ਅਫਗਾਨਿਸਤਾਨ ਵਿੱਚ ਮਿਲੀ ਸ਼ਾਨਦਾਰ ਸਫਲਤਾ ਤੋਂ ਬਾਅਦ ਅਤਿ ਉਤਸ਼ਾਹ ਵਿੱਚ ਆਏ ਪਾਕਿਸਤਾਨੀ ਹੁਕਮਰਾਨਾਂ ਨੇ ਕਸ਼ਮੀਰ ਵਿੱਚ ਭਾਰਤ ਦੇ ਖਿਲਾਫ ਅਣਐਲਾਨੀ ਜੰਗ ਛੇੜ ਦਿੱਤੀ ਹੈ। ਅਫਗਾਨਿਸਤਾਨ ਤੋਂ ਵਿਹਲੀ ਹੋਈ ਪਾਕਿਸਤਾਨੀ ਫੌਜ ਅਤੇ ਬਦਨਾਮ ਖੁਫੀਆ ਏਜੰਸੀ ਆਈ.ਐਸ.ਆਈ ਦਾ ਸਾਰਾ ਧਿਆਨ ਇਸ ਵੇਲੇ ਕਸ਼ਮੀਰ ਵੱਲ ਲੱਗਾ ਹੋਇਆ ਹੈ। ਨਵੀਂ ਨਵੀਂ ਮਿਲੀ ਹਕੂਮਤ ਦੇ ਪਚੜਿਆ ਵਿੱਚ ਫਸੇ ਹੋਏ ਤਾਲਿਬਾਨ ਨੇ ਅਜੇ ਤੱਕ ਕਸ਼ਮੀਰ ਵਿੱਚ ਦਖਲਅੰਦਾਜ਼ੀ ਸ਼ੁਰੂ ਨਹੀਂ ਕੀਤੀ ਕਿਉਂਕਿ ਹੁਣ ਤੱਕ ਕਸ਼ਮੀਰ ਵਿੱਚ ਇੱਕ ਵੀ ਅਫਗਾਨ ਅੱਤਵਾਦੀ ਫੜਿਆ ਜਾਂ ਮਾਰਿਆ ਨਹੀਂ ਗਿਆ। ਕੁਝ ਹੀ ਦਿਨਾਂ ਵਿੱਚ ਅੱਤਵਾਦੀਆਂ ਹੱਥੋਂ ਭਾਰਤੀ ਫੌਜ ਦੇ 9 ਜਵਾਨ ਤੇ ਅਫਸਰ ਸ਼ਹੀਦ ਹੋ ਚੁੱਕੇ ਹਨ ਅਤੇ 7 ਦੇ ਕਰੀਬ ਆਮ ਸ਼ਹਿਰੀ (ਮੁਸਲਮਾਨ, ਸਿੱਖ ਅਤੇ ਹਿੰਦੂ) ਮਾਰੇ ਜਾ ਚੁੱਕੇ ਹਨ। ਫੌਜ ਵੱਲੋਂ ਵੀ ਅਨੇਕਾਂ ਅੱਤਵਾਦੀ ਹਲਾਕ ਕੀਤੇ ਜਾ ਚੁੱਕੇ ਹਨ ਪਰ ਹਾਲਾਤ ਅਜੇ ਪੂਰੀ ਤਰਾਂ ਕੰਟਰੋਲ ਹੇਠ ਨਹੀਂ ਆਏ।
ਘੱਟ ਗਿਣਤੀਆਂ ਵਿੱਚ ਖੌਫ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਹੁਣ ਤੱਕ ਸੈਂਕੜੇ ਲੋਕ ਭਰੇ ਭਰਾਏ ਘਰ ਛੱਡ ਕੇ ਕਸ਼ਮੀਰ ਵਾਦੀ ਤੋਂ ਜੰੰਮੂ ਅਤੇ ਹੋਰ ਪ੍ਰਦੇਸ਼ਾਂ ਵੱਲ ਹਿਜ਼ਰਤ ਕਰ ਚੁੱਕੇ ਹਨ ਤੇ ਕਈ ਕਰਨ ਦੀ ਤਿਆਰੀ ਵਿੱਚ ਹਨ। ਘੱਟ ਗਿਣਤੀ ਫਿਰਕੇ ਦੇ ਲੋਕ ਜਦੋਂ ਆਪਸ ਵਿੱਚ ਮਿਲਦੇ ਹਨ ਤਾਂ ਸਭ ਤੋਂ ਵੱਧ ਇਹ ਹੀ ਸਵਾਲ ਪੁੱਛਿਆ ਜਾਂਦਾ ਹੈ ਕਿ ਕਸ਼ਮੀਰ ਛੱਡ ਕੇ ਕਦੋਂ ਜਾ ਰਹੇ ਹੋ? 1990 ਵਿੱਚ ਵੀ ਇੱਕ ਵਾਰ ਅਜਿਹੇ ਹੀ ਹਾਲਾਤ ਬਣੇ ਸਨ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਛੱਡ ਕੇ ਰਾਤੋ ਰਾਤ ਭੱਜਣਾ ਪਿਆ ਸੀ। ਪੰਡਿਤਾਂ ਦੇ ਦਰਵਾਜ਼ਿਆਂ ‘ਤੇ ਰਾਤ ਨੂੰ ਅੱਤਵਾਦੀਆਂ ਦੁਆਰਾ ਪੇਂਟ ਨਾਲ ਮਾਰ ਦੇਣ ਦੀਆਂ ਧਮਕੀਆਂ ਲਿਖ ਦਿੱਤੀਆਂ ਜਾਂਦੀਆਂ ਸਨ ਤੇ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਦਾ ਮਿਲਣਾ ਆਮ ਵਰਤਾਰਾ ਬਣ ਗਿਆ ਸੀ। ਉਸ ਪੱਧਰ ‘ਤੇ ਤਾਂ ਨਹੀਂ, ਪਰ ਉਸ ਹੀ ਤਰਜ਼ ‘ਤੇ ਹੁਣ ਦੁਬਾਰਾ ਜਗ੍ਹਾ ਜਗ੍ਹਾ ਫਿਰ ਘੱਟ ਗਿਣਤੀਆਂ ਦੇ ਚੁਣ ਚੁਣ ਕੇ ਕਤਲ ਕੀਤੇ ਜਾ ਰਹੇ ਹਨ ਤਾਂ ਜੋ ਦਹਿਸ਼ਤ ਪਾਈ ਜਾ ਸਕੇ। ਕੁਝ ਹੀ ਦਿਨਾਂ ਦੇ ਫਰਕ ਨਾਲ ਆਮ ਸ਼ਹਿਰੀਆਂ ਦੇ 7 ਪਰਿਵਾਰ ਸ਼ੋਕ ਵਿੱਚ ਡੋਬ ਦਿੱਤੇ ਗਏ ਹਨ ਤੇ ਦੁੱਖਾਂ ਦਾ ਪਹਾੜ ਇਨ੍ਹਾਂ ‘ਤੇ ਟੁੱਟ ਪਿਆ ਹੈ। ਇਨ੍ਹਾਂ ਵਿੱਚੋਂ ਜਿਆਦਾਤਰ,ਭਾਗਲਪੁਰ (ਬਿਹਾਰ) ਦੇ ਵਸਨੀਕ ਰੇਹੜੀ ਵਾਲੇ ਵਰਿੰਦਰ ਪਾਸਵਾਨ ਅਤੇ ਸਹਾਰਨਪੁਰ (ਯੂ.