ਸਿਆਸਤਚਲੰਤ ਮਾਮਲੇਦੁਨੀਆ

ਭਾਰਤ ਅਫਗਾਨਿਸਤਾਨ ਨੂੰ ਭੇਜੇਗਾ 20 ਹਜ਼ਾਰ ਮੀਟ੍ਰਿਕ ਟਨ ਕਣਕ

ਨਵੀਂ ਦਿੱਲੀ-ਦਿੱਲੀ ‘ਚ ਅਫਗਾਨਿਸਤਾਨ ‘ਤੇ ਭਾਰਤ-ਮੱਧ ਏਸ਼ੀਆ ਸੰਯੁਕਤ ਕਾਰਜਕਾਰੀ ਸਮੂਹ ਦੀ ਪਹਿਲੀ ਬੈਠਕ ‘ਚ ਭਾਰਤ ਨੇ ਸੰਕਟਗ੍ਰਸਤ ਅਫਗਾਨਿਸਤਾਨ ਲਈ ਇਕ ਵਾਰ ਫਿਰ ਦਰਿਆਦਿਲੀ ਦਿਖਾਉਂਦੇ ਹੋਏ ਮਦਦ ਦਾ ਐਲਾਨ ਕੀਤਾ ਹੈ। ਭਾਰਤ ਨੇ ਕਿਹਾ ਹੈ ਕਿ ਖੁਰਾਕ ਸੰਕਟ ਨਾਲ ਜੂਝ ਰਹੇ ਅਫਗਾਨਿਸਤਾਨ ਨੂੰ ਚਾਬਹਾਰ ਬੰਦਰਗਾਹ ਰਾਹੀਂ 20,000 ਮੀਟ੍ਰਿਕ ਟਨ ਕਣਕ ਭੇਜੀ ਜਾਵੇਗੀ। ਦਿੱਲੀ ‘ਚ ਮੰਗਲਵਾਰ ਨੂੰ ਅਫਗਾਨਿਸਤਾਨ ‘ਤੇ ਭਾਰਤ-ਮੱਧ ਏਸ਼ੀਆ ਸੰਯੁਕਤ ਕਾਰਜਕਾਰੀ ਸਮੂਹ ਦੀ ਪਹਿਲੀ ਬੈਠਕ ‘ਚ ਇਹ ਘੋਸ਼ਣਾ ਕੀਤੀ ਗਈ ਜਿਸ ‘ਚ ਮੇਜ਼ਬਾਨ ਭਾਰਤ ਤੋਂ ਇਲਾਵਾ ਏਸ਼ੀਆ ਦੇ ਪੰਜ ਦੇਸ਼ਾਂ ਨੇ ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਸ਼ੇਸ਼ ਡਿਪਲੋਮੈਟਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਜਾਰੀ ਬਿਆਨ ‘ਚ ਕਿਹਾ ਗਿਆ ਕਿ ਭਾਰਤ ਨੇ ਚਾਬਹਾਰ ਬੰਦਰਗਾਹ ਰਾਹੀਂ ਯੂ.ਐੱਨ.ਡਬਲਿਊ.ਐੱਫ.ਪੀ. ਦੇ ਸਹਿਯੋਗ ਨਾਲ ਅਫਗਾਨਿਸਤਾਨ ਨੂੰ 20 ਹਜ਼ਾਰ ਟਨ ਕਣਕ ਦੀ ਸਪਲਾਈ ਕਰਨ ਦਾ ਐਲਾਨ ਕੀਤਾ ਹੈ।
ਦਰਅਸਲ ਭਾਰਤ ਮਨੁੱਖੀ ਸੰਕਟ ਨੂੰ ਦੂਰ ਕਰਨ ਲਈ ਅਫਗਾਨਿਸਤਾਨ ਨੂੰ ਨਿਰਵਿਘਨ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦੀ ਵਕਾਲਤ ਕਰਦਾ ਰਿਹਾ ਹੈ। ਇਸ ਤੋਂ ਪਹਿਲਾਂ ਅਗਸਤ 2021 ‘ਚ ਕਾਬੁਲ ‘ਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਦੇ ਮਹੀਨਿਆਂ ਬਾਅਦ, ਭਾਰਤ ਨੇ ਭੋਜਨ ਸੰਕਟ ਨਾਲ ਜੂਝ ਰਹੇ ਅਫਗਾਨ ਲੋਕਾਂ ਦੀ ਮਦਦ ਲਈ 50,000 ਮੀਟ੍ਰਿਕ ਟਨ ਕਣਕ ਦੇਣ ਦਾ ਐਲਾਨ ਕੀਤਾ ਸੀ। ਮੀਟਿੰਗ ‘ਚ ਸ਼ਾਮਲ ਸਾਰੇ ਦੇਸ਼ਾਂ ਨੇ ਇੱਕ ਸਾਂਝੇ ਬਿਆਨ ‘ਚ ਮੰਗਲਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਿਸੇ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ਲਈ ਨਹੀਂ ਹੋਣਾ ਚਾਹੀਦਾ।

Comment here