ਸਿਆਸਤਖਬਰਾਂਦੁਨੀਆ

ਭਾਰਤ-ਕੈਨੇਡਾ ਟਕਰਾਅ ਵਿਚਕਾਰ ਅਮਰੀਕਾ ਦੁਚਿੱਤੀ ‘ਚ ਫਸਿਆ

ਵਾਸ਼ਿੰਗਟਨ-ਭਾਰਤ ਅਤੇ ਕੈਨੇਡਾ ਦੇ ਵਿਚਕਾਰ ਚਲ ਰਹੇ ਵਿਵਾਦ ਦਰਮਿਆਨ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕੀ ਸੁਰੱਖਿਆ ਏਜੰਸੀਆਂ ਨੂੰ ਇਸ ਵਿਵਾਦ ਤੋਂ ਸਬਕ ਲੈਂਦੇ ਹੋਏ ਆਪਣੇ ਦੇਸ਼ ਵਿਚ ਖਾਲਿਸਤਾਨ ਦੀ ਸਰਗਰਮੀ ਨੂੰ ਲੈ ਕੇ ਸਰਗਰਮ ਤੌਰ ’ਤੇ ਕੰਮ ਕਰਨ ਦੀ ਲੋੜ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ ਅਮਰੀਕਾ ਦਾ ਭਰੋਸੇਯੋਗ ਸਾਥੀ ਅਤੇ ਗੁਆਂਢੀ ਹੈ, ਪਰ ਚੀਨ ਦੇ ਨਾਲ ਕਿਸੇ ਵੀ ਟਕਰਾਅ ਦੀ ਸਥਿਤੀ ਵਿਚ ਰਣਨੀਤਕ ਦੋਸਤ ਦੇ ਰੂਪ ਵਿਚ ਉਸਨੂੰ ਭਾਰਤ ਦੀ ਵੀ ਲੋੜ ਹੈ। ਲਿਹਾਜ਼ਾ ਦੋਹਾਂ ਦੇਸ਼ਾਂ ਦੇ ਟਕਰਾਅ ਵਿਚਕਾਰ ਅਮਰੀਕਾ ਵੀ ਦੁਚਿੱਤੀ ਵਿਚ ਹੈ ਕਿ ਉਹ ਕਿਸਦਾ ਸਮਰਥਨ ਕਰੇ।
ਸਿੱਖਸ ਆਫ ਅਮਰੀਕਾ ਦੇ ਫਾਊਂਡਰ ਅਤੇ ਚੇਅਰਨ ਜੇ. ਸੀ. ਸਿੰਘ ਨੇ ਵਾਸ਼ਿੰਗਟਨ ਦੇ ਹਡਸਨ ਇੰਸਟੀਚਿਊਟ ਥਿੰਕਟੈਂਕ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਬੋਲਦੇ ਹੋਏ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਸਦ ਵਿਚ ਭਾਰਤ ਦੀ ਸੁਰੱਖਿਆ ਏਜੰਸੀਆਂ ’ਤੇ ਜੋ ਦੋਸ਼ ਲਗਾਏ, ਉਸਦੇ ਸਬੰਧ ਵਿਚ ਉਹ ਕਿਸੇ ਤਰ੍ਹਾਂ ਦਾ ਨਤੀਜਾ ਨਹੀਂ ਲੈ ਸਕੇ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਭਰੋਸੇਯੋਗ ਦੋਸ਼ ਸ਼ਬਦ ਦੀ ਵਰਤੋ ਕੀਤੀ, ਪਰ ਇਸਦਾ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਸੀ। ਅਸੀਂ ਫਿਲਹਾਲ ਉਨ੍ਹਾਂ ਦੇ ਦੋਸ਼ਾਂ ਦੀ ਪ੍ਰਮਾਣਿਕਤਾ ਲਈ ਸਬੂਤਾਂ ਦੀ ਉਡੀਕ ਕਰਾਂਗੇ, ਉਸ ਤੋਂ ਬਾਅਦ ਹੀ ਇਸ ਵਿਸ਼ੇ ’ਚ ਕਿਸੇ ਤਰ੍ਹਾਂ ਦਾ ਫੈਸਲਾ ਲਿਆ ਜਾ ਸਕਦਾ ਹੈ।
