ਸਿਆਸਤਵਿਸ਼ੇਸ਼ ਲੇਖ

ਭਾਰਤ-ਚੀਨ ਦੀ ਗੱਲਬਾਤ ਫੇਲ ਹੋਣਾ ਦੋਵਾਂ ਮੁਲਕਾਂ ਦੇ ਹਿੱਤ ਚ ਨਹੀਂ

ਚੁਸ਼ੁਲ-ਮਾਲਦੋ ਮੀਟਿੰਗ ਪੁਆਇੰਟ ‘ਤੇ ਭਾਰਤ-ਚੀਨ ਦੀ 14ਵੇਂ ਦੌਰ ਦੀ ਗੱਲਬਾਤ ਵੀ 13ਵੇਂ ਦੌਰ ਦੀ 10 ਅਕਤੂਬਰ, 2021 ਨੂੰ ਹੋਈ ਗੱਲਬਾਤ ਵਾਂਗ ਹੀ ਫੇਲ੍ਹ ਹੋ ਗਈ। ਗੱਲਬਾਤ 13 ਘੰਟੇ ਚੱਲੀ ਜੋ ਰਾਤ ਸਾਢੇ ਦਸ ਵਜੇ ਸਮਾਪਤ ਹੋਈ, ਜਿਸ ਵਿਚ ਭਾਰਤ ਚਾਹੁੰਦਾ ਸੀ ਕਿ ਹਾਟ ਸਪਰਿੰਗ ਚੌਕੀ ਨੰਬਰ 15, ਦੇਪਸਾਂਗ ਤੇ ਦਮਚੌਕ ਸਮੇਤ ਸਾਰੇ ਮਸਲੇ ਸੁਲਝਾਏ ਜਾਣ ਤੇ ਪੈਗਾਂਗ ਸ਼ੋ ‘ਤੇ ਬਣ ਰਿਹਾ ਪੁਲ ਰੋਕਿਆ ਜਾਵੇ। 20 ਮਹੀਨਿਆਂ ਦਾ ਇਹ ਰੇੜਕਾ ਇਸ ਲਈ ਬਿਨਾਂ ਸਿੱਟਾ ਰਿਹਾ ਕਿਉਂਕਿ ਚੀਨ ਆਪਣੀ ਹਠਧਰਮੀ ਕਰਕੇ ਮਾਰਚ 2020 ਵਾਲੀਆਂ ਹੱਦਾਂ ‘ਤੇ ਵਾਪਸ ਜਾਣ ਲਈ ਤਿਆਰ ਨਹੀਂ ਸੀ ਹੋ ਰਿਹਾ ਤੇ ਦੋ ਭਿਆਨਕ ਸਰਦੀਆਂ ਵਿਚ ਦੋਵੇਂ ਸੈਨਾਵਾਂ ਦੇ ਤਕਰੀਬਨ ਸਵਾ ਲੱਖ ਸੈਨਿਕ ਬੜੇ ਭਿਆਨਕ ਮੌਸਮੀ ਦੌਰ ਝੱਲ ਰਹੇ ਹਨ। ਦੋਵਾਂ ਦੇਸ਼ਾਂ ਦੀ ਗੱਲਬਾਤ ਦੇ ਕੋਰ ਕਮਾਂਡਰ ਪੱਧਰ ਦੇ ਮੁਖੀਆਂ ਦੇ ਬਿਆਨ ਅਨੁਸਾਰ ਗੱਲਬਾਤ ਸੁਹਿਰਦਤਾ ਪੂਰਨ ਹੋਈ ਤੇ ਅਗਲੇ ਦੌਰ ਦੀ ਗੱਲਬਾਤ ਵੀ ਜਲਦੀ ਹੀ ਹੋਵੇਗੀ। ਭਾਰਤ ਦੀ ਪ੍ਰਤੀਨਿਧਤਾ ਲੈਫ. ਜਨਰਲ ਸੇਨਗੁਪਤਾ ਨੇ ਕੀਤੀ ਤੇ ਚੀਨੀ ਪ੍ਰਤੀਨਿਧ ਮੇਜਰ ਜਨਰਲ ਯਾਂਗ ਲਿਨ ਸੀ ਜੋ ਦੱਖਣੀ ਜ਼ਿੰਨਜ਼ਿਆਂਗ ਮਿਲਟਰੀ ਜ਼ਿਲ੍ਹੇ ਦਾ ਮੁਖੀ ਸੀ।
