ਸਿਆਸਤਖਬਰਾਂਦੁਨੀਆ

ਭਾਰਤ-ਅਮਰੀਕਾ ਦੁਨੀਆ ਦੇ ਅਹਿਮ ਭਾਈਵਾਲਾਂ ਚੋਂ ਇੱਕ-ਬਲਿੰਕਨ

ਨਵੀਂ ਦਿੱਲੀ– ਭਾਰਤ ਦੌਰੇ ਤੇ ਆਏ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਅੱਜ ਇਥੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਮਨੁੱਖੀ ਸਨਮਾਨ, ਬਰਾਬਰ ਦੇ ਮੌਕੇ, ਕਾਨੂੰਨ ਦੇ ਸਾਸ਼ਨ, ਧਾਰਮਿਕ ਤੇ ਮੌਲਿਕ ਆਜ਼ਾਦੀ ’ਚ ਯਕੀਨ ਰੱਖਦੇ ਹਨ। ਉਨ੍ਹਾਂ ਅੱਜ ਸਿਵਲ ਸੁਸਾਇਟੀਜ਼ ਦੇ ਨੇਤਾਵਾਂ ਨਾਲ ਬੈਠਕ ਵਿੱਚ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੁਨੀਆ ਦੀ ਸਭ ਤੋਂ ਅਹਿਮ ਭਾਈਵਾਲੀਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ,‘ ਸਾਡਾ ਮੰਨਣਾ ਹੈ ਕਿ ਸਾਰੇ ਲੋਕਾਂ ਨੂੰ ਆਵਾਜ਼ ਉਠਾਉਣ ਦਾ ਹੱਕ ਹੈ ਤੇ ਸਮੇਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਚਾਹੇ ਆਵਾਜ਼ ਉਠਾਉਣ ਵਾਲੇ ਕੋਈ ਵੀ ਹੋਣ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਮੰਤਰੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ.ਜੈਸ਼ੰਕਰ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਅਫਗਾਨਿਸਤਾਨ ’ਚ ਫੈਲੀ ਅਸ਼ਾਂਤੀ ਵਿਚਾਲੇ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਭਾਰਤ ਦੀ ਲੀਡਰਸ਼ਿਪ ਨਾਲ ਪਾਕਿਸਤਾਨ ਸਪਾਂਸਰ ਅੱਤਵਾਦ, ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਅਫਗਾਨਿਸਤਾਨ ’ਚ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਕ ਵਿਸ਼ੇਸ਼ ਪ੍ਰੈੱਸ ਬ੍ਰੀਫਿੰਗ ਦੌਰਾਨ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਕਾਰਜਕਾਰੀ ਸਹਾਇਕ ਸਕੱਤਰ ਡੀਨ ਥੌਮਸਨ ਨੇ ਕਿਹਾ, “ਸਾਡੇ ਭਾਰਤੀ ਭਾਈਵਾਲਾਂ ਨਾਲ ਸਾਡੀ ਦੁਵੱਲੀ ਗੱਲਬਾਤ ਸਾਡੀ ਸੁਰੱਖਿਆ, ਰੱਖਿਆ, ਸਾਈਬਰ ਅਤੇ ਅੱਤਵਾਦ ਵਿਰੋਧੀ ਸਹਿਯੋਗ ਦੇ ਵਿਸਥਾਰ ’ਤੇ ਕੇਂਦਰਿਤ ਕਰੇਗੀ।” ਉਨ੍ਹਾਂ ਕਿਹਾ ਕਿ ਖੇਤਰੀ ਮੁੱਦਿਆਂ ‘ਤੇ ਅਸੀਂ ਅਫਗਾਨਿਸਤਾਨ ’ਚ ਇੱਕ ਨਿਰਪੱਖ ਅਤੇ ਟਿਕਾਊ ਸ਼ਾਂਤੀ ਦੇ ਸਮਰਥਨ ਲਈ ਆਪਣੀਆਂ ਕੋਸ਼ਿਸ਼ਾਂ ਬਾਰੇ ਵਿਚਾਰ-ਵਟਾਂਦਰੇ ਦਾ ਇਰਾਦਾ ਰੱਖਦੇ ਹਾਂ।

Comment here