ਖਬਰਾਂਚਲੰਤ ਮਾਮਲੇਦੁਨੀਆ

ਭਾਰਤ-ਕੈਨੇਡਾ ਦੀ ਤਲਖ਼ੀ ਵਧਾ ਸਕਦੀ ਹੈ ਦਾਲਾਂ ਦੀਆਂ ਕੀਮਤਾਂ !

ਲੁਧਿਆਣਾ-ਭਾਰਤ ਅਤੇ ਕੈਨੇਡਾ ਦੇ ਵਿਚਕਾਰ ਲਗਾਤਾਰ ਤਲਖ਼ੀ ਵੱਧਦੀ ਜਾ ਰਹੀ ਹੈ, ਜਿਸ ਦਾ ਅਸਰ ਵਪਾਰ ਦੇ ਨਾਲ ਖਾਣ ਪੀਣ ਦੇ ਸਾਮਾਨ ‘ਤੇ ਵੀ ਪੈ ਰਿਹਾ ਹੈ। ਭਾਰਤ ਵਿੱਚ ਕੈਨੇਡਾ ਤੋਂ ਖਾਣ ਵਾਲੇ ਤੇਲ ਦੇ ਨਾਲ ਵੱਡੀ ਗਿਣਤੀ ਵਿੱਚ ਦਾਲਾ ਵੀ ਭੇਜੀਆ ਜਾਂਦੀਆਂ ਹਨ। ਭਾਰਤ ਵਿੱਚ ਕੁੱਲ ਦਾਲਾਂ ਦੀ ਖ਼ਪਤ 23 ਲੱਖ ਟਨ ਤੋਂ ਵਧੇਰੇ ਹੈ, ਜਦਕਿ ਪੈਦਾਵਾਰ ਲਗਭਗ 16 ਲੱਖ ਟਨ ਦੇ ਕਰੀਬ ਹੈ। ਕੁੱਲ ਮਿਲਾ ਕੇ ਭਾਰਤ 7 ਲੱਖ ਟਨ ਦਾਲਾਂ ਲਈ ਵਿਦੇਸ਼ਾਂ ਉੱਤੇ ਨਿਰਭਰ ਹੈ ਜਿਸ ਵਿੱਚ ਕੈਨੇਡਾ ਉਸ ਦਾ ਵੱਡਾ ਸਪਲਾਇਰ ਹੈ।
ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਕੈਨੇਡਾ, ਭਾਰਤ ਨੂੰ ਮਸੂਰ ਦੀ ਦਾਲ ਦੇ ਨਾਲ-ਨਾਲ ਕਾਬਲੀ ਚਨੇ ਅਤੇ ਸਫ਼ੇਦ ਮਟਰ ਵੀ ਭੇਜ ਰਿਹਾ ਹੈ। ਮਾਰਚ-ਅਪ੍ਰੈਲ ਵਿੱਚ ਸ਼ਿਪਮੇਂਟ ਆਉਣੀ ਹੈ। ਵਪਾਰੀਆਂ ਨੇ ਕਿਹਾ ਹੈ ਕਿ ਇਸ ਦੀ ਕਨਫਰਮੇਸ਼ਨ ਹੋ ਚੁੱਕੀ ਹੈ। ਆਉਣ ਵਾਲੇ ਅਗਲੇ ਅਲਾਟ ਉੱਤੇ ਫਿਲਹਾਲ ਕੋਈ ਅਸਰ ਨਹੀਂ ਹੋਵੇਗਾ। ਪਰ, ਜੇਕਰ ਤਲਖੀ ਬਰਕਰਾਰ ਰਹੀ, ਤਾਂ ਭਵਿੱਖ ਵਿੱਚ ਭਾਰਤ ਦੇ ਅੰਦਰ ਦਾਲਾਂ ਦੀਆਂ ਕੀਮਤਾਂ ‘ਚ ਇਜ਼ਾਫਾ ਹੋ ਸਕਦਾ ਹੈ। ਲੁਧਿਆਣਾ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਦਾਲ ਬਜ਼ਾਰ ਹੈ, ਜਿੱਥੋਂ ਦਿੱਲੀ ਤੋਂ ਦਾਲਾਂ ਆਉਂਦੀਆਂ ਹਨ ਅਤੇ ਫਿਰ ਪੂਰੇ ਪੰਜਾਬ ਵਿੱਚ ਸਪਲਾਈ ਹੁੰਦੀਆਂ ਹਨ। ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਦਾਲਾਂ ਦੀਆਂ ਕੀਮਤਾਂ ਵਿੱਚ ਉਛਾਲ ਹੈ।
