ਅਪਰਾਧਸਿਆਸਤਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਭਾਰਤ ਚੀਨ ਦੀ ਪਸਾਰਵਾਦੀ ਨੀਤੀ ਤੋਂ ਡਰਨ ਲੱਗਾ

ਤਵਾਂਗ, ਨਾ ਸੁਣਿਆ ਹੈ ਤੁਸੀਂ ਕਦੇ? ਨਹੀਂ ਨਾ। ਤਾਂ ਸੁਣੋ, ਤਵਾਂਗ ਭਾਰਤ ਦੇ ਇਕ ਬਹੁਤ ਵਧੀਆ ਸੂਬੇ ਅਰੁਣਾਚਲ ਪ੍ਰਦੇਸ਼ ਦਾ ਸਭ ਤੋਂ ਛੋਟਾ ਜ਼ਿਲਾ ਹੈ। ਬਿਲਕੁਲ ਚੀਨ ਦੀ ਸਰਹੱਦ ਨਾਲ ਲੱਗਾ ਹੋਇਆ। ‘ਬੌਮੱਲਾ ਬਾਰਡਰ’ ਭਾਰਤ-ਚੀਨ ਦੀ ਆਖਰੀ ਚੌਕੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਪ ਅਸਥਾਨ ਅਰੁਣਾਚਲ ਪ੍ਰਦੇਸ਼। ਇਹ ਵੀ ਜਾਣ ਲਓ ਕਿ ਬਾਬੇ ਨਾਨਕ ਨੂੰ ਇਥੋਂ ਦੇ ਸਥਾਨਕ ਲੋਕ ‘ਨਾਨਕ ਲਾਮਾ’ ਕਹਿੰਦੇ ਹਨ।
ਲਾਮਾ ਭਾਵ ਪੁਜਾਰੀ, ਸਾਧਕ, ਭਿਕਸ਼ੁਕ, ਸੰਨਿਆਸੀ। ਇਸੇ ਭਾਰਤ-ਚੀਨ ਦੀ ਸਰਹੱਦ ਨੂੰ ਛੂਹਣਾ, ਚੀਨ ਨੂੰ ਭਾਰਤ-ਤਿੱਬਤ ਸਹਿਯੋਗ ਮੰਚ ਰਾਹੀਂ ਲਲਕਾਰਨਾ ਕਿ ਚੀਨ ਤਿੱਬਤ ਨੂੰ ਆਜ਼ਾਦ ਕਰੇ। ਭਾਰਤ-ਤਿੱਬਤ ਸਹਿਯੋਗ ਮੰਚ ਹਰ ਸਾਲ ਭਾਰਤ ਦੇ ਲੋਕਾਂ ਨੂੰ ਤਵਾਂਗ ਯਾਤਰਾ ਰਾਹੀਂ ਜਾਗ੍ਰਿਤ ਕਰਦਾ ਹੈ ਕਿ ਤਿੱਬਤ ਦੀ ਆਜ਼ਾਦੀ ਹੀ ਭਾਰਤ ਦੀ ਸੁਰੱਖਿਆ ਹੈ।
ਭਾਰਤ ਦੇ ਲੋਕ ਇਹ ਵੀ ਯਾਦ ਰੱਖਣ ਕਿ ਭਾਰਤ ਦੀ 400 ਵਰਗ ਕਿੱਲੋਮੀਟਰ ਦੀ ਸਰਹੱਦ ਅੱਜ ਚੀਨ ਨਾਲ ਲੱਗ ਰਹੀ ਹੈ। 1950 ਤੋਂ ਪਹਿਲਾਂ ਭਾਰਤ ਦੀ ਇਹ ਸਰਹੱਦ ਸਿਰਫ ਤਿੱਬਤ-1 ਆਜ਼ਾਦ ਦੇਸ਼ ਨਾਲ ਲੱਗਦੀ ਸੀ। ਚੀਨ ਨੇ ਤਿੱਬਤ ਨੂੰ ਹੜੱਪ ਲਿਆ। ਤਿੱਬਤ ਨੂੰ ਆਪਣੇ ਨਕਸ਼ੇ ’ਚ ਸ਼ਾਮਲ ਕਰ ਲਿਆ। ਤਿੱਬਤ ਦੀ ਹੋਂਦ ਮਿਟਾ ਦਿੱਤੀ।
