ਸਿਆਸਤਸਿਹਤ-ਖਬਰਾਂਖਬਰਾਂ

ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ

24 ਘੰਟਿਆਂ ‘ਚ ਕੋਰੋਨਾ ਦੇ ਇਕ ਲੱਖ 68 ਹਜ਼ਾਰ ਮਾਮਲੇ ਦਰਜ
ਓਮੀਕ੍ਰੋਨ ਦੇ ਮਾਮਲਿਆਂ ‘ਚ ਵੀ ਹੋ ਰਿਹੈ ਵਾਧਾ
ਨਵੀਂ ਦਿੱਲੀ-ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ‘ਚ 90 ਲੱਖ 7 ਹਜ਼ਾਰ 700 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਅੱਜ ਯਾਨੀ ਮੰਗਲਵਾਰ ਸਵੇਰੇ 7 ਵਜੇ ਤੱਕ 152 ਕਰੋੜ 89 ਲੱਖ 70 ਹਜ਼ਾਰ 294 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ‘ਚ ਕੋਰੋਨਾ ਸੰਕਰਮਣ ਦੇ ਇਕ ਲੱਖ 68 ਹਜ਼ਾਰ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਨਾਲ ਹੀ ਦੇਸ਼ ‘ਚ ਕੋਰੋਨਾ ਰੋਗੀਆਂ ਦੀ ਗਿਣਤੀ 8 ਲੱਖ 21 ਹਜ਼ਾਰ 446 ਹੋ ਗਈ ਹੈ। ਇਹ ਪੀੜਤ ਮਾਮਲਿਆਂ ਦਾ 2.29 ਫੀਸਦੀ ਹੈ। ਰੋਜ਼ਾਨਾ ਸੰਕਰਮਣ ਦਰ 10.64 ਫੀਸਦੀ ਹੋ ਗਈ ਹੈ। ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨਾਲ 28 ਸੂਬਿਆਂ ‘ਚ 4461 ਵਿਅਕਤੀ ਪੀੜਤ ਪਾਏ ਗਏ ਹਨ, ਜਿਨ੍ਹਾਂ ‘ਚ ਮਹਾਰਾਸ਼ਟਰ ‘ਚ ਸਭ ਤੋਂ ਵੱਧ 1247, ਰਾਜਸਥਾਨ ‘ਚ 645 ਅਤੇ ਦਿੱਲੀ ‘ਚ 546 ਮਾਮਲੇ ਹਨ। ਓਮੀਕ੍ਰੋਨ ਦੇ ਸੰਕਰਮਣ ਨਾਲ 1711 ਵਿਅਕਤੀ ਠੀਕ ਹੋ ਚੁਕੇ ਹਨ। ਮੰਤਰਾਲਾ ਨੇ ਦੱਸਿਆ ਕਿ ਇਸੇ ਮਿਆਦ ‘ਚ 69959 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਹੁਣ ਤੱਕ ਕੁੱਲ ਤਿੰਨ ਕਰੋੜ 45 ਲੱਖ 70 ਹਜ਼ਾਰ 131 ਲੋਕ ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਸਿਹਮੰਦ ਹੋਣ ਦੀ ਦਰ 96.36 ਫੀਸਦੀ ਹੈ।
ਕੋਰੋਨਾ ਸਥਿਤੀ ‘ਤੇ ਪੀਐੱਮ ਮੋਦੀ ਮੰਤਰੀਆਂ ਨਾਲ ਕਰ ਸਕਦੇ ਬੈਠਕ
ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਕਾਰਨ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਸਕਦੇ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਸੂਤਰਾਂ ਨੇ ਦਿੱਤੀ। ਸੰਕਰਮਣ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਦੇਸ਼ ‘ਚ ਕੋਰੋਨਾ ਦੇ ਹਾਲਾਤ, ਸਿਹਤ ਸੰਬੰਧੀ ਬੁਨਿਆਦੀ ਢਾਂਚੇ ਅਤੇ ਸਪਲਾਈ ਵਿਵਸਥਾ ਦੀਆਂ ਚੱਲ ਰਹੀਆਂ ਤਿਆਰੀਆਂ, ਦੇਸ਼ ‘ਚ ਟੀਕਾਕਰਨ ਮੁਹਿੰਮ ਦੀ ਸਥਿਤੀ, ਓਮੀਕ੍ਰੋਨ ਦੇ ਪ੍ਰਸਾਰ ਅਤੇ ਇਸ ਦੇ ਜਨ ਸਿਹਤ ਪ੍ਰਭਾਵ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਸੀ।
ਉਨ੍ਹਾਂ ਨੇ ਇਸ ਦੌਰਾਨ ਜ਼ਿਲ੍ਹਾ ਪੱਧਰ ‘ਤੇ ਸਿਹਤ ਸੰਬੰਧੀ ਪੂਰਾ ਬੁਨਿਆਦੀ ਢਾਂਚਾ ਯਕੀਨੀ ਕੀਤੇ ਜਾਣ ਅਤੇ ਨਾਬਾਲਗਾਂ ਲਈ ਟੀਕਾਕਰਨ ਮੁਹਿੰਮ ਮਿਸ਼ਨ ਮੋਡ ‘ਤੇ ਤੇਜ਼ ਕੀਤੇ ਜਾਣ ਦੀ ਅਪੀਲ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਸੂਬਿਆਂ ਦੇ ਹਾਲਾਤ, ਤਿਆਰੀਆਂ ਅਤੇ ਜਨ ਸਿਹਤ ਸਹੂਲਤਾਂ ‘ਤੇ ਚਰਚਾ ਲਈ ਮੁੱਖ ਮੰਤਰੀਆਂ ਨਾਲ ਬੈਠਕ ਬੁਲਾਈ ਜਾਵੇਗੀ। ਦੱਸਣਯੋਗ ਹੈ ਕਿ ਮਾਮਲਿਆਂ ‘ਚ ਵਾਧੇ ਦਰਮਿਆਨ ਦੇਸ਼ ‘ਚ ਸਿਹਤ ਕਰਮੀਆਂ, ਮੋਹਰੀ ਮੋਰਚੇ ਦੇ ਕਰਮੀਆਂ ਅਤੇ ਹੋਰ ਗੰਭੀਰ ਬੀਮਾਰੀਆਂ ਨਾਲ ਪੀੜਤ 60 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਦੀ ਚੌਕਸੀ ਵਜੋਂ ਟੀਕਿਆਂ ਦੀ ਬੂਸਟਰ ਖ਼ੁਰਾਕ ਦਿੱਤੇ ਜਾਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੰਦੇ ਰਹੇ ਹਨ ਕਿ ਟੀਕਾਕਰਨ ਕੋਰੋਨਾ ਵਿਰੁੱਧ ਲੜਾਈ ‘ਚ ਸਭ ਤੋਂ ਪ੍ਰਭਾਵੀ ਹਥਿਆਰ ਹੈ। ਸਾਲ 2020 ‘ਚ ਮਹਾਮਾਰੀ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਉਹ ਹਮੇਸ਼ਾ ਮੁੱਖ ਮੰਤਰੀਆਂ ਨਾਲ ਬੈਠਕਾਂ ਕਰ ਕੇ ਸਥਿਤੀ ਦੀ ਸਮੀਖਿਆ ਕਰਦੇ ਰਹੇ ਹਨ।
ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਅੱਜ ਤੋਂ ਬਦਲੇ ਨਿਯਮ
ਦੁਨੀਆ ਭਰ ‘ਚ ਵਧ ਰਹੇ ਕੋਰੋਨਾ ਵਾਇਰਸ  ਦੇ ਵਿਚਕਾਰ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਸਾਰੇ ਯਾਤਰੀਆਂ ਲਈ ਮੰਗਲਵਾਰ ਤੋਂ ਨਵੇਂ ਨਿਯਮ ਲਾਗੂ ਹੋ ਗਏ ਹਨ। ਭਾਰਤ ਨੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਪਹੁੰਚਣ ‘ਤੇ ਸੱਤ ਦਿਨਾਂ ਲਈ ਘਰ ਵਿਚ ਕੁਆਰੰਟੀਨ ਵਿੱਚ ਰਹਿਣਾ ਅਤੇ 8ਵੇਂ ਦਿਨ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਓਮਾਈਕਰੋਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰੀਆਂ ‘ਤੇ ਪਾਬੰਦੀਆਂ ਨੂੰ ਵਧਾਉਂਦੇ ਹੋਏ ਇਸ ਸਬੰਧ ਵਿਚ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਾਰੀ ਦਿਸ਼ਾ-ਨਿਰਦੇਸ਼ 11 ਜਨਵਰੀ ਯਾਨੀ ਅੱਜ ਤੋਂ ਲਾਗੂ ਹੋਣਗੇ ਅਤੇ ਅਗਲੇ ਸਰਕਾਰੀ ਹੁਕਮਾਂ ਤੱਕ ਲਾਗੂ ਰਹਿਣਗੇ। ਮੌਜੂਦਾ ਨਿਯਮਾਂ ਦੇ ਅਨੁਸਾਰ, ਜਿਨ੍ਹਾਂ ਨੂੰ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਵਿੱਚ ਬਰਕਰਾਰ ਰੱਖਿਆ ਗਿਆ ਹੈ, ਜੋਖਮ ਵਾਲੇ ਦੇਸ਼ਾਂ ਦੇ ਰੂਪ ਵਿੱਚ ਸੂਚੀਬੱਧ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਹੁੰਚਣ ‘ਤੇ ਕੋਵਿਡ ਟੈਸਟਿੰਗ ਲਈ ਆਪਣੇ ਨਮੂਨੇ ਜਮ੍ਹਾਂ ਕਰਾਉਣੇ ਪੈਣਗੇ ਅਤੇ ਉਨ੍ਹਾਂ ਨੂੰ ਬਾਹਰ ਜਾਣ ਜਾਂ ਅਗਲੀ (ਕਨੈਕਟਿੰਗ) ਫਲਾਈਟ ਵਿੱਚ ਸਵਾਰ ਹੋਣ ਲਈ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਨੀ ਪਵੇਗੀ। ਜਿਹੜੇ ਲੋਕਾਂ ਦੇ ਟੈਸਟ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋਵੇਗੀ, ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਵਿੱਚ ਭੇਜਿਆ ਜਾਵੇਗਾ। ਜੇਕਰ ਟੈਸਟ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ, ਤਾਂ ਉਨ੍ਹਾਂ ਨੂੰ ਸੱਤ ਦਿਨਾਂ ਲਈ ਹੋਮ ਕੁਆਰੰਟੀਨ ਵਿੱਚ ਰਹਿਣਾ ਪਵੇਗਾ ਅਤੇ ਉਸ ਤੋਂ ਬਾਅਦ ਅੱਠਵੇਂ ਦਿਨ ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਜਾਵੇਗਾ।
ਉਨ੍ਹਾਂ ਨੂੰ ਏਅਰ ਸੁਵਿਧਾ ਪੋਰਟਲ (ਸਬੰਧਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਗਰਾਨੀ ਲਈ) ‘ਤੇ ਅੱਠਵੇਂ ਦਿਨ ਕਰਵਾਏ ਗਏ ਟੈਸਟ ਦਾ ਨਤੀਜਾ ਅਪਲੋਡ ਕਰਨਾ ਹੋਵੇਗਾ। ਜੇਕਰ ਟੈਸਟ ਦੇ ਨਤੀਜੇ ਨੈਗੇਟਿਵ ਆਉਂਦੇ ਹਨ, ਤਾਂ ਉਨ੍ਹਾਂ ਨੂੰ ਅਗਲੇ ਸੱਤ ਦਿਨਾਂ ਲਈ ਆਪਣੀ ਸਿਹਤ ਦੀ ਸਵੈ-ਨਿਗਰਾਨੀ ਕਰਨੀ ਪਵੇਗੀ।
ਤਾਮਿਲਨਾਡੂ ’ਚ 31 ਜਨਵਰੀ ਤਕ ਵਧੀ ਤਾਲਾਬੰਦੀ
