ਅਪਰਾਧਸਿਆਸਤਖਬਰਾਂ

ਭਾਰਤ ਅੱਤਵਾਦ ਦਾ ਮੁਕਾਬਲਾ ਕਰਨ ਦੇ ਪ੍ਰੋਗਰਾਮਾਂ ਦਾ ਕਰੇਗਾ ਆਯੋਜਨ-ਰੁਚਿਰਾ ਕੰਬੋਜ

ਸੰਯੁਕਤ ਰਾਸ਼ਟਰ-ਅੱਤਵਾਦੀਆਂ ਨੂੰ ‘ਸਿਆਸੀ ਸਹੂਲਤ’ ਦੇ ਆਧਾਰ ’ਤੇ ‘ਮਾੜੇ’ ਜਾਂ ‘ਚੰਗੇ’ ਵਜੋਂ ਸ਼੍ਰੇਣੀਬੱਧ ਕਰਨ ਦਾ ਦੌਰ ਤੁਰੰਤ ਖ਼ਤਮ ਹੋਣਾ ਚਾਹੀਦਾ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਇੱਕ ਸੰਕਲਪ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਅੱਤਵਾਦੀ ਕਾਰਵਾਈਆਂ ਨੂੰ ਧਾਰਮਿਕ ਜਾਂ ਵਿਚਾਰਧਾਰਕ ਦੇ ਰੂਪ ਵਿੱਚ ਸ਼੍ਰੇਣੀਬੱਧ ਕਰਨ ਨਾਲ ਅੱਤਵਾਦ ਨਾਲ ਲੜਨ ਦੀ ਸਾਂਝੀ ਵਿਸ਼ਵ ਵਚਨਬੱਧਤਾ ਘੱਟ ਹੋ ਜਾਵੇਗੀ। ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਦੇ ਮੌਜੂਦਾ ਪ੍ਰਧਾਨ ਹੋਣ ਦੇ ਨਾਤੇ ਭਾਰਤ ਬਹੁ-ਪੱਖੀ ਸੁਧਾਰ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਦੇ ਉਪਾਵਾਂ ’ਤੇ 14 ਅਤੇ 15 ਦਸੰਬਰ ਨੂੰ 2 ਮਹੱਤਵਪੂਰਨ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ, ਜਿਸ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਰਨਗੇ। ਮੀਟਿੰਗ ਤੋਂ ਪਹਿਲਾਂ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਇਸ ਵਿਸ਼ੇ ’ਤੇ ਚਰਚਾ ਲਈ ਇੱਕ ਸੰਕਲਪ ਪੱਤਰ ਸੁਰੱਖਿਆ ਪਰਿਸ਼ਦ ਦੇ ਦਸਤਾਵੇਜ਼ ਵਜੋਂ ਪ੍ਰਸਾਰਿਤ ਕੀਤਾ ਜਾਵੇ। ਪਿਛਲੇ ਹਫ਼ਤੇ ਲਿਖੇ ਗਏ ਸੰਕਲਪ ਪੱਤਰ ਵਿੱਚ ਕਿਹਾ ਗਿਆ ਹੈ, ‘ਨਿਊਯਾਰਕ ਵਿੱਚ 11 ਸਤੰਬਰ, 2001 ਨੂੰ ਹੋਏ ਅੱਤਵਾਦੀ ਹਮਲੇ ਨੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਵਿਸ਼ਵਵਿਆਪੀ ਰੁਖ਼ ਨੂੰ ਬਦਲ ਦਿੱਤਾ। ਇਸ ਤੋਂ ਬਾਅਦ ਲੰਡਨ, ਮੁੰਬਈ, ਪੈਰਿਸ, ਪੱਛਮੀ ਏਸ਼ੀਆ ਅਤੇ ਅਫਰੀਕਾ ਦੇ ਕਈ ਹਿੱਸਿਆਂ ਵਿੱਚ ਅੱਤਵਾਦੀ ਹਮਲੇ ਹੋਏ।’
ਇਸ ਵਿਚ ਕਿਹਾ ਗਿਆ ਹੈ ਕਿ ਇਹ ਹਮਲੇ ਦਰਸਾਉਂਦੇ ਹਨ ਕਿ ਅੱਤਵਾਦ ਦਾ ਖ਼ਤਰਾ ਗੰਭੀਰ ਅਤੇ ਵਿਸ਼ਵਵਿਆਪੀ ਹੈ ਅਤੇ ਦੁਨੀਆ ਦੇ ਇਕ ਹਿੱਸੇ ਵਿਚ ਅੱਤਵਾਦ ਦਾ ਦੁਨੀਆ ਦੇ ਦੂਜੇ ਹਿੱਸਿਆਂ ਵਿਚ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਪ੍ਰਭਾਵ ਪੈਂਦਾ ਹੈ। ਪੱਤਰ ਵਿੱਚ ਕਿਹਾ ਗਿਆ ਹੈ, “ਅੱਤਵਾਦ ਦਾ ਖ਼ਤਰਾ ਅੰਤਰਰਾਸ਼ਟਰੀ ਹੈ। ਅੱਤਵਾਦੀ ਤੱਤ ਅਤੇ ਉਨ੍ਹਾਂ ਦੇ ਸਮਰਥਕ ਅਤੇ ਵਿੱਤ ਪੋਸ਼ਕ ਵੱਖ-ਵੱਖ ਖੇਤਰਾਂ ਵਿੱਚ ਰਹਿੰਦੇ ਹੋਏ ਦੁਨੀਆ ਵਿਚ ਕਿਤੇ ਵੀ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਇਕੱਠੇ ਹੁੰਦੇ ਹਨ। ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਦੇ ਸਾਂਝੇ ਯਤਨਾਂ ਨਾਲ ਹੀ ਅੰਤਰਰਾਸ਼ਟਰੀ ਖ਼ਤਰੇ ਨਾਲ ਨਜਿੱਠਿਆ ਜਾ ਸਕਦਾ ਹੈ।’ ਭਾਰਤ ਨੇ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦੀ ਸਮੱਸਿਆ ਨੂੰ ਕਿਸੇ ਧਰਮ, ਕੌਮੀਅਤ, ਸਭਿਅਤਾ ਜਾਂ ਨਸਲੀ ਸਮੂਹ ਨਾਲ ਨਹੀਂ ਜੋੜਿਆ ਜਾ ਸਕਦਾ ਅਤੇ ਅੱਤਵਾਦ ਦੀਆਂ ਸਾਰੀਆਂ ਕਾਰਵਾਈਆਂ ਅਪਰਾਧਿਕ ਹਨ।

Comment here