ਭਾਰਤ ਹਮੇਸ਼ਾ-ਹਮੇਸ਼ਾ ਲਈ ਚੀਨ ਦੀ ਪਸਾਰਵਾਦੀ ਨੀਤੀ ਤੋਂ ਡਰਨ ਲੱਗਾ। ਉਸ ਦੀ ਮਾੜੀ ਨਜ਼ਰ ਅਰੁਣਾਚਲ, ਸਿੱਕਿਮ ਅਤੇ ਭੂਟਾਨ ’ਤੇ ਹੈ। ਇਸ ਲਈ ਪਿਛਲੇ 11 ਸਾਲ ਤੋਂ ਭਾਰਤ-ਤਿੱਬਤ ਸਹਿਯੋਗ ਮੰਚ ਭਾਰਤ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ ਚੀਨ ਨੂੰ ਚਿਤਾਵਨੀ ਦੇਣ ਲਈ 18 ਨਵੰਬਰ ਤੋਂ 24 ਨਵੰਬਰ ਦਰਮਿਆਨ ਤਵਾਂਗ ਯਾਤਰਾ ਦਾ ਆਯੋਜਨ ਕਰਦਾ ਆ ਰਿਹਾ ਹੈ। ਪੂਰੇ ਨੌਜਵਾਨ ਇਸ ਯਾਤਰਾ ’ਚ ਹਿੱਸਾ ਲੈਂਦੇ ਹਨ।
ਚੀਨ ਦੀ ਸਰਹੱਦ ਤੋਂ ਮਿੱਟੀ ਚੁੱਕ ਕੇ ਉਹ ਸਹੁੰ ਖਾਂਦੇ ਹਨ ਕਿ ਅਸੀਂ ਤਿੱਬਤ ਦੀ ਆਜ਼ਾਦੀ ਲਈ ਲਗਾਤਾਰ ਤਵਾਂਗ ਯਾਤਰਾ ਕੱਢਦੇ ਰਹਾਂਗੇ। ਇਸ ਵਾਰ ਵੀ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਤਵਾਂਗ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕਰਨਗੇ। ਮਾਣਯੋਗ ਇੰਦਰਸ਼ ਜੀ ਜੋ ਰਾਸ਼ਟਰ ਸਵੈਮ-ਸੇਵਕ ਸੰਘ ਦੇ ਸੀਨੀਅਰ ਪ੍ਰਚਾਰਕ ਹਨ, ਹਰ ਸਾਲ ਵਾਂਗ ਇਸ ਵਾਰ ਵੀ ਤਵਾਂਗ ਯਾਤਰਾ ਦਾ ਮਾਰਗਦਰਸ਼ਨ ਕਰਨਗੇ।
ਇਹ ਯਾਤਰਾ ਮੇਘਾਲਿਆ, ਭੂਟਾਨ, ਨਾਗਾਲੈਂਡ, ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਸੂਬਿਆਂ ਨੇ ਲੋਕਾਂ ਨੂੰ ‘ਤਿੱਬਤ ਦੀ ਆਜ਼ਾਦੀ, ਭਾਰਤ ਦੀ ਸੁਰੱਖਿਆ’ ਦਾ ਨਾਅਰਾ ਦੇਵੇਗੀ। ਹਰ ਯਾਤਰੀ ਦੇ ਹੱਥਾਂ ’ਚ ਤਿਰੰਗਾ ਹੋਵੇਗਾ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਮੰਤਰ ਜਪਦੇ ਹੋਏ ਚੀਨ ਨੂੰ ਚਿਤਾਵਨੀ ਦਿੱਤੀ ਜਾਏਗੀ ਕਿ ਉਹ ਤਿੱਬਤ ਆਜ਼ਾਦ ਕਰੇ।
