ਸਿਆਸਤਖਬਰਾਂਦੁਨੀਆ

ਭਾਰਤ-ਇਰਾਨ ਦੇ ਦੁਵੱਲੇ ਰਿਸ਼ਤਿਆਂ ਬਾਰੇ ਜੈਸ਼ੰਕਰ ਤੇ ਜਵਾਦ ਜ਼ਰੀਫ ਦੀ ਗੱਲਬਾਤ

ਨਵੀਂ ਦਿੱਲੀ- ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਇਰਾਨ ਦੇ ਆਪਣੇ ਹਮਰੁਤਬਾ ਜਵਾਦ ਜ਼ਰੀਫ਼ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਰਾਨ ਤੇ ਅਮਰੀਕਾ ਵਿੱਚ ਜਾਰੀ ਕਸ਼ੀਦਗੀ ਦਰਮਿਆਨ ਖਾੜੀ ਖੇਤਰ ਵਿੱਚ ਤੇਜ਼ੀ ਨਾਲ ਬਦਲ ਰਹੇ ਹਾਲਾਤ ਅਤੇ ਚਾਬਹਾਰ ਪ੍ਰਾਜੈਕਟ ’ਤੇ ਚਰਚਾ ਕੀਤੀ। ਇਰਾਕ ਵਿੱਚ ਅਮਰੀਕੀ ਡਰੋਨ ਹਮਲੇ ’ਚ ਇਰਾਨ ਦੇ ਸਿਖਰਲੇ ਫੌਜੀ ਜਰਨੈਲ ਕਾਸਿਮ ਸੁਲੇਮਾਨੀ ਦੀ ਮੌਤ ਮਗਰੋਂ ਅਮਰੀਕਾ ਤੇ ਇਰਾਨ ਵਿੱਚ ਤਣਾਅ ਸਿਖਰ ’ਤੇ ਪੁੱਜ ਗਿਆ ਸੀ। ਜਨਾਬ ਜ਼ਰੀਫ਼ ਨੇ ਲੰਘੇ ਦਿਨ ਇਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਖਾੜੀ ਖਿੱਤੇ ਵਿੱਚ ਬਣੇ ਤਣਾਅ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਸਵੇਰ ਦੇ ਨਾਸ਼ਤੇ ਮੌਕੇ ਹੋਈ ਇਸ ਮੁਲਾਕਾਤ ਦੌਰਾਨ ਇਰਾਨੀ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨੂੰ ਮੌਜੂਦਾ ਹਾਲਾਤ ਵਿੱਚ ਤਹਿਰਾਨ ਦੇ ਰੁਖ਼ ਬਾਰੇ ਜਾਣਕਾਰੀ ਦਿੱਤੀ। ਦੱਸਿਆ ਜਾਂਦਾ ਹੈ ਕਿ ਦੋਵਾਂ ਮੰਤਰੀਆਂ ਨੇ ਇਸ ਮੌਕੇ ਭਾਰਤ-ਇਰਾਨ ਦੇ ਦੁਵੱਲੇ ਰਿਸ਼ਤਿਆਂ ਦੇ ਕਈ ਪਹਿਲੂਆਂ ਤੇ ਚਾਬਹਾਰ ਬੰਦਰਗਾਹ ਪ੍ਰਾਜੈਕਟ ਦੀ ਮੌਜੂਦਾ ਸਥਿਤੀ ਬਾਰੇ ਵੀ ਚਰਚਾ ਕੀਤੀ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਸਾਂਝੇ ਹਿੱਤਾਂ ਵਾਲੇ ਖੇਤਰੀ ਤੇ ਆਲਮੀ ਮੁੱਦਿਆਂ ਸਮੇਤ ਖਾੜੀ ਖੇਤਰ ਵਿੱਚ ਮੌਜੂਦਾ ਘਟਨਾਕ੍ਰਮ ’ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਇਰਾਨ ਦੇ 2015 ਦੇ ਪ੍ਰਮਾਣੂ ਕਰਾਰ ’ਤੇ ਵੀ ਚਰਚਾ ਕੀਤੀ।

Comment here