ਅਮਰੀਕਾ ਵਲੋਂ ਟਰੂਡੋ ਦੇ ਦੋਸ਼ਾਂ ’ਤੇ ਚਿੰਤਾ ਪ੍ਰਗਟਾਏ ਜਾਣ ’ਤੇ ਸਿੰਘ ਨੇ ਕਿਹਾ ਕਿ ਵਾਸ਼ਿੰਗਟਨ ਵਿਚ ਕਈ ਵਾਰ ਉਹ ਜ਼ਿਆਦਾ ਅਹਿਮੀਅਤ ਰੱਖਦਾ ਹੈ, ਜੋ ਨਹੀਂ ਕਿਹਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ ਵਿਚ ਖੁੱਲ੍ਹ ਕੇ ਭਾਰਤ ਦੇ ਵਿਰੋਧ ਵਿਚ ਨਹੀਂ ਆਇਆ ਹੈ ਅਤੇ ਸਾਨੂੰ ਇਸ ਗੱਲ ਨੂੰ ਵੀ ਧਿਆਨ ਨਾਲ ਦੇਖਣ ਦੀ ਲੋੜ ਹੈ। ਦੱਖਣੀ ਏਸ਼ੀਆ ਮਾਮਲਿਆਂ ਵਿਚ ਮਾਹਰ ਦਿਨਸ਼ਾ ਮਿਸਤਰੀ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਅਤੇ ਭਾਰਤ ਵਿਚਕਾਰ ਚੱਲ ਰਹੇ ਵਿਵਾਦ ਦੇ ਵਿਚ ਸਰਗਰਮੀ ਨਾਲ ਸਾਹਮਣੇ ਆਉਣ ਦੀ ਸਥਿਤੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਇਸ ਵਿਵਾਦ ਤੋਂ ਸਬਕ ਸਿੱਖਣ ਦੀ ਲੋੜ ਹੈ। ਜੇਕਰ ਕਿਸੇ ਮੁੱਦੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਵਿਗੜ ਰਹੇ ਹਨ, ਇਸਦਾ ਮਤਲਬ ਇਹ ਨਹੀਂ ਹੈ ਕਿ ਉਸੇ ਮੁੱਦੇਦ ’ਤੇ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵੀ ਵਿਗਾੜ ਲਏ ਜਾਣ।
ਹਡਸਨ ਇੰਸਟੀਚਿਊਟ ਥਿੰਕ-ਟੈਂਕ ਵਿਚ ਆਯੋਜਿਤ ਇਕ ਪੈਨਲ ਚਰਚਾ ਵਿਚ ਅਮਰੀਕਨ ਇੰਟਰਪ੍ਰਾਈਜ ਇੰਸਟੀਚਿਊਟ ਦੇ ਸੀਨੀਅਰ ਫੈਲੋ ਮਾਈਕਲ ਰੁਬਿਨ ਨੇ ਦਾਅਵਾ ਕੀਤਾ ਹੈ ਕਿ ਟਰੂਡੋ ਉਨ੍ਹਾਂ ਲੋਕਾਂ ਦੇ ਹੱਥਾਂ ਦੀ ਕਠਪੁਥਲੀ ਬਣ ਰਹੇ ਹਨ, ਜੋ ਖਾਲਿਸਤਾਨੀ ਲਹਿਰ ਨੂੰ ਹਉਮੈ ਤੇ ਮੁਨਾਫੇ ਦੀ ਲਹਿਰ ਵਜੋਂ ਦੇਖਦੇ ਹਨ। ਰੂਬਿਨ ਨੇ ਕਿਹਾ ਕਿ ਟਰੂਡੋ ਦੇ ‘ਸ਼ਰਮਨਾਕ ਅਤੇ ਨਿੰਦਣਯੋਗ ਕਦਮ’ ਬਾਰੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਨਿੱਝਰ ਕਤਲ ਮਾਮਲੇ ’ਚ ਬਿਆਨ ਦੇ ਰਹੇ ਹਨ, ਪਰ ਦੇਸ਼ ਦੀ ਪੁਲਸ ਪਾਕਿਸਤਾਨ ਦੀ ਕਥਿਤ ਮਦਦ ਨਾਲ ਹੋਏ ਕਰੀਮਾ ਬਲੂਚ ਦੇ ਕਤਲ ਦੀ ਜਾਂਚ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਅਜੇ ਤੱਕ ਇਸ ਮਾਮਲੇ ’ਤੇ ਨੋਟਿਸ ਨਹੀਂ ਲਿਆ ਹੈ।
ਅਮਰੀਕੀ ਮਾਹਰ ਨੇ ਕਿਹਾ ਕਿ ਤਾਂ ਸਵਾਲ ਇਹ ਉੱਠਦਾ ਹੈ ਕਿ ਜੇਕਰ ਲੋਕਪ੍ਰਿਅ ਰਾਜਨੀਤੀ ਨਹੀਂ ਕੀਤੀ ਜਾ ਰਹੀ ਹੈ, ਤਾਂ ਇਹ ਵਿਰੋਧ ਕਿਉਂ ਹੈ? ਇਸ ਨਾਲ ਜਸਟਿਨ ਟਰੂਡੋ ਨੂੰ ਲੰਬੀ ਮਿਆਦ ਵਿਚ ਮਦਦ ਮਿਲ ਸਕਦੀ ਹੈ, ਪਰ ਇਹ ਚੰਗੀ ਲੀਡਰਸ਼ਿਪ ਨਹੀਂ ਹੈ। ਸਾਨੂੰ ਇੱਥੇ (ਅਮਰੀਕਾ ’ਚ) ਅਤੇ ਕੈਨੇਡਾ ਵਿਚ ਸਾਡੇ ਨੇਤਾਵਾਂ ਦੀ ਲੋੜ ਹੈ ਕਿ ਉਹ ਵਧੇਰੇ ਜ਼ਿੰਮੇਵਾਰੀ ਨਿਭਾਉਣ, ਕਿਉਂਕਿ ਉਹ ਅੱਗ ਨਾਲ ਖੇਡ ਰਹੇ ਹਨ।
ਰੁਬਿਨ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੁਝ ਬਾਹਰੀ ਤੱਤ ਖਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਕੋਸ਼ਿਸ਼ ਰੰਗ ਲਿਆਏਗੀ। ਮੈਂ ਨਹੀਂ ਚਾਹੁੰਦਾ ਕਿ ਅਮਰੀਕਾ ‘ਬਾਹਰੀ ਤੱਤਾਂ ਦੀਆਂ ਅਜਿਹੀਆਂ ਘਿਨਾਉਣੀਆਂ ਹਰਕਤਾਂ’ ਨੂੰ ਮਨਜ਼ੂਰੀ ਦੇਵੇ। ਅਚਾਨਕ ਵੱਖਵਾਦੀ ਲਹਿਰ ਨੂੰ ਮੁੜ ਤੋਂ ਉਭਰਦੇ ਵੇਖਣਾ ਅਤੇ ਇਹ ਦਲੀਲ ਦੇਣਾ ਕਿ ਇਹ ਜਾਇਜ਼ ਹੈ, ਇਕ ਵੱਡੀ ਗਲਤੀ ਹੋਵੇਗੀ।
ਮਾਹਿਰਾਂ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੇ ਏਜੰਟ ਦਾ ਹੱਥ ਹੋਣ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ‘ਸ਼ਰਮਨਾਕ ਅਤੇ ਨਿੰਦਣਯੋਗ’ ਕਰਾਰ ਦਿੰਦਿਆਂ ਅਮਰੀਕਾ ਨੂੰ ਇਸ ਦਾ ਹਿੱਸਾ ਨਾ ਬਣਨ ਦੀ ਅਪੀਲ ਕੀਤੀ ਹੈ।

Comment here