ਚੀਨ ਨੇ ਤਿੱਬਤ ਨੂੰ ਆਪਣੇ ਨਾਲ ਮਿਲਾ ਕੇ ਉਸ ਦੀ ਸਰਬਭੌਮਿਕਤਾ ਨੂੰ ਨਸ਼ਟ ਕਰ ਦਿੱਤਾ ਹੈ। ਤਿੱਬਤ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਕਮਿਊਨਿਜ਼ਨ ’ਚ ਤਬਦੀਲ ਕਰ ਦਿੱਤਾ ਹੈ। ਚੀਨ ਦੀ ਰਿਪਬਲਿਕ ਆਰਮੀ ਨੇ ਉਥੋਂ ਦੇ ਨੌਜਵਾਨਾਂ ਨੂੰ ਖੱਬੇਪੱਖੀ ਰੰਗ ’ਚ ਰੰਗ ਕੇ ਤਿੱਬਤ ਦੀ ਮੌਲਿਕਤਾ, ਉਥੋਂ ਦੀ ਵਨਸਪਤੀ ਨੂੰ ਨਸ਼ਟ ਕਰ ਦਿੱਤਾ ਹੈ। ਤਿੱਬਤ ਦੀ ਆਬਾਦੀ ’ਚ ਅਸੰਤੁਲਨ ਪੈਦਾ ਕਰ ਦਿੱਤਾ ਹੈ। ਹਜ਼ਾਰਾਂ ਤਿੱਬਤੀ ਨੌਜਵਾਨਾਂ ਨੂੰ ਤਸੀਹਾ ਕੈਂਪਾਂ ’ਚ ਤਸੀਹੇ ਦਿੱਤੇ ਜਾ ਰਹੇ ਹਨ।
ਅਜਿਹਾ ਜ਼ੁਲਮ ਮਨੁੱਖਤਾ ’ਤੇ ਕਲੰਕ ਹੈ। ਇਹ ਤਵਾਂਗ ਯਾਤਰਾ ਚੀਨ ਦੀਆਂ ਇਨ੍ਹਾਂ ਵਧੀਕੀਆਂ ਨੂੰ ਉਜਾਗਰ ਕਰਨ ਦਾ ਯਤਨ ਹੈ, ਜਿਥੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ ਯਾਤਰਾ’ ਦਾ ਆਯੋਜਨ ਹੋ ਰਿਹਾ ਹੈ, ਉਥੇ ਭਾਰਤ-ਤਿੱਬਤ ਸਹਿਯੋਗ ਮੰਚ ਵਲੋਂ ‘ਤਵਾਂਗ ਯਾਤਰਾ’ ਰਾਹੀਂ ਇਕ ਬੇਮਿਸਾਲ ਸੰਦੇਸ਼ ਦੇਸ਼ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਨਾਲ ਹੀ ਇਕ ਅਨੋਖੀ ਚਿਤਾਵਨੀ ਚੀਨ ਨੂੰ ਵੀ ਦਿੱਤੀ ਜਾ ਰਹੀ ਹੈ। ਸਾਨੂੰ ਇਸ ਮੰਚ ਤੋਂ ਇਹ ਵੀ ਪ੍ਰਚਾਰ ਕਰਨਾ ਹੋਵੇਗਾ ਕਿ ਭਾਰਤੀ ਲੋਕ ਚੀਨ ਦੀਆਂ ਵਸਤਾਂ ਦਾ ਵੱਧ ਤੋਂ ਵੱਧ ਬਾਈਕਾਟ ਕਰਨ।
