ਅਪਰਾਧਸਿਆਸਤਖਬਰਾਂਦੁਨੀਆ

ਭਾਰਤ-ਚੀਨ ਸਰਹੱਦੀ ਟਕਰਾਅ ਜਾਰੀ

ਲੱਦਾਖ-ਚੀਨ ਭਾਰਤ ਨਾਲ ਪੰਗੇ ਲੈਣ ਤੋਂ ਬਾਜ ਨਹੀ ਆ ਰਿਹਾ।ਭਾਰਤ-ਚੀਨ ਵਿਚਾਲੇ ਪਿਛਲੇ 20 ਮਹੀਨਿਆਂ ਤੋਂ ਚੱਲ ਰਹੇ ਤਣਾਅ ਵਿਚਾਲੇ ਚੀਨ ਨੇ ਹੁਣ ਇੱਕ ਹੋਰ ਚਾਲ ਚਲੀ ਹੈ।ਐਲਏਸੀ ਦੇ ਨੇੜੇ ਪਹਿਲਾਂ ਹੀ 60,000 ਡਰੈਗਨ ਸਿਪਾਹੀ ਹਨ। ਇਸ ਦੇ ਨਾਲ ਹੀ ਹੁਣ ਚੀਨ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਆਪਣੇ ਬਲਾਂ ਦੀ ਤੇਜ਼ ਗਤੀਵਿਧੀ ਵਿੱਚ ਮਦਦ ਲਈ ਤੇਜ਼ੀ ਨਾਲ ਆਪਣੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਭਾਰਤ ‘ਤੇ ਦਬਾਅ ਬਣਾਉਣ ਲਈ ਚੀਨੀ ਫੌਜ ਪੈਂਗੋਂਗ ਤਸੋ ਝੀਲ ਦੇ ਆਪਣੇ ਹਿੱਸੇ ‘ਚ ਪੁਲ ਬਣਾ ਰਿਹਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਇੱਕ ਸੈਟੇਲਾਈਟ ਤਸਵੀਰ ‘ਚ ਦਿਖ ਰਿਹਾ ਹੈ ਕਿ ਚੀਨੀ ਫੌਜ ਪੈਂਗੋਂਗ ਝੀਲ ਦੇ ਸਭ ਤੋਂ ਤੰਗ ਹਿੱਸੇ ‘ਤੇ ਇੱਕ ਪੁਲ ਬਣਾ ਰਹੀ ਹੈ। ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਨਿਰਮਾਣ ਅਧੀਨ ਪੁਲ ਖੁਰਨਕ ਦੇ ਦੱਖਣੀ ਤੱਟ ਵਿਚਕਾਰ 180 ਕਿਲੋਮੀਟਰ ਦੀ ਦੂਰੀ ਨੂੰ ਖ਼ਤਮ ਕਰ ਦੇਵੇਗਾ। ਇਸ ਦਾ ਮਤਲਬ ਇਹ ਹੈ ਕਿ ਖੁਰਨਕ ਤੋਂ ਰੁੜੋਕ ਤੱਕ ਦਾ ਰਸਤਾ ਹੁਣ ਸਿਰਫ 40-50 ਕਿਲੋਮੀਟਰ ਰਹਿ ਜਾਵੇਗਾ, ਜੋ ਕਿ ਪਹਿਲਾਂ ਲਗਪਗ 200 ਕਿਲੋਮੀਟਰ ਸੀ।
ਦੱਸ ਦੇਈਏ ਕਿ 135 ਕਿਲੋਮੀਟਰ ਲੰਬੀ ਪੈਂਗੌਂਗ ਝੀਲ ਧਰਤੀ ਦੀ ਸੀਮਾ ਨਾਲ ਘਿਰੀ ਹੋਈ ਹੈ, ਜਿਸ ਦਾ ਕੁਝ ਹਿੱਸਾ ਲੱਦਾਖ ਅਤੇ ਬਾਕੀ ਤਿੱਬਤ ਵਿੱਚ ਹੈ। ਇੱਥੇ ਮਈ 2020 ਵਿੱਚ ਭਾਰਤ ਅਤੇ ਚੀਨ ਦਰਮਿਆਨ ਤਣਾਅ ਸ਼ੁਰੂ ਹੋ ਗਿਆ ਸੀ ਪਰ ਫਿਰ ਭਾਰਤੀ ਫੌਜ ਨੇ ਇੱਕ ਵਿਸ਼ੇਸ਼ ਅਭਿਆਨ ਚਲਾ ਕੇ 29 ਅਤੇ 30 ਅਗਸਤ 2020 ਦੀ ਰਾਤ ਨੂੰ ਪੈਂਗੋਂਗ ਝੀਲ ਦੇ ਦੱਖਣੀ ਕਿਨਾਰੇ ਦੀਆਂ ਉਚਾਈਆਂ ‘ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਚੀਨ ਦੀ ਜ਼ਮੀਨ ਸੀ।
ਭਾਰਤੀ ਫੌਜ ਹਰ ਹਰਕਤ ਦਾ ਜਵਾਬ ਦੇਣ ਲਈ ਤਿਆਰ
