ਸਿਆਸਤਖਬਰਾਂਦੁਨੀਆ

ਭਾਰਤ-ਚੀਨ ਦਾ ਲੱਦਾਖ ਵਾਲਾ ਰੇੜਕਾ ਜਲਦੀ ਮੁੱਕਣ ਦੀ ਆਸ ਬੱਝੀ

ਨਵੀਂ ਦਿੱਲੀ– ਲੱਦਾਖ ਵਿੱਚ ਚੀਨ ਨਾਲ ਭਾਰਤ ਦਾ ਕਾਫੀ ਚਿਰ ਤੋਂ ਤਣਾਅ ਚਲਦਿਆ ਰਿਹਾ ਹੈ, ਪਰ ਹੁਣ ਸੰਕੇਤ ਮਿਲ ਰਹੇ ਹਨ ਕਿ ਸਾਰਾ ਵਿਵਾਦ ਜਲਦੀ ਹੱਲ ਹੋ ਜਾਵੇਗਾ। ਭਾਰਤ ਅਤੇ ਚੀਨ ਦੀਆਂ ਫੌਜਾਂ ਦੇ ਕੋਰ ਕਮਾਂਡਰਾਂ ਦੀ ਬੈਠਕ ਵਿਚ ਪੂਰਬੀ ਲੱਦਾਖ ’ਚ ਕੰਟਰੋਲ ਲਾਈਨ ਨਾਲ ਲੱਗਦੇ ਖੇਤਰਾਂ ਵਿਚ ਬਾਕੀ ਬਚੇ ਵਿਵਾਦਪੂਰਨ ਮੁੱਦਿਆਂ ਦਾ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕਾਲ ਦੇ ਤਹਿਤ  ਜਲਦੀ ਹੱਲ ਕਰਨ ’ਤੇ ਸਹਿਮਤੀ ਬਣੀ ਹੈ। ਦੋਨੋਂ ਧਿਰਾਂ ਦੇ ਕੋਰ ਕਮਾਂਡਰਾਂ ਵਿਚਾਲੇ 12ਵੇਂ ਦੌਰ ਦੀ ਮੀਟਿੰਗ ਲੰਘੇ ਸ਼ਨੀਵਾਰ ਨੂੰ ਮੋਲਦੋ ਖੇਤਰ ਵਿਚ ਹੋਈ , ਜਿਸ ਬਾਰੇ ਜਾਰੀ ਸੰਯੁਕਤ ਬਿਆਨ ਵਿਚ ਕਿਹਾ ਗਿਆ ਕਿ ਇਹ ਬੈਠਕ ਦੋਨੋਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿਚ ਪਿਛਲੀ 14 ਜੁਲਾਈ ਨੂੰ ਹੋਈ ਮੁਲਾਕਾਤ ਅਤੇ ਭਾਰਤ-ਚੀਨ ਸਰਹੱਦ ਤਾਲਮੇਲ ਤੰਤਰ ਦੀ 25 ਜੁਲਾਈ ਨੂੰ ਹੋਈ ਬੈਠਕ ਦੇ ਪਿਛੋਕੜ ਵਿਚ ਹੋਈ ਅਤੇ ਇਸ ਵਿਚ ਸਾਰਥਕ ਗੱਲਬਾਤ ਹੋਈ। ਦੋਨੋਂ ਧਿਰਾਂ ਨੇ ਭਾਰਤ-ਚੀਨ ਸਰਹੱਦ ਖੇਤਰ ਦੇ ਪੱਛਮੀ ਸੈਕਟਰ ਵਿਚ ਕੰਟਰੋਲ ਲਾਈਨ ਨਾਲ ਲਗਦੇ ਖੇਤਰਾਂ ਵਿਚ ਫੌਜੀਆਂ ਨੂੰ ਪਿੱਛੇ ਹਟਾਏ ਜਾਣ ਨਾਲ ਸਬੰਧਤ ਬਚੇ ਹੋਏ ਮੁੱਦਿਆਂ ਦੇ ਹੱਲ ’ਤੇ ਸਪੱਸ਼ਟ ਰੂਪ ਨਾਲ ਹੋਰ ਡੂੰਘਾਈ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਦੋਨੋਂ ਧਿਰਾਂ ਨੇ ਕਿਹਾ  ਕਿ ਗੱਲਬਾਤ ਦਾ ਇਹ ਦੌਰ ਰਚਨਾਤਮਕ ਰਿਹਾ ਜਿਸ ਨਾਲ ਆਪਸੀ ਸਮਝ ਅਤੇ ਭਰੋਸਾ ਵਧਿਆ ਹੈ। ਉਨ੍ਹਾਂ ਨੇ ਬਾਕੀ ਬਚੇ ਹੋਏ ਮੁੱਦਿਆਂ ਦਾ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕਾਲ ਤਹਿਤ ਜਲਦੀ ਹੱਲ ਕਰਨ ਅਤੇ ਸੰਵਾਦ ਅਤੇ ਗੱਲਬਾਤ ਦੀ ਪ੍ਰਕਿਰਿਆ ਨੂੰ ਬਣਾਏ ਰੱਖਣ ’ਤੇ ਸਹਿਮਤੀ ਪ੍ਰਗਟਾਈ। ਦੋਨੋਂ ਧਿਰਾਂ ਨੇ ਇਸ ਗੱਲ ’ਤੇ ਵੀ ਸਹਿਮਤੀ ਪ੍ਰਗਟ ਕੀਤੀ ਕਿ ਉਹ ਪੱਛਮੀ ਸੈਕਟਰ ਵਿਚ ਕੰਟਰੋਲ ਲਾਈਨ ’ਤੇ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਬਣਾਏ ਰੱਖਣ ਦੀ ਕੋਸ਼ਿਸ਼ ਜਾਰੀ ਰੱਖਣਗੇ।

Comment here