ਸਿਹਤ-ਖਬਰਾਂਖਬਰਾਂ

ਭਾਰਤ ਚ ਕੋਵਿਡ 19 ਦੇ ਮਾਮਲੇ ਘਟੇ

ਮੁੰਬਈ- ਦੇਸ਼ ’ਚ ਕੋਰੋਨਾ ਇਨਫੈਕਸ਼ਨ ਦਰ ’ਚ ਪਿਛਲੇ ਮਹੀਨੇ ਸਤੰਬਰ ਤੋਂ  ਹੀ ਕਮੀ ਦਰਜ ਕੀਤੀ ਜਾ ਰਹੀ ਹੈ। ਇੱਕ ਅਧਿਐਨ ਦੇ ਮੁਤਾਬਕ ਸਤੰਬਰ ਦੇ ਬਾਅਦ ਤੋਂ ਆਰ-ਵੈਲਿਊ ਇਕ ਤੋਂ ਹੇਠਾਂ ਬਣਿਆ ਹੋਇਆ ਹੈ। ਆਰ-ਵੈਲਿਊ ਇਹ ਦਰਸਾਉਂਦਾ ਹੈ ਕਿ ਇਕ ਇਨਫੈਕਟਿਡ ਵਿਅਕਤੀ ਤੋਂ ਕਿੰਨੇ ਨਵੇਂ ਲੋਕਾਂ ’ਚ ਇਨਫੈਕਸ਼ਨ ਹੋ ਰਿਹਾ ਹੈ। ਆਰ-ਵੈਲਿਊ ਇਕ ਤੋਂ ਹੇਠਾਂ ਹੋਣ ਦਾ ਮਤਲਬ ਹੈ ਕਿ ਇਨਫੈਕਸ਼ਨ ਦਾ ਪ੍ਰਸਾਰ ਘੱਟ ਹੋ ਰਿਹਾ ਹੈ। ਇਕ ਤੋਂ ਜ਼ਿਆਦਾ ਆਰ-ਵੈਲਿਊ ਦਾ ਮਤਲਬ ਹੈ ਕਿ ਇਨਫੈਕਸ਼ਨ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ ਤੇ ਇਕ ਵਿਅਕਤੀ ਇਕ ਤੋਂ ਜ਼ਿਆਦਾ ਲੋਕਾਂ ਨੂੰ ਇਨਫੈਕਟਿਡ ਕਰ ਰਿਹਾ ਹੈ। ਚੇਨਈ ਸਥਿਤ ਗਣਿਤ ਵਿਗਿਆਨ ਦੀ ਇੰਸਟੀਚਿਊਟ ਦੇ ਖੋਜਕਰਤਾਵਾਂ ਦੇ ਮੁਲਾਂਕਣ ਦੇ ਮੁਤਾਬਕ ਸਭ ਤੋਂ ਜ਼ਿਆਦਾ ਸਰਗਰਮ ਮਾਮਲਿਆਂ ਵਾਲੇ 10 ਸੂਬਿਆਂ ’ਚ 18 ਅਕਤੂਬਰ ਤਕ ਆਰ-ਵੈਲਿਊ ਇਕ ਤੋਂ ਹੇਠਾਂ ਸੀ। ਹਾਲਾਂਕਿ ਕੁਝ ਸ਼ਹਿਰਾਂ ’ਚ ਸਰਗਰਮ ਮਾਮਲੇ ਵੱਧ ਰਹੇ ਹਨ। ਖੋਜ ਕਰਨ ਵਾਲੀ ਟੀਮ ਦੇ ਪ੍ਰਮੁਖ ਸੀਤਾਭਰਾ ਸਿਨਹਾ ਨੇ ਕਿਹਾ ਕਿ ਕੋਲਕਾਤਾ ’ਚ ਆਰ-ਵੈਲਿਊ ਇਕ ਤੋਂ ਜ਼ਿਆਦਾ ਪਾਇਆ ਗਿਆ ਹੈ ਤੇ ਇਸਦੀ ਮੁੱਖ ਵਜ੍ਹਾ ਦੁਸਹਿਰੇ ਦੌਰਾਨ ਜ਼ਿਆਦਾ ਭੀੜ ਦਾ ਹੋਣਾ ਹੈ। ਇਸ ਤਰ੍ਹਾਂ ਬੇਂਗਲੁਰੂ ’ਚ ਵੀ ਆਰ-ਵੈਲਿਊ ਇਕ ਤੋਂ ਜ਼ਿਆਦਾ ਮਿਲਿਆ ਹੈ। ਜਦਕਿ, ਚੇਨਈ, ਪੁਣੇ ਤੇ ਮੁੰਬਈ ’ਚ ਇਹ ਇਕ ਤੋਂ ਥੋੜ੍ਹਾ ਹੀ ਘੱਟ ਹੈ।  