ਦੂਜੇ ਪਾਸੇ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਭਾਰਤੀ ਫੌਜ ਵੀ ਚੀਨ ਦੀ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਤਿਆਰ ਹੈ। ਇੱਕ ਪਾਸੇ ਜਿੱਥੇ ਭਾਰਤ ਬੁਨਿਆਦੀ ਢਾਂਚਾ ਵੀ ਬਣਾ ਰਿਹਾ ਹੈ, ਉੱਥੇ ਹੀ ਰਾਸ਼ਟਰੀ ਰਾਈਫਲਜ਼ ਦੀ ਅੱਤਵਾਦ ਵਿਰੋਧੀ ਯੂਨੀਫਾਰਮ ਫੋਰਸ ਨੂੰ ਪੂਰਬੀ ਮੋਰਚੇ ‘ਤੇ ਲੱਦਾਖ ਥੀਏਟਰ ‘ਚ ਲਿਆਂਦਾ ਗਿਆ ਹੈ।
ਸੂਤਰਾਂ ਨੇ ਕਿਹਾ ਕਿ ਭਾਰਤੀ ਪੱਖ ਚੀਨੀ ਫੌਜਾਂ ਦੇ ਨਾਲ ਸਿਰਫ ਇਕ ਜਾਂ ਦੋ ਥਾਵਾਂ ‘ਤੇ ਨਜ਼ਰ ਰੱਖਣ ਦੀ ਸਥਿਤੀ ਵਿਚ ਹੈ ਕਿਉਂਕਿ ਜ਼ਿਆਦਾਤਰ ਥਾਵਾਂ ‘ਤੇ ਦੋਵੇਂ ਫੌਜਾਂ ਬਫਰ ਜ਼ੋਨ ਰਾਹੀਂ ਵੱਖ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਦੋਵੇਂ ਧਿਰਾਂ ਇੱਕ ਦੂਜੇ ਦੇ ਸੈਨਿਕਾਂ ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਲਈ ਬਫਰ ਜ਼ੋਨ ਵਿੱਚ ਵੱਡੀ ਗਿਣਤੀ ਵਿੱਚ ਨਿਗਰਾਨੀ ਡਰੋਨ ਵੀ ਤਾਇਨਾਤ ਕਰ ਰਹੀਆਂ ਹਨ। ਸੂਤਰਾਂ ਨੇ ਕਿਹਾ ਕਿ ਚੀਨੀ ਸੈਨਿਕਾਂ ਨੂੰ ਸਰਦੀਆਂ ਦੀ ਤਾਇਨਾਤੀ ਬਹੁਤ ਕਠੋਰ ਲੱਗ ਰਹੀ ਹੈ ਕਿਉਂਕਿ ਉਹ ਬਹੁਤ ਤੇਜ਼ੀ ਨਾਲ ਅੱਗੇ ਵਾਲੇ ਸਥਾਨਾਂ ‘ਤੇ ਸੈਨਿਕਾਂ ਨੂੰ ਭੇਜ ਰਹੇ ਹਨ।
ਭਾਰਤ-ਚੀਨ ਸਰਹੱਦ ‘ਤੇ ਗਲਵਾਨ ਘਾਟੀ ‘ਚ ਚੀਨ ਵੱਲੋਂ ਝੰਡਾ ਲਹਿਰਾਉਣ ਦਾ ਦਾਅਵਾ ਆਖਰਕਾਰ ਝੂਠਾ ਨਿਕਲਿਆ ਹੈ। ਅੱਜ ਭਾਰਤੀ ਫੌਜ ਨੇ ਗਲਵਾਨ ਘਾਟੀ ਵਿੱਚ ਤਿਰੰਗਾ ਲਹਿਰਾਇਆ ਅਤੇ ਇਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਇਸ ਤੋਂ ਪਹਿਲਾਂ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਚੀਨ ਨੇ ਗਲਵਾਨ ਘਾਟੀ ਵਿਚ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਚੀਨੀ ਝੰਡਾ ਲਹਿਰਾਇਆ ਸੀ।
ਦਰਅਸਲ, ਪੂਰਾ ਵਿਵਾਦ ਇੱਕ ਵੀਡੀਓ ਤੋਂ ਸ਼ੁਰੂ ਹੋਇਆ ਸੀ ,ਜਿਸ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਇੱਕ ਪਹਾੜੀ ਇਲਾਕੇ ਵਿੱਚ ਚੀਨ ਦਾ ਝੰਡਾ ਲਹਿਰਾਉਂਦੇ ਹੋਏ ਅਤੇ ਚੀਨ ਦਾ ਰਾਸ਼ਟਰੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਸਨ। ਇਸ ਵੀਡੀਓ ਨੂੰ ਚੀਨ ਦੇ ਸਰਕਾਰੀ ਮੀਡੀਆ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਚੀਨੀ ਫੌਜ ਨੇ ਨਵੇਂ ਸਾਲ ਦੇ ਮੌਕੇ ‘ਤੇ ਗਲਵਾਨ ਘਾਟੀ ‘ਚ ਇਹ ਝੰਡਾ ਲਹਿਰਾਇਆ ਹੈ।
ਗਲਵਾਨ ਘਾਟੀ ਵਿੱਚ ਹੋਈ ਸੀ ਝੜਪ
ਤੁਹਾਨੂੰ ਦੱਸ ਦੇਈਏ ਕਿ ਗਲਵਾਨ ਘਾਟੀ ਲੱਦਾਖ ਦਾ ਉਹੀ ਇਲਾਕਾ ਹੈ, ਜਿੱਥੇ 15 ਜੂਨ 2020 ਨੂੰ ਭਾਰਤੀ ਫੌਜ ਅਤੇ ਚੀਨੀ ਫੌਜ ਵਿਚਾਲੇ ਖੂਨੀ ਝੜਪ ਹੋਈ ਸੀ ਅਤੇ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਖ਼ੂਨੀ ਝੜਪ ਵਿੱਚ ਚੀਨ ਦੇ ਕਰੀਬ 44 ਸੈਨਿਕਾਂ ਦੇ ਵੀ ਮਾਰੇ ਜਾਣ ਦੀ ਖ਼ਬਰ ਸੀ ਪਰ ਚੀਨ ਨੇ ਅਧਿਕਾਰਤ ਤੌਰ ‘ਤੇ ਇਸ ਦਾ ਖੁਲਾਸਾ ਨਹੀਂ ਕੀਤਾ।
ਭਾਰਤ ਪੀਪੀ 14 ‘ਤੇ ਲਗਾਤਾਰ ਚੀਨ ਦੇ ਕਬਜ਼ੇ ਦਾ ਵਿਰੋਧ ਕਰ ਰਿਹਾ ਹੈ, ਜਿਸ ਕਾਰਨ ਇਹ ਝੜਪ ਹੋਈ। ਇਸ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧ ਗਿਆ ਸੀ। ਹਾਲਾਂਕਿ ਕਈ ਪੱਧਰਾਂ ਦੀ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਲਈ ਸਹਿਮਤ ਹੋ ਗਏ। ਇਸ ਤੋਂ ਬਾਅਦ ਵਿਵਾਦਿਤ ਜਗ੍ਹਾ ਨੂੰ ਬਫਰ ਜ਼ੋਨ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੀਪੀ 14 ਨੂੰ ਨੋ ਪੈਟਰੋਲ ਜ਼ੋਨ ਬਣਾਇਆ ਗਿਆ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਇਸ ਥਾਂ ‘ਤੇ 1.5-1.5 ਕਿਲੋਮੀਟਰ ਪਿੱਛੇ ਹਟ ਗਈਆਂ ਹਨ।
ਦੋਵਾਂ ਫੌਜਾਂ ਨੇ ਵੱਡੀ ਗਿਣਤੀ ਵਿਚ ਸਿਪਾਹੀ ਕੀਤੇ ਤਾਇਨਾਤ
ਦੋਵਾਂ ਦੇਸ਼ਾਂ ਨੇ ਵੱਡੀ ਗਿਣਤੀ ‘ਚ ਫੌਜ ਤਾਇਨਾਤ ਕੀਤੀ ਹੈ। ਹਾਲਾਂਕਿ, ਕੋਈ ਵੀ ਜਵਾਨ ਬਫਰ ਜ਼ੋਨ ਵਿੱਚ ਨਹੀਂ ਹੈ। ਹਾਲਾਂਕਿ ਦੋਵੇਂ ਫੌਜਾਂ ਇੱਕ ਦੂਜੇ ‘ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਚੀਨੀ ਫੌਜ ਦੀ ਵੀਡੀਓ ਵੀ ਬਫਰ ਜ਼ੋਨ ਤੋਂ 1.5-2 ਕਿਲੋਮੀਟਰ ਦੂਰ ਹੈ। ਇਸੇ ਤਰ੍ਹਾਂ ਜਿੱਥੇ ਭਾਰਤੀ ਜਵਾਨਾਂ ਨੇ ਤਿਰੰਗਾ ਲਹਿਰਾਇਆ ਹੈ, ਉੱਥੇ ਇਹ ਨੋ ਪੈਟਰੋਲ ਜ਼ੋਨ ਤੋਂ ਵੀ ਬਾਹਰ ਹੈ।

Comment here