਕਫੁੱਟ ‘ਤੇ ਹਨ। ਇਲਜ਼ਾਮ ਲਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਜੇ ਤੱਕ ਸਬੂਤ ਵੀ ਨਹੀਂ ਦਿਖਾਏ ਹਨ। ਅਜਿਹੇ ‘ਚ ਉਨ੍ਹਾਂ ਦੇ ਦਾਅਵਿਆਂ ਨੂੰ ਝੂਠਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਇਕ ਹੋਰ ਵੱਡੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਰੱਦ ਕਰਨ ਤੋਂ ਬਾਅਦ ਭਾਰਤ ਹੁਣ ਖਾਲਿਸਤਾਨੀ ਅੱਤਵਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਹੁਣ ਕੈਨੇਡਾ, ਯੂਕੇ ਅਤੇ ਅਮਰੀਕਾ ਦੇ ਖਾਲਿਸਤਾਨੀਆਂ ਦੇ ਓਸੀਆਈ ਕਾਰਡ ਰੱਦ ਕਰੇਗਾ, ਜੋ ਵਿਦੇਸ਼ਾਂ ਵਿੱਚ ਰਹਿ ਕੇ ਭਾਰਤ ਵਿਰੋਧੀ ਮੁਹਿੰਮ ਚਲਾ ਰਹੇ ਹਨ ਤੇ ਭਾਰਤੀ ਸੰਸਥਾਵਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਵਿਦੇਸ਼ਾਂ ‘ਚ ਭਾਰਤੀ ਸੰਸਥਾਵਾਂ, ਕੌਂਸਲੇਟਾਂ ਅਤੇ ਦੂਤਘਰਾਂ ‘ਤੇ ਹਮਲਿਆਂ ਤੋਂ ਬਾਅਦ ਭਾਰਤ ਪ੍ਰਦਰਸ਼ਨਕਾਰੀਆਂ ਦੇ ਪਾਸਪੋਰਟ ਰੱਦ ਕਰ ਸਕਦਾ ਹੈ। ਉਨ੍ਹਾਂ ਦਾ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ (ਓਸੀਆਈ) ਵੀ ਰੱਦ ਹੋ ਸਕਦਾ ਹੈ।
ਕੀ ਹੈ ਓਸੀਆਈ ਕਾਰਡ?
ਓਸੀਆਈ ਦਾ ਮਤਲਬ ਹੈ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਅਨ। ਇਹ ਕਾਰਡ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ‘ਚ ਅਣਮਿੱਥੇ ਸਮੇਂ ਲਈ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਜੇਕਰ ਸਰਲ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਵਿਦੇਸ਼ਾਂ ਵਿੱਚ ਵਸਣ ਵਾਲੇ ਅਤੇ ਉਥੋਂ ਦੀ ਨਾਗਰਿਕਤਾ ਲੈਣ ਵਾਲੇ ਭਾਰਤੀ ਲੋਕ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਭਾਰਤ ਵਿੱਚ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ਵਿੱਚ ਅਜਿਹੀ ਦੋਹਰੀ ਨਾਗਰਿਕਤਾ ਲੈਣ ਦੇ ਨਿਯਮ ਹਨ। ਇਹ ਕਾਰਡ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ, ਜੋ ਭਾਰਤ ਦੇ ਨਾਗਰਿਕ ਰਹਿ ਚੁੱਕੇ ਹਨ ਜਾਂ ਉਨ੍ਹਾਂ ਦੇ ਮਾਤਾ-ਪਿਤਾ ਭਾਰਤੀ ਨਾਗਰਿਕ ਰਹੇ ਹੋਣ। ਕਾਰਡ ਜਾਰੀ ਕਰਨ ਤੋਂ ਬਾਅਦ ਭਾਰਤ ਕਾਰਡ ਧਾਰਕ ਨੂੰ ਸਾਰੀ ਉਮਰ ਇੱਥੇ ਕੰਮ ਕਰਨ ਅਤੇ ਹਰ ਤਰ੍ਹਾਂ ਦੇ ਵਿੱਤੀ ਲੈਣ-ਦੇਣ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹੀ ਕਾਰਨ ਹੈ ਕਿ ਇਹ ਕਾਰਡ ਜੀਵਨ ਭਰ ਵੈਲਿਡ ਰਹਿੰਦਾ ਹੈ। ਕਾਰਡ ਧਾਰਕ ਨੂੰ ਭਾਰਤ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ।
ਕਾਰਡ ਧਾਰਕ ਕੀ ਕਰ ਸਕਦੇ ਹਨ ਤੇ ਕੀ ਨਹੀਂ?
ਓਸੀਆਈ ਕਾਰਡ ਧਾਰਕਾਂ ਨੂੰ ਲੈ ਕੇ ਕੁਝ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਆਮ ਭਾਰਤੀਆਂ ਵਾਂਗ ਉਨ੍ਹਾਂ ਦੇ ਵੀ ਕਈ ਅਧਿਕਾਰ ਹਨ ਪਰ ਕੁਝ ਕੰਮ ਕਰਨ ਦੀ ਮਨਾਹੀ ਹੈ। ਜਿਵੇਂ- ਉਹ ਚੋਣ ਨਹੀਂ ਲੜ ਸਕਦੇ, ਭਾਰਤ ਵਿੱਚ ਵੋਟ ਨਹੀਂ ਪਾ ਸਕਦੇ, ਸੰਵਿਧਾਨਕ ਅਹੁਦੇ ‘ਤੇ ਕੰਮ ਨਹੀਂ ਕਰ ਸਕਦੇ ਜਾਂ ਸਰਕਾਰੀ ਨੌਕਰੀ ਨਹੀਂ ਕਰ ਸਕਦੇ। ਵਾਹੀਯੋਗ ਜ਼ਮੀਨ ਵੀ ਨਹੀਂ ਖਰੀਦ ਸਕਦੇ।
ਅੱਤਵਾਦੀਆਂ ਦੀ ਨਵੀਂ ਲਿਸਟ ਵੀ ਕੀਤੀ ਜਾਰੀ
ਸੂਤਰਾਂ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ ਨੇ ਖਾਲਿਸਤਾਨੀ ਅੱਤਵਾਦੀਆਂ ਦੀ ਨਵੀਂ ਲਿਸਟ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਕੁਲ 19 ਨਾਂ ਹਨ, ਜਿਨ੍ਹਾਂ ‘ਚ ਬਰਤਾਨੀਆ ਵਿੱਚ ਰਹਿ ਰਹੇ 7 ਖਾਲਿਸਤਾਨੀ ਅਤੇ ਅਮਰੀਕਾ ‘ਚ ਰਹਿ ਰਹੇ 5 ਖਾਲਿਸਤਾਨੀ ਸ਼ਾਮਲ ਹਨ। ਇਹ ਉਹ 19 ਲੋਕ ਹਨ ਜੋ ਵਿਦੇਸ਼ਾਂ ‘ਚ ਰਹਿ ਕੇ ਭਾਰਤ ਵਿਰੁੱਧ ਪ੍ਰਚਾਰ ਕਰ ਰਹੇ ਹਨ।

Comment here