ਦੇਸ਼ ’ਚ 25 ਸਤੰਬਰ ਤੋਂ 18 ਅਕਤੂਬਰ ਤਕ ਆਰ-ਵੈਲਿਊ 0.90 ਰਿਕਾਰਡ ਕੀਤਾ ਗਿਆ। 30 ਅਗਸਤ ਤੋਂ ਤਿੰਨ ਸਤੰਬਰ ਤਕ ਇਹ 1.11 ਸੀ। ਚਾਰ ਸਤੰਬਰ ਤੋਂ ਸੱਤ ਸਤੰਬਰ ਦੇ ਵਿਚਾਲੇ ਆਰ-ਵੈਲਿਊ ’ਚ ਗਿਰਾਵਟ ਸ਼ੁਰੂ ਹੋਈ ਤੇ ਇਸ ਦੌਰਾਨ ਇਹ 0.94 ਸੀ। 11 ਤੋਂ 15 ਸਤੰਬਰ ਤਕ ਇਹ 0.86 ਰਿਹਾ। ਪਿਛਲੇ ਅੱਠ ਮਹੀਨਿਆਂ ਬਾਅਦ ਇਕ ਦਿਨ ’ਚ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਮਾਰਚ ਦੇ ਬਾਅਦ ਸਰਗਰਮ ਮਾਮਲੇ ਵੀ ਸਭ ਤੋਂ ਘੱਟ ਰਹਿ ਗਏ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ਤੇ ਮੌਤ ਦਰ ਸਥਿਰ ਬਣੀ ਹੋਈ ਹੈ। ਰੋਜ਼ਾਨਾ ਤੇ ਹਫਤਾ ਇਨਫੈਕਸ਼ਨ ਦਰ ਵੀ ਦੋ ਫੀਸਦੀ ਤੋਂ ਘੱਟ ਬਣੀ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 13,058 ਨਵੇਂ ਮਾਮਲੇ ਮਿਲੇ ਹਨ ਤੇ 164 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਸਰਗਰਮ ਮਾਮਲਿਆਂ ’ਚ 6,576 ਦੀ ਗਿਰਾਵਟ ਆਈ ਹੈ ਤੇ ਕੁਲ ਐਕਟਿਵ ਕੇਸ 1,83,118 ਰਹਿ ਗਏ ਹਨ ਜੋ ਕੁਲ ਮਾਮਲਿਆਂ ਦਾ 0.54 ਫੀਸਦੀ ਹੈ। ਕੋਵਿਨ ਪੋਰਟਲ ’ਤੇ  ਉਪਲਬਧ ਅੰਕੜਿਆਂ ਮੁਤਾਬਕ ਕੋਰੋਨਾ ਰੋਕੂ ਵੈਕਸੀਨ ਦੀ ਹੁਣ ਤਕ ਕੁਲ 98.98 ਕਰੋੜ ਡੋਜ਼ ਲਾਈ ਜਾ ਚੁੱਕੀ ਹੈ। ਇਨ੍ਹਾਂ ’ਚ 70.13 ਕਰੋੜ ਪਹਿਲੀ ਤੇ 28.84 ਕਰੋੜ ਦੂਜੀ ਡੋਜ਼ ਸ਼ਾਮਿਲ ਹੈ।

Comment here