ਇਹ ਤਾਂ ਇਕ ਸੱਚਾਈ ਹੈ ਕਿ ਚੀਨ ਅਕਸਰ ਹੀ ਸਾਡੀਆਂ ਸਰਹੱਦਾਂ ’ਤੇ ਛੇੜਖਾਨੀ ਕਰ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਜਿਥੇ ਵੀ ਅਸੀਂ ਜਾਈਏ, ਜਿਥੇ ਵੀ ਉਸ ਦੀ ਫੌਜ ਜਾਏ, ਉਹੀ ਉਸ ਦੀ ਸਰਹੱਦ ਹੈ। 1914 ’ਚ ਚੀਨ ਨੇ ਜਿਸ ‘ਮੈਕਮੋਹਨ ਲਾਈਨ’ ਨੂੰ ਸ਼ਿਮਲਾ ਸਮਝੌਤੇ ’ਚ ਮਾਨਤਾ ਦਿੱਤੀ ਸੀ, ਉਸੇ ਮੈਕਮੋਹਨ ਲਾਈਨ ਨੂੰ ਹੁਣ ਨਹੀਂ ਮੰਨ ਰਿਹਾ। ਪਸਾਰਵਾਦ ਉਸ ਦੀ ਰਗ-ਰਗ ’ਚ ਭਰਿਆ ਹੋਇਆ ਹੈ, ਇਸ ਲਈ ਭਾਰਤ-ਤਿੱਬਤ ਸਹਿਯੋਗ ਮੰਚ ਤਵਾਂਗ ਯਾਤਰਾ ਰਾਹੀਂ ਇਹ ਵੀ ਮੰਗ ਕਰਦਾ ਹੈ ਕਿ ਤਿੱਬਤ ਦੇ ਚੁਣੇ ਹੋਏ ਧਰਮਗੁਰੂ, ਪਰਮ-ਪਾਵਨ ਦਲਾਈਲਾਮਾ ਨੂੰ ਗੱਲਬਾਤ ਲਈ ਸੱਦਿਆ ਜਾਵੇ।
ਤਿੱਬਤ ਸਮੱਸਿਆ ਦਾ ਕੋਈ ਸਨਮਾਨਜਨਕ ਹੱਲ ਲੱਭਿਆ ਜਾਣਾ ਚਾਹੀਦਾ ਹੈ। ਲੋਕ ਵੀ ਯਾਦ ਰੱਖਣ ਕਿ ਤਵਾਂਗ 6ਵੇਂ ਦਲਾਈਲਾਮਾ ਦਾ ਜਨਮ ਅਸਥਾਨ ਵੀ ਹੈ । ਇਸ ਲਈ ਉਸ ਮਿੱਟੀ ਨੂੰ ਛੂਹਣਾ ਹੀ ਪੁੰਨ ਦਾ ਭਾਗੀ ਬਣਨਾ ਹੈ। ਬੌਧ ਮਤ ਦੀ ਏਸ਼ੀਆ ਦੀ ਸਭ ਤੋਂ ਵੱਡੀ ਮੁਨਸਟਰੀ ਤਵਾਂਗ ’ਚ ਹੈ। ਅਜਿਹੇ ਪਵਿੱਤਰ ਸਥਾਨ ਦੀ ਯਾਤਰਾ ਖੁਸ਼ਕਿਸਮਤ ਵਿਅਕਤੀ ਨੂੰ ਹੀ ਕਰਨ ਦਾ ਮੌਕਾ ਮਿਲਦਾ ਹੈ। ਯਾਤਰਾ ਦੀ ਯਾਤਰਾ ਅਤੇ ਦੇਸ਼ ਦੀ ਦੇਸ਼ਭਗਤੀ ਦਾ ਮੰਤਰ ਇਸੇ ‘ਤਵਾਂਗ ਯਾਤਰਾ’ ’ਚ ਨਿਹਿਤ ਹੈ। ਕਈ ਸਿਆਣੇ ਵਿਅਕਤੀ ਕਹਿਣਗੇ ਕਿ ਕੀ ਤਵਾਂਗ ਯਾਤਰਾ ਨਾਲ ਚੀਨ ਤਿੱਬਤ ਨੂੰ ਆਜ਼ਾਦ ਕਰ ਦੇਵੇਗਾ? ਯਕੀਨੀ ਤੌਰ ’ਤੇ ਨਹੀਂ ਪਰ ਕੌਮਾਂਤਰੀ ਪੱਧਰ ’ਤੇ ਦੇਸ਼ਾਂ ’ਚ ਉਥਲ-ਪੁਥਲ ਹੁੰਦੀ ਰਹਿੰਦੀ ਹੈ।