ਚੀਨ ਮਾਰਚ 2020 ਵਿਚ ਅਚਾਨਕ ਹੀ ਭਾਰੀ ਸੈਨਾ ਨਾਲ ਪੂਰਬੀ ਲੱਦਾਖ ਵਿਚ ਸਾਂਝੀ ਐਲ.ਏ.ਸੀ. ਦਾ ਨੋ ਮੈਨਜ਼ ਲੈਂਡ ਦਾ ਇਲਾਕਾ ਦੱਬ ਕੇ ਬੈਠ ਗਿਆ ਸੀ, ਜਿਸ ਵਿਚੋਂ ਉਸ ਨੇ ਪੈਗਾਂਗ ਝੀਲ ਦਾ ਅਤੇ ਉਸ ਤੋਂ ਦੱਖਣ ਵੱਲ ਦਾ ਇਲਾਕਾ ਤਾਂ ਖਾਲੀ ਕਰਨਾ ਮੰਨ ਲਿਆ ਸੀ ਪਰ ਹਾਟ ਸਪਰਿੰਗ ਚੌਕੀ ਨੰਬਰ 15, ਦੇਪਸਾਂਗ ਤੇ ਦਮਚੌਕ ਦੇ ਇਲਾਕੇ ਖਾਲੀ ਨਹੀਂ ਕਰ ਰਿਹਾ। ਏਨਾ ਹੀ ਨਹੀਂ ਚੀਨ ਦਾ ਅਰੁਣਾਚਲ ਪ੍ਰਦੇਸ਼ ਨੂੰ ਤਿੱਬਤ ਦਾ ਦੱਖਣੀ ਭਾਗ (ਜ਼ੰਗਾਨ) ਗਰਦਾਨਣਾ, ਅਰੁਣਾਚਲ ਦੀਆਂ 22 ਥਾਵਾਂ ਨੂੰ ਦੋ ਕਿਸ਼ਤਾਂ ਵਿਚ ਚੀਨੀ ਨਾਂਅ ਦੇਣਾ ਅਤੇ ਅਰੁਣਾਚਲ ਦੇ ਸਰਹੱਦੀ ਇਲਾਕੇ ਵਿਚ ਇਕ ਨਵਾਂ ਪਿੰਡ ਵਸਾ ਦੇਣਾ ਭਾਰਤ ਲਈ ਭਾਰਤ-ਤਿੱਬਤ ਹੱਦ ਉੱਤੇ ਚੀਨ ਵਲੋਂ ਵਧਦੇ ਜਾ ਰਹੇ ਖ਼ਤਰੇ ਦੀਆਂ ਨਵੀਆਂ ਘੰਟੀਆਂ ਹਨ। ਅਰੁਣਾਚਲ ਪ੍ਰਦੇਸ਼ ਵਿਚ ਭਾਰਤੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਦਲਾਈਲਾਮਾ ਦੀ ਯਾਤਰਾ ਨੂੰ ਵੀ ਗ਼ੈਰ-ਕਾਨੂੰਨੀ ਦੱਸਣਾ ਉਸ ਦੀ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਬਣਾਉਣ ਦੀ ਖਾਹਸ਼ ਨੂੰ ਜ਼ਾਹਰ ਕਰਦਾ ਹੈ। ਅਜੇ ਲੱਦਾਖ ਵਿਚਲੇ ਦਿਪਸਾਂਗ ਤੇ ਹਾਟ ਸਪਰਿੰਗ ਦੇ ਚੀਨ ਵਲੋਂ ਦੱਬੇ ਹੋਏ ਇਲਾਕੇ ਖਾਲੀ ਨਹੀਂ ਕੀਤੇ ਗਏ ਤੇ ਗਲਵਾਨ ਵਾਦੀ ਵਿਚ ਚੀਨ ਦਾ ਝੰਡਾ ਖੜ੍ਹਾ ਕਰਨਾ ਤੇ ਵਿਵਾਦਿਤ ਗੀਆਗਾਂਗ ਦੇ ਵਿਵਾਦਿਤ ਇਲਾਕੇ ਵਿਚ ਪੁਲ ਬਣਾਉਣਾ ਸ਼ੁਰੂ ਕਰਨਾ ਵੀ ਭਾਰਤ ਲਈ ਘੱਟ ਚਿੰਤਾ ਦਾ ਕਾਰਨ ਨਹੀਂ। ਭਾਰਤ ਦੀ ਪ੍ਰਭੂਸੱਤਾ ‘ਤੇ ਇਹ ਸਿੱਧੇ ਹਮਲੇ ਚੀਨ ਦੀ ਵਿਸਤਾਰਵਾਦੀ ਨੀਤੀ ਦੇ ਅਭਿੰਨ ਅੰਗ ਹਨ। ਚੀਨ ਦੀ ਭਾਰਤੀ ਹੱਦ ਉਤੇ ਇਸ ਕੜਾਕੇ ਦੀ ਸਰਦੀ ਵਿਚ 60,000 ਸੈਨਿਕ ਤਾਇਨਾਤ ਕਰਨਾ ਦੱਸਦਾ ਹੈ ਕਿ ਉਹ ਯੁੱਧ ਲਈ ਤਿਆਰ ਬੈਠਾ ਹੈ। ਭਾਰਤ ਦਾ ਜਵਾਬ ਵਿਚ 50,000 ਸੈਨਿਕ ਤਾਇਨਾਤ ਰੱਖਣਾ ਪਰ ਕੋਈ ਸਖ਼ਤ ਕਦਮ ਨਾ ਚੁੱਕਣਾ ਉਸ ਨੂੰ ਹੋਰ ਹੱਲਾਸ਼ੇਰੀ ਤੇ ਦਲੇਰੀ ਦਿੰਦਾ ਹੈ।
ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦਾ ਤਾਜ਼ਾ ਬਿਆਨ ਕਿ ਚੀਨ ਇਕ ਸਪੈਸ਼ਲ ਫੋਰਸ ਤਿਆਰ ਕਰਨ ਜਾ ਰਿਹਾ ਹੈ ਜੋ ਯੁੱਧ ਵਿਚ ਵਿਜਈ ਹੋਵੇ। ਇਹ ਬਹੁਭਾਵੀ ਬਿਆਨ ਹੈ ਜਿਸ ਤੋਂ ਤਿੰਨ ਤਰ੍ਹਾਂ ਦੇ ਅਰਥ ਕੱਢੇ ਜਾ ਸਕਦੇ ਹਨ। ਅਰਥ ਪਹਿਲਾ: ਚੀਨ ਦੀ ਸੈਨਾ ਅਜੇ ਤੱਕ ਜੰਗ ਜਿੱਤਣ ਦੇ ਕਾਬਲ ਨਹੀਂ ਸੀ। ਉਸ ਨੂੰ ਹੁਣ ਨਵੀਂ ਯੁੱਧ ਸਿੱਖਿਆ ਦੇ ਕੇ ਯੁੱਧ ਜਿੱਤਣ ਦੇ ਕਾਬਲ ਬਣਾਇਆ ਜਾਏਗਾ। ਦੂਜਾ, ਚੀਨ ਜਲਦ ਹੀ ਕਿਸੇ ਦੇਸ਼ ਜਾਂ ਦੇਸ਼ਾਂ ਨਾਲ ਜੰਗ ਕਰਨ ਜਾ ਰਿਹਾ ਹੈ, ਜਿਸ ਲਈ ਜੰਗ ਜਿੱਤਣਾ ਬਹੁਤ ਹੀ ਜ਼ਰੂਰੀ ਹੈ। ਤੀਜਾ, ਚੀਨੀ ਰਾਸ਼ਟਰਪਤੀ ਆਪਣੇ ਲੋਕਾਂ ਨੂੰ ਭਰੋਸਾ ਦਿਵਾ ਰਿਹਾ ਹੈ ਕਿ ਚੀਨੀ ਫ਼ੌਜ ਕਿਸੇ ਕੋਲੋਂ ਹਾਰਨ ਵਾਲੀ ਨਹੀਂ ਹੋਵੇਗੀ। ਤੀਜੇ ਨੁਕਤੇ ਨੂੰ ਪਹਿਲਾਂ ਲਈਏ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਚੀਨੀ ਪੋਲਿਟ ਬਿਊਰੋ ਦੀਆਂ ਚੋਣਾਂ ਜਲਦ ਹੀ ਹੋਣ ਵਾਲੀਆਂ ਹਨ ਤੇ ਉਸ ਦੇ ਪੁਰਾਣੇ ਮੈਂਬਰਾਂ ਵਿਚੋਂ ਜਿਨਪਿੰਗ ਪੱਖੀ 50 ਫੀਸਦੀ ਮੈਂਬਰ ਸੇਵਾ-ਮੁਕਤ ਹੋਣ ਜਾ ਰਹੇ ਹਨ, ਜਿਨ੍ਹਾਂ ਦੀਆਂ ਖਾਲੀ ਕੀਤੀਆਂ ਸੀਟਾਂ ਭਰਨ ਲਈ ਜਨਤਾ ਨੂੰ ਵਿਸ਼ਵਾਸ ਵਿਚ ਲੈਣਾ ਜ਼ਰੂਰੀ ਹੈ। ਜਿੰਨਪਿੰਗ ਵਲੋਂ ਗੱਦੀ ਸਾਂਭੀ ਰੱਖਣ ਲਈ ਨਵੇਂ ਮੈਂਬਰਾਂ ਵਿਚੋਂ ਜ਼ਿਆਦਾ ਦਾ ਉਸ ਦੇ ਹੱਕ ਵਿਚ ਹੋਣਾ ਜ਼ਰੂਰੀ ਹੋਵੇਗਾ। ਦੂਜੇ ਨੁਕਤੇ ਨੂੰ ਲਈਏ ਤਾਂ ਚੀਨ ਜੋ ਲਗਾਤਾਰ ਤਾਇਵਾਨ ਉੱਪਰ ਹਵਾਈ ਉਡਾਣਾਂ ਕਰਕੇ ਉਸ ਦੀ ਪ੍ਰ੍ਰਭੂਸੱਤਾ ਨੂੰ ਵੰਗਾਰਦਾ ਆ ਰਿਹਾ ਹੈ ਉਸ ਦਾ ਜਵਾਬ ਦੇਣ ਲਈ ਤਾਇਵਾਨ ਨੇ ਅਮਰੀਕਾ ਤੋਂ ਸ਼ਕਤੀਸ਼ਾਲੀ ਮਿਜ਼ਾਈਲਾਂ ਖ਼ਰੀਦ ਕੇ ਤਾਇਨਾਤ ਕਰ ਦਿੱਤੀਆਂ ਹਨ ਤੇ ਤਾਇਵਾਨ ਦੇ ਰਾਸ਼ਟਰਪਤੀ ਨੇ ਚੀਨ ਨੂੰ ਧਮਕੀ ਦੇ ਦਿੱਤੀ ਹੈ ਕਿ ਜੇ ਹੁਣ ਚੀਨ ਉਸ ਦੇ ਇਲਾਕੇ ‘ਤੇ ਹਵਾਈ ਉਡਾਣਾਂ ਭਰੇਗਾ ਤਾਂ ਹਵਾਈ ਜਹਾਜ਼ ਮਾਰ ਗਿਰਾਏ ਜਾਣਗੇ। ਹੁਣ ਇਕੱਲਾ ਅਮਰੀਕਾ ਹੀ ਨਹੀਂ ਨਾਟੋ ਦੇਸ਼ ਵੀ ਤਾਇਵਾਨ ਦੇ ਹੱਕ ਵਿਚ ਆ ਗਏ ਹਨ ਤੇ ਦੁਵੱਲੀ ਮਾਰ ਮਾਰਨ ਦੀ ਯੋਜਨਾ ਬਣਾਈ ਬੈਠੇ ਹਨ।
ਇਧਰ ਭਾਰਤ ਨਾਲ ਵਧਦਾ ਵਿਵਾਦ ਵੀ ਜੰਗੀ ਹਾਲਾਤ ਧਾਰਨ ਕਰਦਾ ਜਾ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਚੀਨ ਨੇ ਭਾਰਤ ਦੀ ਪ੍ਰਭੂਸੱਤਾ ਨੂੰ ਅਰੁਣਾਚਲ ਅਤੇ ਲੱਦਾਖ ਵਿਚ ਵੰਗਾਰਿਆ ਹੈ, ਉਹ ਭਾਰਤ ਲਈ ਜ਼ਿਆਦਾ ਦੇਰ ਸਹਿਣਾ ਮੁਸ਼ਕਿਲ ਹੋਵੇਗਾ। ਭਾਰਤ ਕੁਆਡ ਦਾ ਮੈਂਬਰ ਵੀ ਇਸੇ ਲਈ ਬਣਿਆ ਹੈ ਕਿ ਜੇ ਚੀਨ ਵਲੋਂ ਹਮਲਾ ਹੋਵੇ ਤਾਂ ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਉਸ ਦੀ ਮਦਦ ‘ਤੇ ਹੋਣ ਤੇ ਉਨ੍ਹਾਂ ਇਕੱਠਿਆਂ ਨੇ ਮਾਲਾਬਾਰ ਜਹੀਆਂ ਮਸ਼ਕਾਂ ਵੀ ਕੀਤੀਆਂ ਹਨ। ਚੀਨ ਦਾ ਹਿੰਦ ਮਹਾਂਸਾਗਰ ਦਾ ਸਰਵੇ ਕਰਨਾ ਤੇ ਇਧਰ ਦੇ ਪਾਣੀਆਂ ਵਿਚ ਪਣਡੁੱਬੀਆਂ ਭੇਜਣਾ ਅਤੇ ਗਵਾਦਰ ਬੰਦਰਗਾਹ ਨੂੰ ਤੇਜ਼ੀ ਨਾਲ ਤਿਆਰ ਕਰਨਾ ਭਾਰਤ ਨੂੰ ਯੁੱਧ ਦੀ ਤਿਆਰੀ ਲਈ ਹੋਰ ਵੰਗਾਰ ਰਿਹਾ ਹੈ। ਸਾਡੇ ਅਮਰੀਕਾ ਨਾਲ ਵਧਦੇ ਸੰਬੰਧਾਂ ਨੂੰ ਵੇਖਦੇ ਹੋਏ ਚੀਨ ਵਲੋਂ ਹੁਣ ਇਹ ਵੀ ਧਮਕੀ ਆਈ ਹੈ ਕਿ ਜੇ ਭਾਰਤ ਅਮਰੀਕਾ ਨਾਲ ਜੁੜਿਆ ਰਿਹਾ ਤਾਂ ਉਸ ਦਾ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ।
ਚੀਨ ਨੇ ਅਫ਼ਰੀਕੀ ਤੇ ਲਾਤੀਨੀ ਦੇਸ਼ਾਂ ਨੂੰ ਜਿਸ ਤਰ੍ਹਾਂ ਵੱਡੇ ਪੱਧਰ ‘ਤੇ ਕਰਜ਼ਾਈ ਬਣਾ ਕੇ ਉਥੋਂ ਦੀਆਂ 90 ਫ਼ੀਸਦੀ ਖਦਾਨਾਂ ਦੇ ਕੰਟ੍ਰੈਕਟ ਆਪਣੇ ਨਾਂਅ ਕਰਵਾ ਲਏ ਹਨ ਉਹ ਸਿੱਧਾ ਉਨ੍ਹਾਂ ਦੇਸ਼ਾਂ ਦੀ ਆਰਥਿਕਤਾ ‘ਤੇ ਵਾਰ ਹੈ। ਅਫ਼ਰੀਕੀ ਦੇਸ਼ਾਂ ਨੂੰ ਇਸ ਤਰ੍ਹਾਂ ਆਰਥਿਕ ਗੁਲਾਮੀ ਵੱਲ ਲੈ ਜਾਣਾ ਨਾਟੋ ਦੇਸ਼ਾਂ ਨੂੰ ਚੁੱਭਦਾ ਹੈ ਤੇ ਲਾਤੀਨੀ ਦੇਸ਼ਾਂ ਦਾ ਅਮਰੀਕਾ ਨੂੰ। ਇਸੇ ਲਈ ਅਮਰੀਕਾ ਵਲੋਂ ਕੁਆਡ ਤੇ ਹੋਰ ਜਥੇਬੰਦੀਆਂ ਬਣਾਈਆਂ ਗਈਆਂ ਹਨ ਕਿ ਚੀਨ ਦਾ ਵਿਸਤਾਰ ਰੋਕਿਆ ਜਾ ਸਕੇ, ਜਿਨ੍ਹਾਂ ਵਿਚ ਨਾਟੋ ਦੇ ਮੈਂਬਰ ਦੇਸ਼ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਰਲਾ ਕੇ ਚੀਨ ਨੂੰ ਦੋ ਪਾਸਿਉਂ ਘੇਰਨ ਦੀ ਯੋਜਨਾ ਬਣਾਈ ਹੋਈ ਹੈ। ਇਸੇ ਤਰ੍ਹਾਂ ਆਸਟ੍ਰੇਲੀਆ, ਕੈਨੇਡਾ ਤੇ ਭਾਰਤ ਵਰਗੇ ਮੁਲਕਾਂ ‘ਤੇ ਜਿਸ ਤਰ੍ਹਾਂ ਚੀਨ ਸਾਈਬਰ ਹਮਲੇ ਕਰਦਾ ਰਿਹਾ ਹੈ, ਉਨ੍ਹਾਂ ਨੂੰ ਵੀ ਰੋਕਣ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਚੀਨ ਦਾ ਸਭ ਤੋਂ ਘਾਤਕ ਹਥਿਆਰ ਕਰੋਨਾ ਰਿਹਾ ਹੈ ਜਿਸ ਨੇ ਤਾਂ ਅਮਰੀਕਾ, ਇੰਗਲੈਂਡ, ਇਟਲੀ, ਜਰਮਨੀ ਵਰਗੇ ਦੇਸ਼ਾਂ ਦੇ ਵੀ ਗੋਡੇ ਲਵਾ ਦਿੱਤੇ ਹਨ। ਭਾਰਤ ਨੂੰ ਵੀ ਇਸ ਘਾਤਕ ਹਥਿਆਰ ਦਾ ਵਾਰ ਸਹਿਣਾ ਪਿਆ ਹੈ।
ਚੀਨ ਦੀ ਸੰਭਾਵਿਤ ਜੰਗ ਜਾਂ ਤਾਂ ਤਾਇਵਾਨ ਨਾਲ ਜਾਂ ਭਾਰਤ ਨਾਲ ਹੋ ਸਕਦੀ ਹੈ; ਇਨ੍ਹਾਂ ਦੋਵਾਂ ਸਥਿਤੀਆਂ ਵਿਚ ਅਮਰੀਕਾ ਦਾ ਦਖ਼ਲ ਸੰਭਵ ਹੈ ਤੇ ਫਿਰ ਨਾਟੋ ਦਾ ਵੀ ਤੇ ਇਹ ਜੰਗ ਤੀਜੀ ਵਿਸ਼ਵ ਜੰਗ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਭਾਰਤ ਨੂੰ ਅਪਣੀਆਂ ਤਿੰਨੇ ਸੈਨਾਵਾਂ ਨੂੰ ਅਤੇ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨਾ ਪਵੇਗਾ ਤੇ ਚੀਨ ਵਲੋਂ ਕਈ ਹੋਰ ਸੰਭਾਵੀ ਫਰੰਟਾਂ, ਭਾਵ ਬਾਇਉਲਾਜੀਕਲ, ਸਾਈਬਰ ਜਾਂ ਖਲਾਈ ਹਮਲੇ ਤੋਂ ਬਚਾ ਲਈ ਵੀ ਪ੍ਰਬੰਧ ਕਰਨੇ ਹੋਣਗੇ ਤਾਂ ਕਿ ਜੇ ਚੀਨ ਤੇ ਪਾਕਿਸਤਾਨ ਨਾਲ ਦੋ-ਤਰਫਾ ਯੁੱਧ ਲੜਨਾ ਪੈ ਜਾਵੇ ਤਾਂ ਪੂਰੇ ਜੋਸ਼ ਨਾਲ ਦੋਵਾਂ ਨੂੰ ਹਰਾਇਆ-ਭਜਾਇਆ ਜਾ ਸਕੇ। ਉਂਜ ਪਹਿਲ ਸ਼ਾਂਤੀ ਨੂੰ ਹੀ ਦੇਣੀ ਚਾਹੀਦੀ ਹੈ ਤੇ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ।

-ਕਰਨਲ ਡਾ ਦਲਵਿੰਦਰ ਸਿੰਘ ਗਰੇਵਾਲ

Comment here