ਪੀ.) ਦੇ ਰਹਿਣ ਵਾਲੇ ਸਗੀਰ ਅਹਿਮਦ ਕਾਰਪੇਂਟਰ ਵਾਂਗ ਆਪਣੇ ਪਰਿਵਾਰ ਦੇ ਇੱਕੋ ਇੱਕ ਕਮਾਊ ਮੈਂਬਰ ਸਨ। ਸ੍ਰੀਨਗਰ ਦੇ ਪ੍ਰਸਿੱਧ ਕੈਮਿਸਟ ਮਖਨ ਲਾਲ ਬਿੰਦਰੂ ਨੇ 1990 ਦੇ ਘਣਘੋਰ ਕਾਲੇ ਦਿਨਾਂ ਵਿੱਚ ਵੀ ਵਾਦੀ ਵਿੱਚ ਰਹਿਣ ਦਾ ਜਿਗਰਾ ਵਿਖਾਇਆ ਸੀ। ਪਰ ਇਸ ਵਾਰ ਦੇ ਕਤਲੇਆਮ ਦੀ ਸਭ ਤੋਂ ਪਹਿਲੀ ਭੇਂਟ ਉਹ ਹੀ ਚੜਿ੍ਹਆ ਹੈ। ਉਸ ਦੇ ਕਤਲ ਤੋਂ ਡਰ ਜਾਣ ਦੀ ਬਜਾਏ ਉਸ ਦੇ ਪਰਿਵਾਰ ਨੇ ਕਮਾਲ ਦੀ ਦਲੇਰੀ ਵਿਖਾਈ ਹੈ। ਉਨ੍ਹਾਂ ਨੇ ਸ਼ਰੇਆਮ ਟੀ.ਵੀ. ਚੈਨਲਾਂ ਅਤੇ ਅਖਬਾਰਾਂ ਰਾਹੀਂ ਅੱਤਵਾਦੀਆਂ ਨੂੰ ਲਲਕਾਰ ਕੇ ਵਾਦੀ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਹੈ।
ਬਿੰਦਰੂ ਨੂੰ ਆਰ.ਐਸ.ਐਸ. ਦਾ ਮੈਂਬਰ ਹੋਣ ਦਾ ਦੋਸ਼ ਲਗਾ ਕੇ ਮਾਰਿਆ ਗਿਆ ਹੈ ਜਿਵੇਂ 1990 ਵਿੱਚ ਰਾਜਨੀਤਕ ਕਾਰਕੁੰਨ ਅਤੇ ਪ੍ਰਸਿੱਧ ਵਕੀਲ ਟਿੱਕਾ ਲਾਲ ਟਪਲੂ ਨੂੰ ਦਿਨ ਦਿਹਾੜੇ ਕਤਲ ਕੀਤਾ ਗਿਆ ਸੀ। ਸਰਕਾਰੀ ਟੀਚਰਾਂ ਸਤਿੰਦਰ ਕੌਰ ਅਤੇ ਦੀਪਕ ਚੰਦ ਦੀ ਹੱਤਿਆ ਇਸ ਬਹਾਨੇ ਕੀਤੀ ਗਈ ਕਿ ਇਨ੍ਹਾਂ ਨੇ 15 ਅਗਸਤ ਨੂੰ ਸਕੂਲ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਸੀ। ਇਸ ਤੋਂ ਇਲਾਵਾ ਮੁਹੰਮਦ ਸ਼ਫੀ ਲੋਨ ਅਤੇ ਹੋਰ ਮੋਹਤਬਰ ਕਸ਼ਮੀਰੀ ਮੁਸਲਮਾਨਾਂ ਦੀ ਹੱਤਿਆ ਕਰਨ ਲਈ ਉਨ੍ਹਾਂ ‘ਤੇ ਸੁਰੱਖਿਆ ਦਸਤਿਆਂ ਦੇ ਮੁਖਬਰ ਹੋਣ ਦਾ ਇਲਜ਼ਾਮ ਲਗਾਇਆ ਗਿਆ ਹੈ। 