ਕਿਸ ਨੂੰ ਪਤਾ ਸੀ ਕਿ ਜਰਮਨ ਇਕ ਹੋਵੇਗਾ? ਕੌਣ ਜਾਣਦਾ ਸੀ ਕਿ ਪਾਕਿਸਤਾਨ ਅਤੇ ਹਿੰਦੁਸਤਾਨ ਵੰਡੇ ਜਾਣਗੇ? ਕੱਲ ਦੀ ਘਟਨਾ ਹੈ? ਦੁਨੀਆ ਦੇ ਨਕਸ਼ੇ ’ਤੇ ਬੰਗਲਾਦੇਸ਼ ਇਕ ਨਵੇਂ ਰਾਸ਼ਟਰ ਵਜੋਂ ਉੱਭਰ ਕੇ ਸਾਹਮਣੇ ਆਇਆ। ਸਭ ਕੌਮਾਂਤਰੀ ਸ਼ਕਤੀਆਂ ਹੈਰਾਨ ਹਨ ਕਿ ਰੂਸ ਵਰਗਾ ਸ਼ਕਤੀਸ਼ਾਲੀ ਰਾਸ਼ਟਰ 1990-91 ’ਚ ਕਿਵੇਂ ਖਿੱਲਰ ਗਿਆ।
ਇਸ ਲਈ ਕੌਣ ਕਹਿ ਸਕਦਾ ਹੈ ਕਿ ਤਿੱਬਤ ਮੁੜ ਆਜ਼ਾਦ ਹੋ ਜਾਏ। ਕਿਸ ਨੂੰ ਖਬਰ ਹੈ ਕਿ ਅੱਜ ਭਾਰਤ ਅਤੇ ਚੀਨ ਜੋ ਦੁਸ਼ਮਣ ਹਨ, ਕੱਲ ਨੂੰ ਦੋਸਤ ਬਣ ਜਾਣ। ਤਿੱਬਤ ਆਜ਼ਾਦ ਹੋਇਆ ਤਾਂ ਭਾਰਤ ਆਪਣੇ ਆਪ ਚੀਨ ਤੋਂ ਸੁਰੱਖਿਅਤ ਹੋ ਜਾਏਗਾ।
ਸਮਾਂ ਬਹੁਤ ਸ਼ਕਤੀਸ਼ਾਲੀ ਹੈ। ਇਸ ਦੇ ਗਰਭ ’ਚ ਕੀ ਹੈ, ਕਿਸ ਨੂੰ ਪਤਾ ਹੈ? ਇਸ ਲਈ ‘ਤਵਾਂਗ ਯਾਤਰਾ’ ਇਸੇ ਪਰਮਾਤਮਾ ਦੇ ਕਾਰਜ ਨੂੰ ਲੈ ਕੇ ਚੱਲੀ ਹੈ ਕਿ ਤਿੱਬਤ ਦੀ ਆਜ਼ਾਦੀ ਹੀ ਭਾਰਤ ਦੀ ਸੁਰੱਖਿਆ ਹੈ। ਅੱਜ ਜੋ ਅਸੰਭਵ ਲੱਗਦਾ ਹੈ ਕੱਲ ਯਕੀਨ ਰੱਖੋ ਸੰਭਵ ਹੋਵੇਗਾ। ਇਸ ਲਈ ਭਾਰਤ-ਤਿੱਬਤ ਸਹਿਯੋਗ ਮੰਚ ਆਪਣੇ ਯਤਨਾਂ ’ਚ ਲੱਗਾ ਹੋਇਆ ਹੈ। ਪੱਕਾ ਭਰੋਸਾ ਹੈ ਕਿ ਅਸੀਂ ਕਾਮਯਾਬ ਹੋਵੇਗਾਂ – ਇਕ ਦਿਨ।
