ਨਵੀਂ ਦਿੱਲੀ-ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੂਨ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ “ਸੰਭਾਵਿਤ” ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿੱਚ ਬੇਹੱਦ ਤਣਾਅ ਪੈਦਾ ਹੋ ਗਿਆ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਹੂਦਾ’ ਅਤੇ ‘ਬੇਬੁਨਿਆਦ’ ਦੱਸਦਿਆਂ ਰੱਦ ਕਰ ਦਿੱਤਾ ਸੀ ਅਤੇ ਇਸ ਮਾਮਲੇ ਵਿੱਚ ਕੈਨੇਡਾ ਵੱਲੋਂ ਇੱਕ ਭਾਰਤੀ ਅਧਿਕਾਰੀ ਨੂੰ ਕੱਢੇ ਜਾਣ ਦੇ ਬਦਲੇ ਉਸ ਨੇ ਵੀ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ।
ਕੈਨੇਡਾ ਦੇ ਉਪ ਫ਼ੌਜ ਮੁਖੀ ਮੇਜਰ ਜਨਰਲ ਪੀਟਰ ਸਕਾਟ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਮੌਜੂਦਾ ਕੂਟਨੀਤਕ ਵਿਵਾਦ ਦਾ ਉਨ੍ਹਾਂ ਦੇ ਦੁਵੱਲੇ ਫੌਜੀ ਸਬੰਧਾਂ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਸ ਮਾਮਲੇ ਨੂੰ ਸਿਆਸੀ ਪੱਧਰ ‘ਤੇ ਹੱਲ ਕਰਨਾ ਹੋਵੇਗਾ। ਸਕਾਟ ਇੰਡੋ-ਪੈਸੀਫਿਕ ਮਿਲਟਰੀ ਚੀਫ਼ਸ ਕਾਨਫਰੰਸ (ਆਈ.ਪੀ.ਏ.ਸੀ.ਸੀ.) ਵਿੱਚ ਕੈਨੇਡਾ ਦੇ ਡੈਲੀਗੇਸ਼ਨ ਦੀ ਅਗਵਾਈ ਕਰ ਰਿਹਾ ਹਨ, ਜਿਸ ਵਿੱਚ 30 ਤੋਂ ਵੱਧ ਦੇਸ਼ਾਂ ਦੇ ਮਿਲਟਰੀ ਡੈਲੀਗੇਸ਼ਨ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ, ‘ਜਿੱਥੋਂ ਤੱਕ ਮੈਨੂੰ ਪਤਾ ਹੈ, ਇਸ ਦਾ ਸਾਡੇ ‘ਤੇ ਕੋਈ ਪ੍ਰਭਾਵ ਨਹੀਂ ਪੈਣ ਵਾਲਾ ਹੈ। ਅਸੀਂ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਦਾ ਜ਼ਿੰਮਾ ਸਿਆਸੀ ਪੱਧਰ ‘ਤੇ ਛੱਡ ਦਿੱਤਾ ਹੈ।’ ਮੇਜਰ ਜਨਰਲ ਸਕਾਟ ਨੇ ਅੱਗੇ ਕਿਹਾ, ‘ਅਸੀਂ ਇੱਥੇ ਆ ਕੇ ਖੁਸ਼ ਹਾਂ ਅਤੇ ਸਾਨੂੰ ਬਿਲਕੁਲ ਨਹੀਂ ਲੱਗਦਾ ਕਿ ਇਸ ਮੁੱਦੇ ਨੂੰ ਲੈ ਕੇ ਇਸ ਮੋੜ ‘ਤੇ ਕੋਈ ਅਸਰ ਪਵੇਗਾ।’
ਕੈਨੇਡੀਅਨ ਆਰਮੀ ਅਫਸਰ ਨੇ ਕਿਹਾ, “ਇਹ ਦੋਹਾਂ ਦੇਸ਼ਾਂ ਵਿਚਾਲੇ ਸਿਆਸੀ ਮੁੱਦਾ ਹੈ। ਸਾਡੇ ਪ੍ਰਧਾਨ ਮੰਤਰੀ ਨੇ… ਹੇਠਲੇ ਸਦਨ ਹਾਊਸ ਆਫ ਕਾਮਨਜ਼ ਵਿੱਚ ਇਸ ਮੁੱਦੇ ਨੂੰ ਉਠਾਇਆ ਸੀ ਅਤੇ ਮੌਜੂਦਾ ਸਮੇਂ ਵਿਚ ਚੱਲ ਰਹੀ ਸੁਤੰਤਰ ਜਾਂਚ ਵਿੱਚ ਭਾਰਤ ਦੇ ਸਹਿਯੋਗ ਦੀ ਬੇਨਤੀ ਕਰਨ ਵਾਲਾ ਇੱਕ ਬਿਆਨ ਦਿੱਤਾ ਸੀ।” ਉਨ੍ਹਾਂ ਕਿਹਾ, ”ਇਸ ਦਾ ਦੋਵਾਂ ਦੇਸ਼ਾਂ ਦੀਆਂ ਫੌਜਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਮੈਂ ਬੀਤੀ ਰਾਤ ਤੁਹਾਡੇ ਆਰਮੀ ਕਮਾਂਡਰ (ਆਰਮੀ ਚੀਫ਼ ਜਨਰਲ ਮਨੋਜ ਪਾਂਡੇ) ਨਾਲ ਗੱਲ ਕੀਤੀ। ਅਸੀਂ ਦੋਵੇਂ ਇਸ ਗੱਲ ‘ਤੇ ਸਹਿਮਤ ਹੋਏ ਕਿ ਇਹ ਇਕ ਸਿਆਸੀ ਮੁੱਦਾ ਹੈ ਅਤੇ ਇਸ ਦਾ ਸਾਡੇ ਸਬੰਧਾਂ ‘ਤੇ ਕੋਈ ਅਸਰ ਨਹੀਂ ਪਵੇਗਾ।”
Comment here