1990 ਵਿੱਚ ਵੀ ਦਰਜ਼ਨਾਂ ਕਸ਼ਮੀਰੀਆਂ ਨੂੰ ਮੁਖਬਰ ਹੋਣ ਦੇ ਇਲਜ਼ਾਮ ਹੇਠ ਹੀ ਕਤਲ ਕੀਤਾ ਗਿਆ ਸੀ। ਪ੍ਰਮੁੱਖ ਕਸ਼ਮੀਰੀ ਰਾਜਨੀਤਕ ਪਾਰਟੀਆਂ ਨੇ ਅੱਤਵਾਦੀਆਂ ਤੋਂ ਡਰਦੇ ਮਾਰੇ ਇਨ੍ਹਾਂ ਕਤਲਾਂ ਦੇ ਖਿਲਾਫ ਕੋਈ ਜਿਆਦਾ ਵਿਰੋਧ ਪਰਗਟ ਨਹੀਂ ਕੀਤਾ। ਇੱਕ ਦੋ ਢਿੱਲੇ ਜਿਹੇ ਬਿਆਨ ਦੇ ਕੇ ਬੱਸ ਬੁੱਤਾ ਹੀ ਸਾਰਿਆ ਹੈ। ਅੱਤਵਾਦੀ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਮਾਰੂ ਹਥਿਆਰਾਂ ਨਾਲ ਲੈਸ ਹਨ ਪਰ ਉਨ੍ਹਾਂ ਦਾ ਤਰੀਕਾ ਵਾਰਦਾਤ ਪਹਿਲਾਂ ਵਾਲਾ ਹੀ ਹੈ। ਅੰਨ੍ਹੇਵਾਹ ਕਤਲੇਆਮ ਰਾਹੀਂ ਘੱਟ ਗਿਣਤੀਆਂ ਵਿੱਚ ਦਹਿਸ਼ਤ ਪਾਉਣਾ ਤੇ ਉਨ੍ਹਾਂ ਨੂੰ ਵਾਦੀ ਛੱਡਣ ‘ਤੇ ਮਜ਼ਬੂਰ ਕਰਨਾ, ਤਾਂ ਜੋ ਪਾਕਿਸਤਾਨ ਦੇ ਨਾਪਾਕ ਮਨਸੂਬੇ ਪੂਰੇ ਕੀਤੇ ਜਾ ਸਕਣ। 1990 ਦੀ ਹਿਜ਼ਰਤ ਦੀ ਜ਼ਿੰਮੇਵਾਰ ਮੁੱਖ ਤੌਰ ‘ਤੇ ਸਈਅਦ ਅਲੀ ਸ਼ਾਹ ਗਿਲਾਨੀ ਦੀ ਅਗਵਾਈ ਹੇਠਲੀ ਜਮਾਤੇ ਇਸਲਾਮੀ ਜਥੇਬੰਦੀ ਸੀ। ਪਰ ਹੁਣ ਉਸ ਦੇ ਮਰਨ ਤੇ ਤਹਿਰੀਕੇ ਹੁਰੀਅਤ ਦੇ ਕਮਜ਼ੋਰ ਪੈਣ ਕਾਰਨ ਇਸ ਤਾਂਡਵ ਦੀ ਕਮਾਂਡ ਹੁਣ ਆਈ.ਐਸ.ਆਈ. ਦੇ ਹੱਥ ਆ ਚੁੱਕੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਸੁਰੱਖਿਆ ਦਸਤੇ ਅੱਤਵਾਦ ਦੀ ਇਸ ਨਵੀਂ ਲਹਿਰ ਦਾ ਮੁਕਾਬਲਾ ਕਰਨ ਦੇ ਕਾਬਲ ਹਨ। 