ਸੰਪੂਰਨ ‘ਤਵਾਂਗ ਯਾਤਰਾ’ ਦਾ ਮੰਤਰ ਹੈ ‘ ਓਮ ਮਣੀ ਪਦਮੇ ਹੁਮ’ ਇਸ ਦਾ ਅਰਥ ਹੈ ਸ਼ੁਰੂਆਤ ਕਿਵੇਂ ਕਰਨੀ ਹੈ? ਫੁੱਲ ਜਦੋਂ ਖਿੜਣਗੇ ਤਾਂ ਕੀ ਹੋਵੇਗਾ? ਆਪਣੇ ਅੰਦਰੂਨੀ ਖਜ਼ਾਨੇ ਦਾ ਤੁਹਾਡਾ ਸਿਖਰ ਦਾ ਤਜਰਬਾ ਕੀ ਹੋਵੇਗਾ? ਤੁਹਾਡੇ ਅੰਦਰ ਕੀ ਹੈ? ਕੀ ਸਾਡਾ ਮੰਤਵ ਪਾਕ ਅਤੇ ਪਵਿੱਤਰ ਹੈ? ਜੇ ਮੰਤਵ ਠੀਕ ਹੈ ਨਿਸ਼ਾਨਾ ਸਾਹਮਣੇ ਹੈ ਤਾਂ ਲੱਗੇ ਰਹੋ। ਇਕ ਨਾ ਇਕ ਦਿਨ ਸਿੱਧੀ ਮਿਲੇਗੀ। ਦੇਰ ਹੋ ਸਕਦੀ ਹੈ। ਭਾਰਤ-ਤਿੱਬਤ-ਸਹਿਯੋਗ ਮੰਚ ਨੇ ਇਕ ਮੰਤਰ ਫੂਕ ਦਿੱਤਾ ਕਿ ਤਿੱਬਤ ਆਜ਼ਾਦ ਹੋਵੇ, ਭਾਰਤ ਅਖੰਡ ਹੋਵੇ ਤਾਂ ਇਕ ਨਾ ਇਕ ਦਿਨ ਜ਼ਰੂਰ ਹੋਵੇਗਾ। ਪਰਮ ਪਾਵਨ ਦਲਾਈਲਾਮਾ ਆਪਣੇ ਦੇਸ਼ ਪਰਤਣਗੇ, ਵੱਖ-ਵੱਖ ਦੇਸ਼ਾਂ ’ਚ ਸ਼ਰਨ ਲੈਣ ਵਾਲੇ ਤਿੱਬਤ ਦੇ ਲੋਕ ਇਕ ਦਿਨ ਜ਼ਰੂਰ ਆਪਣੀ ਆਜ਼ਾਦੀ ਦਾ ਅਨੰਦ ਲੈਣਗੇ। ਤੂਫਾਨਾਂ ਨੂੰ ਕੌਣ ਰੋਕ ਸਕਿਆ ਹੈ?
ਸਵ. ਪ੍ਰਧਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸੰਸਦ ’ਚ ਦਿੱਤੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ, ‘‘ਤਿੱਬਤ ਕਿਉਂ ਨਹੀਂ ਆਜ਼ਾਦ ਰਹਿ ਸਕਦਾ? ਕਹਿੰਦੇ ਕਿ ਪਹਿਲਾਂ ਆਜ਼ਾਦ ਨਹੀਂ ਸੀ, ਤਾਂ ਕੀ ਜਿਹੜਾ ਦੇਸ਼ ਪਹਿਲਾਂ ਆਜ਼ਾਦ ਨਹੀਂ ਸੀ, ਉਸ ਨੂੰ ਆਜ਼ਾਦ ਹੋਣ ਦਾ ਅਧਿਕਾਰ ਨਹੀਂ ਹੋ ਸਕਦਾ? ਕੀ ਜਿਥੇ ਪਹਿਲਾਂ ਗੁਲਾਮੀ ਸੀ, ਉਥੇ ਹੁਣ ਵੀ ਗੁਲਾਮੀ ਰਹਿਣੀ ਚਾਹੀਦੀ ਹੈ? ਜੇ ਅਲਜੀਰੀਆ ਦੀ ਆਜ਼ਾਦੀ ਦੀ ਅਸੀਂ ਹਮਾਇਤ ਕਰ ਸਕਦੇ ਹਾਂ ਅਤੇ ਉਥੇ ਹਮਾਇਤ ਕਰਨੀ ਫਰਾਂਸ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣਾ ਨਹੀਂ ਤਾਂ ਤਿੱਬਤ ਦੀ ਆਜ਼ਾਦੀ ਦਾ ਸਮਰਥਨ ਕਰਨਾ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣਾ ਕਿਵੇਂ ਹੋਇਆ। ਅਜੇ ਮੇਰੇ ਦੋਸਤ ਸ਼੍ਰੀ ਖਡਿਲਕਰ ਨੇ ਕਿਹਾ ਕਿ ਦੇਸ਼ ’ਚ ਕੋਈ ਵੀ ਵੱਡੀ ਪਾਰਟੀ ਅਜਿਹੀ ਨਹੀਂ ਹੈ ਜੋ ਤਿੱਬਤ ਦੀ ਆਜ਼ਾਦੀ ਦੀ ਹਮਾਇਤ ਕਰੇ। ਮੈਂ ਉਨ੍ਹਾਂ ਨਾਲ ਆਪਣੇ ਮਤਭੇਦ ਰੱਖਦਾ ਹਾਂ। ਮੈਂ ਛੋਟੀ ਪਾਰਟੀ ਜਨਸੰਘ ਦਾ ਪ੍ਰਤੀਨਿਧੀ ਹਾਂ ਪਰ ਸਾਡੀ ਪਾਰਟੀ ਤਿੱਬਤ ਦੀ ਆਜ਼ਾਦੀ ਦੀ ਹਮਾਇਤ ਕਰਦੀ ਹੈ। ਤਿੱਬਤ ਦੀ ਆਜ਼ਾਦੀ ਦੀ ਕਿੰਨੇ ਲੋਕ ਹਮਾਇਤ ਕਰਦੇ ਹਨ, ਇਹ ਸਵਾਲ ਗੌਣ ਹੈ। ਸਵਾਲ ਇਹ ਹੈ ਕਿ ਕੀ ਤਿੱਬਤ ਨੂੰ ਆਜ਼ਾਦ ਹੋਣ ਦਾ ਅਧਿਕਾਰ ਹੈ ਜਾਂ ਨਹੀਂ? ਚੀਨ ਨੇ ਹੈਵਾਨੀਅਤ ਨਾਲ ਤਿੱਬਤ ਨੂੰ ਦਬਾਇਆ ਹੋਇਆ ਹੈ ਪਰ ਆਜ਼ਾਦੀ ਦੀ ਪਿਆਸ ਨੂੰ ਮਿਟਾਇਆ ਨਹੀਂ ਜਾ ਸਕਦਾ।
ਇਸ ਲਈ 18 ਤੋਂ 24 ਨਵੰਬਰ ਦੀ ਇਹ ਤਵਾਂਗ ਯਾਤਰਾ ਚੀਨ ਦੀ ਅੰਤਰਆਤਮਾ ਨੂੰ ਜਗਾਉਣ ਦਾ ਇਕ ਛੋਟਾ ਜਿਹਾ ਯਤਨ ਹੈ। ਭਾਰਤ-ਤਿੱਬਤ ਸਹਿਯੋਗ ਮੰਚ ਤਿੱਬਤ ਦੀ ਆਜ਼ਾਦੀ ਦੀ ਇਸ ਮਸ਼ਾਲ ਨੂੰ ਜਗਾਈ ਰੱਖੇਗਾ। ਇਹ ਮੰਚ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਹੈ ਕਿ ਚੀਨ ਵਲੋਂ ਜਬਰੀ ਕਬਜ਼ੇ ਹੇਠ ਲਈ ਗਈ ਭਾਰਤ ਦੀ ਜ਼ਮੀਨ ਵਾਪਸ ਲਈ ਜਾਏ। ਖੁਦ ਜੀਓ ਅਤੇ ਭਾਰਤ ਨੂੰ ਜਿਊਣ ਦਿਓ।
ਮਾਸਟਰ ਮੋਹਨ ਲਾਲ

(ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)

Comment here