ਖਾਸ ਕਰਕੇ ਤੂਰ ਦੀ ਦਾਲ ਅਤੇ ਗਰਮ ਚਨਾ ਸਭ ਤੋਂ ਮਹਿੰਗੀ ਦਾਲ ਹੈ, ਜਿਨ੍ਹਾਂ ਵਿੱਚ 10 ਤੋਂ 15 ਰੁਪਏ ਪ੍ਰਤੀ ਕਿਲੋ ਦੇ ਰੁਪਏ ਦੇ ਹਿਸਾਬ ਨਾਲ ਵੱਧ ਹੋ ਗਿਆ ਹੈ, ਹਾਲਾਂਕਿ ਇਹ ਕੈਨੇਡਾ ਤੋਂ ਨਹੀਂ ਆਉਂਦੇ, ਭਾਰਤ ਵਿੱਚ ਕੈਨੇਡਾ ਤੋਂ ਮਸੂਰ ਦੀ ਦਾਲ ਆ ਰਹੀ, ਜਿਸ ਦੀਆਂ ਕੀਮਤਾਂ ਵਿੱਚ ਮਾਮੂਲੀ 1 ਰੁਪਏ ਤੋਂ ਲੈ ਕੇ 1.50 ਰੁਪਏ ਤੱਕ ਦਾ ਵਾਧਾ ਹੋਇਆ ਹੈ। 2022-23 ਵਿੱਚ ਭਾਰਤ ਨੇ 4.85 ਲੱਖ ਟਨ ਮਸੂਰ ਦੀ ਦਾਲ ਆਮਦ ਕਰਵਾਈ ਗਈ ਸੀ ਜਿਸ ਦੀ ਕੀਮਤ ਲਗਭਗ 3, 012 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਜੂਨ ਮਹੀਨੇ ਵਿੱਚ ਹੀ ਕੈਨੇਡਾ ਤੋਂ ਲਗਭਗ ਭਾਰਤ ਨੇ 1 ਲੱਖ ਟਨ ਮਸੂਰ ਦੀ ਦਾਲ ਮੰਗਵਾਈ ਸੀ। ਭਾਰਤ ਮਸੂਰ ਦੀ ਦਾਲ ਸਿਰਫ ਕੈਨੇਡਾ ਤੋਂ ਹੀ ਨਹੀਂ, ਸਗੋਂ ਆਸਟਰੇਲੀਆ ਅਤੇ ਰੂਸ ਤੋਂ ਵੀ ਮੰਗਵਾਉਂਦਾ ਹੈ। ਚੇਨਈ ਬੰਦਰਗਾਹ ਦੇ ਰਸਤੇ ਇਹ ਅੱਗੇ ਪੂਰੇ ਭਾਰਤ ਦੇ ਵਿੱਚ ਸਪਲਾਈ ਹੁੰਦੀ ਹੈ।
ਮਜੂਦਾ ਹਾਲਾਤਾਂ ਵਿੱਚ ਭਾਰਤ ‘ਚ ਮਸੂਰ ਦੀ ਦਾਲ ਦੀ ਕੋਈ ਕਮੀ ਨਹੀਂ ਹੈ। ਹੋਲਸੇਲ ਦੀ ਮਾਰਕੀਟ ਵਿੱਚ ਫਿਲਹਾਲ ਇਹ ਦਾਲ 75 ਰੁਪਏ ਤੋਂ ਲੈਕੇ 92 ਰੁਪਏ ਪ੍ਰਤੀ ਕਿੱਲੋ ਤੱਕ ਕੁਆਲਿਟੀ ਦੇ ਮੁਤਾਬਿਕ ਵਿਕ ਰਹੀ ਹੈ। ਉੱਥੇ ਹੀ, ਇਹ ਦਾਲ ਪ੍ਰਚੂਨ ਦੀ ਦੁਕਾਨ ਉੱਤੇ 100 ਰੁਪਏ ਦੇ ਨੇੜੇ ਵਿਕ ਰਹੀ ਹੈ। ਚੇਨਈ ਤੋਂ ਬਾਅਦ ਇਹ ਦਾਲਾਂ ਦਿੱਲੀ ਦੇ ਰਸਤੇ ਤੋਂ ਪੰਜਾਬ ਆਉਦੀਆਂ ਹਨ। ਪੰਜਾਬ ਦੇ ਵਪਾਰੀ ਦਿੱਲੀ ਦੇ ਵਪਾਰੀਆਂ ਉੱਤੇ ਨਿਰਭਰ ਹਨ। ਹਲਾਂਕਿ, 3 ਮਹੀਨੇ ਪਹਿਲਾਂ ਸਾਰੀਆਂ ਹੀ ਦਾਲਾਂ ਵਿੱਚ 10 ਤੋਂ 15 ਫੀਸਦੀ ਦਾ ਵਾਧਾ ਹੋਇਆ ਸੀ, ਕਿਉਂਕਿ ਗਰਮੀਆਂ ਵਿੱਚ ਸਬਜ਼ੀਆਂ ਘੱਟ ਹੋਣ ਕਰਕੇ ਦਾਲਾਂ ਦੀ ਖ਼ਪਤ ਵਧ ਜਾਂਦੀ ਹੈ, ਪਰ ਹੁਣ ਸਰਦੀਆਂ ਸ਼ੁਰੂ ਹੋਣ ਦੇ ਨਾਲ ਦਾਲਾਂ ਦੀਆਂ ਕੀਮਤਾਂ ਆਮ ਰਹਿਣਗੀਆਂ।