1990 ਦੇ ਮੁਕਾਬਲੇ ਸੁਰੱਖਿਆ ਦਸਤੇ ਵੀ ਹੁਣ ਨਵੀਨਤਮ ਅਤੇ ਅਤਿ ਸੂਖਮ ਹਥਿਆਰਾਂ ਨਾਲ ਲੈਸ ਹਨ। ਅੱਤਵਾਦੀਆਂ ਨੂੰ ਲੱਭਣ ਅਤੇ ਖਤਮ ਕਰਨ ਲਈ ਨਵੀਨਤਮ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਅੱਤਵਾਦੀਆਂ ਵੱਲੋਂ ਬੇਕਸੂਰ ਸ਼ਹਿਰੀਆ ਦੇ ਕੀਤੇ ਜਾ ਰਹੇ ਵਹਿਸ਼ੀਆਨਾ ਕਤਲਾਂ ਅਤੇ ਔਰਤਾਂ ਦੀ ਬੇਇੱਜ਼ਤੀ ਕਾਰਨ ਲੋਕ ਪਹਿਲਾਂ ਨਾਲੋਂ ਵਧ ਕੇ ਸੁਰੱਖਿਆ ਦਸਤਿਆਂ ਨੂੰ ਸੂਚਨਾਵਾਂ ਮੁਹੱਈਆ ਕਰਵਾ ਰਹੇ ਹਨ। ਇਸੇ ਕਾਰਨ ਹੀ ਸੁਰੱਖਿਆ ਦਸਤੇ ਸੈਨਿਕਾਂ ਦੀ ਸ਼ਹਾਦਤ ਦੇ ਕੁਝ ਦਿਨਾਂ ਦੇ ਅੰਦਰ ਹੀ ਲਸ਼ਕਰੇ ਤੋਇਬਾ ਦੇ ਚੋਟੀ ਦੇ ਕਮਾਂਡਰ ਉਮਰ ਖਾਂਡੇ ਵਰਗੇ ਕਈ ਅੱਤਵਾਦੀਆਂ ਨੂੰ ਮਾਰਨ ਵਿੱਚ ਕਾਮਯਾਬ ਰਹੇ ਹਨ। ਜੰਗਾਂ ਯੁੱਧਾਂ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ। ਅੱਤਵਾਦੀਆਂ ਦੀ ਚੜ੍ਹਾਈ ਦੁੱਧ ਦੇ ਉਬਾਲੇ ਵਰਗੀ ਹੁੰਦੀ ਹੈ ਤੇ ਉਨ੍ਹਾਂ ਦੀ ਉਮਰ ਕੁਝ ਮਹੀਨਿਆਂ ਤੋਂ ਵੱਧ ਨਹੀਂ ਹੁੰਦੀ। ਸਿਰਫ ਧਾਰਮਿਕ ਜੋਸ਼ ਅਤੇ ਪਾਕਿਸਤਾਨੀ ਏਜੰਸੀਆਂ ਦੇ ਭੜਕਾਊ ਪ੍ਰਚਾਰ ਕਾਰਨ ਕੱਚ ਘਰੜ ਟਰੇਨਿੰਗ ਹਾਸਲ ਅੱਤਵਾਦੀ ਜਿਆਦਾ ਦੇਰ ਤੱਕ ਅਨੁਸ਼ਾਸ਼ਿਤ ਅਤੇ ਸਖਤ ਟਰੇਨਿੰਗ ਕਾਰਨ ਤਪ ਕੇ ਕੁੰਦਨ ਬਣੇ ਭਾਰਤੀ ਦਸਤਿਆਂ ਦਾ ਜਿਆਦਾ ਦੇਰ ਤੱਕ ਮੁਕਾਬਲਾ ਨਹੀਂ ਕਰ ਸਕਦੇ। ਪੰਜਾਬ ਵਿੱਚ ਵੀ ਇਸ ਤਰਾਂ ਹੀ ਹੋਇਆ ਸੀ।
-ਬਲਰਾਜ ਸਿੰਘ ਸਿੱਧੂ ਕਮਾਂਡੈਂਟ
Comment here