ਤਾਮਿਲਨਾਡੂ ਸਰਕਾਰ ਨੇ ਕੋਰੋਨਾ ਦੇ ਡੈਲਟਾ ਅਤੇ ਓਮੀਕਰੋਨ ਵੇਰੀਐਂਟ ਦੀ ਵਧਦੀ ਖ਼ਤਰਨਾਕ ਰਫ਼ਤਾਰ ਨੂੰ ਵੇਖਦੇ ਹੋਏ ਹੋਰ ਜ਼ਿਆਦਾ ਪਾਬੰਦੀਆਂ ਦੇ ਨਾਲ ਤਾਲਾਬੰਦੀ ਨੂੰ 31 ਜਨਵਰੀ ਤਕ ਵਧਾ ਦਿੱਤਾ ਹੈ। ਸਿਹਤ ਮਾਹਿਰਾਂ ਦੇ ਮਸ਼ਰਵੇ ਅਤੇ ਦੈਨਿਕ ਕੋਰੋਨਾ ਮਾਮਲਿਆਂ ’ਚ ਹੈਰਾਨੀਜਨਕ ਵਾਧੇ ਨੂੰ ਧਿਆਨ ’ਚ ਰੱਖਦੇ ਹੋਏ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ 31 ਜਨਵਰੀ ਤਕ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਧਦੀ ਭੀੜ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ 14 ਤੋਂ 18 ਜਨਵਰੀ ਤਕ ਸਾਰੇ ਮੰਦਰਾਂ, ਚਰਚਾਂ, ਮਸੀਤਾਂ ਅਤੇ ਹੋਰ ਪੂਜਾ ਘਰਾਂ ’ਚ ਜਨਤਕ ਐਂਟਰੀ ’ਤੇ ਰੋਕ ਲਗਾ ਦਿੱਤੀ ਹੈ, ਜਿਸ ਨਾਲ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚਾਰ ਦਿਨਾਂ ਪੋਂਗਲ ਤਿਉਹਾਰ ’ਚ ਲੋਕਾਂ ਦਾ ਉਤਸ਼ਾਹ ਫਿੱਕਾ ਪੈ ਗਿਆ।
ਪੋਂਗਲ ਦੇ ਆਖਰੀ ਦਿਨ 16 ਜਨਵਰੀ ਨੂੰ ਲੋਕ ਵੱਡੀ ਗਿਣਤੀ ’ਚ ਸਮੁੰਦਰ ਤੱਟਾਂ, ਮਨੋਰੰਜਨ ਪਾਰਕ, ਵੰਡਾਲੂਰ ਚਿੜੀਆਘਰ ਅਤੇ ਹੋਰ ਸਥਾਨਾਂ ’ਤੇ ਪਹੁੰਚਦੇ ਹਨ। ਇਸ ਲਈ ਮੁੱਖ ਮੰਤਰੀ ਨੇ 16 ਜਨਵਰੀ ਨੂੰ ਪੂਰਨ ਤਾਲਾਬੰਦੀ ਦਾ ਐਲਾਨ ਕੀਤਾ ਹੈ ਅਤੇ ਇਸ ਵਾਰ ਲੋਕਾਂ ਨੂੰ ਆਪਣੇ ਘਰਾਂ ’ਚ ਰਹਿ ਕੇ ਹੀ ਪੋਂਗਲ ਮਨਾਉਣਾ ਹੋਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਨਤਕ ਆਵਾਜਾਈ ਵਾਲੀਆਂ ਸੇਵਾਵਾਂ ਨੂੰ 75 ਫੀਸਦੀ ਬੈਠਣ ਦੀ ਸਮਰੱਥਾ ਦੇ ਨਾਲ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਲੋਕ ਪੋਂਗਲ ਤਿਉਹਾਰ ਲਈ ਆਪਣੇ-ਆਪਣੇ ਘਰਾਂ ਤਕ ਪਹੁੰਚ ਸਕਣ।
ਦਿੱਲੀ ‘ਚ ਸਾਰੇ ਦਫ਼ਤਰ ਰਹਿਣਗੇ ਬੰਦ
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹਰ ਰੋਜ਼ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ਵਿੱਚ ਰੋਜ਼ਾਨਾ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਦਿੱਲੀ ਵਿੱਚ ਨਾਈਟ ਕਰਫਿਊ ਅਤੇ ਵੀਕੈਂਡ ਲੌਕਡਾਊਨ ਵਰਗੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਸੋਮਵਾਰ ਨੂੰ ਡੀਡੀਐਮਏ ਦੀ ਮੀਟਿੰਗ ਵਿੱਚ ਦਿੱਲੀ ਵਿੱਚ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਦਾ ਫੈਸਲਾ ਲਿਆ ਗਿਆ। ਦਿੱਲੀ ਦੇ ਸਾਰੇ ਨਿੱਜੀ ਦਫਤਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਇਹ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਮੁਤਾਬਕ ਸਿਰਫ਼ ਛੋਟ ਵਾਲੇ ਹੀ ਨਿੱਜੀ ਦਫ਼ਤਰ ਖੋਲ੍ਹ ਸਕਣਗੇ। ਯਾਨੀ ਦਿੱਲੀ ਦੇ ਹੋਰ ਸਾਰੇ ਨਿੱਜੀ ਦਫਤਰ ਦੇ ਕਰਮਚਾਰੀ ਘਰ ਤੋਂ ਕੰਮ ਕਰਨਗੇ। ਇਸ ਸਮੇਂ ਨਿੱਜੀ ਦਫਤਰ 50% ਸਮਰੱਥਾ ਨਾਲ ਚੱਲ ਰਹੇ ਸਨ, 50% ਕਰਮਚਾਰੀ ਘਰੋਂ ਕੰਮ ਕਰ ਰਹੇ ਸਨ।
ਹੁਣ ਛੋਟ ਪ੍ਰਾਪਤ ਸ਼੍ਰੇਣੀ ਦੇ ਨਿੱਜੀ ਦਫਤਰਾਂ ਨੂੰ ਛੱਡ ਕੇ ਸਾਰੇ ਦਫਤਰ ਬੰਦ ਰਹਿਣਗੇ ਅਤੇ ਸਾਰੇ ਕਰਮਚਾਰੀ ਘਰ ਤੋਂ ਕੰਮ ਕਰਨਗੇ। ਇਸ ਦੇ ਨਾਲ ਹੀ ਦਿੱਲੀ ਦੇ ਸਾਰੇ ਰੈਸਟੋਰੈਂਟ ਅਤੇ ਬਾਰ ਵੀ ਬੰਦ ਕਰ ਦਿੱਤੇ ਗਏ ਹਨ। ਭੋਜਨ ਪਦਾਰਥਾਂ ਦੀ ਹੋਮ ਡਿਲੀਵਰੀ ਅਤੇ ਟੇਕਅਵੇ ਸਿਰਫ ਰੈਸਟੋਰੈਂਟਾਂ ਤੋਂ ਹੀ ਉਪਲਬਧ ਹੋਵੇਗੀ।
ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 19166 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 14076 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਦਕਿ 17 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਦਿੱਲੀ ਵਿੱਚ ਹੁਣ ਤੱਕ 15,68,896 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 14,77,913 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 25177 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਦਿੱਲੀ ‘ਚ ਕੋਰੋਨਾ ਨਾਲ ਮੌਤ ਦਰ 1.60 ਫੀਸਦੀ ‘ਤੇ ਆ ਗਈ ਹੈ।
ਬੀਤੇ ਸੋਮਵਾਰ ਨੂੰ, ਕੋਰੋਨਾ ਦੀ ਲਾਗ ਦਰ ਵਧ ਕੇ 25 ਪ੍ਰਤੀਸ਼ਤ ਹੋ ਗਈ। ਯਾਨੀ ਦਿੱਲੀ ਵਿੱਚ ਟੈਸਟ ਕਰਵਾਉਣ ਵਾਲੇ ਹਰ ਚੌਥੇ ਵਿਅਕਤੀ ਦੀ ਜਾਂਚ ਰਿਪੋਰਟ ਵਿੱਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਹੈ। ਸੋਮਵਾਰ ਨੂੰ 17 ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਵਧ ਕੇ 66 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ।

Comment here