ਲੁਧਿਆਣਾ ਦਾਲ ਬਜ਼ਾਰ ਐਸੋਸੀਏਸ਼ਨ ਦੇ ਪ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਫਿਲਹਾਲ ਹਾਲਾਤ ਠੀਕ ਹਨ, ਪਰ ਜੇਕਰ ਇਸੇ ਤਰ੍ਹਾਂ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਆਪਸੀ ਸੰਬੰਧ ਖਰਾਬ ਹੁੰਦੇ ਰਹੇ, ਤਾਂ ਇਸ ਦਾ ਅਸਰ ਭਾਰਤ ਉੱਤੇ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਵਪਾਰ ਸਿਰਫ ਕੈਨੇਡਾ ਨਾਲ ਹੀ ਨਹੀਂ ਹੈ, ਸਗੋਂ ਉਨ੍ਹਾਂ ਦੇ ਗੁਆਂਢੀ ਮੁਲਕ ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਆਦਿ ਨਾਲ ਵੀ ਹਨ, ਜੋ ਕਿ ਕੈਨੇਡਾ ਦੇ ਖਾਸ ਮਿੱਤਰ ਹਨ, ਉਹ ਕਿਸੇ ਵੀ ਹਾਲਤ ਦੇ ਵਿੱਚ ਕੈਨੇਡਾ ਦੇ ਖਿਲਾਫ਼ ਨਹੀਂ ਜਾਣਗੇ।
ਇਸ ਕਰਕੇ ਲੰਮੇ ਸਮੇਂ ਤੱਕ ਜੇਕਰ ਇਹ ਵਿਵਾਦ ਹੋਰ ਕੌਮਾਂਤਰੀ ਪੱਧਰ ਉੱਤੇ ਵਧਦਾ ਹੈ, ਤਾਂ ਫਿਰ ਦਾਲਾਂ ਦੇ ਵਪਾਰ ਉੱਤੇ ਇਸ ਦਾ ਨਕਰਾਤਮਕ ਅਸਰ ਹੋ ਸਕਦਾ ਹੈ। ਦਾਲਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਵਪਾਰੀਆਂ ਨੇ ਕਿਹਾ ਕਿ ਅਸੀਂ ਮੌਕਾ ਪ੍ਰਸਤੀ ਨਹੀਂ ਕਰਦੇ। ਦਿੱਲੀ ਦੀਆਂ ਕੀਮਤਾਂ ਦੇ ਮੁਤਾਬਕ ਹੀ ਅੱਗੇ ਕੀਮਤਾਂ ਲਾਈਆਂ ਜਾਂਦੀਆਂ ਹਨ। ਲੁਧਿਆਣਾ ਦਾਲ ਬਜ਼ਾਰ ਵਿੱਚ ਕੋਈ ਵੀ ਵਪਾਰੀ ਬਿਨਾਂ ਵਜ੍ਹਾਂ, ਜਦੋਂ ਤੱਕ ਪਿੱਛੋਂ ਹੀ ਕੀਮਤਾਂ ਨਹੀਂ ਵੱਧਦੀਆਂ ਆਪਣੇ ਕੋਲੋਂ ਕੋਈ ਕੀਮਤ ਨਹੀਂ ਵਧਾਉਂਦਾ।

Comment here