ਖਬਰਾਂਚਲੰਤ ਮਾਮਲੇਦੁਨੀਆ

ਭਾਰਤੀ ਹਵਾਈ ਫੌਜ ਨੂੰ ਮਿਲਿਆ ਸੀ-295 ਟਰਾਂਸਪੋਰਟ ਏਅਰਕ੍ਰਾਫਟ

ਸੇਵਿਲ-ਸਪੇਨ ਦੇ ਸੇਵਿਲ ਸ਼ਹਿਰ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਏਅਰਬੱਸ ਡਿਫੈਂਸ ਐਂਡ ਸਪੇਸ ਕੰਪਨੀ ਨੇ ਬੁੱਧਵਾਰ ਨੂੰ ਪਹਿਲਾ ਸੀ-295 ਟਰਾਂਸਪੋਰਟ ਏਅਰਕ੍ਰਾਫਟ ਭਾਰਤੀ ਹਵਾਈ ਫੌਜ ਨੂੰ ਸੌਂਪ ਦਿੱਤਾ। ਭਾਰਤੀ ਹਵਾਈ ਫੌਜ ਦੇ ਮੁਖੀ ਵੀ. ਆਰ. ਚੌਧਰੀ ਨੂੰ ਏਅਰਬੱਸ ਕੰਪਨੀ ਦੇ ਉਤਪਾਦਨ ਪਲਾਂਟ ਵਿਚ ਇਹ ਏਅਰਕ੍ਰਾਫਟ ਸੌਂਪਿਆ ਗਿਆ। ਭਾਰਤੀ ਹਵਾਈ ਫੌਜ 6 ਦਹਾਕੇ ਪਹਿਲਾਂ ਸੇਵਾ ਵਿਚ ਆਏ ਪੁਰਾਣੇ ਐਵਰੋ-748 ਜਹਾਜ਼ਾਂ ਦੇ ਬੇੜੇ ਨੂੰ ਬਦਲਣ ਲਈ ਸੀ-295 ਏਅਰਕ੍ਰਾਫਟ ਖਰੀਦ ਰਹੀ ਹੈ।
ਪਿਛਲੇ ਸਾਲ ਇਸ ਸਮਝੌਤੇ ’ਤੇ ਹਸਤਾਖਰ ਕਰਨ ਤੋਂ ਬਾਅਦ ਏਅਰਬੱਸ ਨੇ ਕਿਹਾ ਕਿ ਸੀ-295 ਪ੍ਰੋਗਰਾਮ ਵਿਚ ਕੰਪਨੀ ਆਪਣੇ ਉਦਯੋਗਿਕ ਭਾਈਵਾਲਾਂ ਦੇ ਸਹਿਯੋਗ ਨਾਲ ਜਹਾਜ਼ ਨਿਰਮਾਣ ਅਤੇ ਉਨ੍ਹਾਂ ਦੇ ਰੱਖ-ਰਖਾਅ ਦੀਆਂ ਵਿਸ਼ਵ ਪੱਧਰੀ ਸਹੂਲਤਾਂ ਭਾਰਤ ਵਿਚ ਲਿਆਏਗੀ। ਭਾਰਤ ਲਈ ਨਿਰਮਿਤ ਪਹਿਲੇ ਸੀ-295 ਏਅਰਕ੍ਰਾਫਟ ਨੇ ਮਈ ਵਿਚ ਸੇਵਿਲੇ ਵਿਚ ਆਪਣੀ ਪਹਿਲੀ ਉਡਾਣ ਸਫਲਤਾਪੂਰਵਕ ਪੂਰੀ ਕੀਤੀ ਸੀ। ਦੂਸਰੇ ਜਹਾਜ਼ ਦਾ ਨਿਰਮਾਣ ਸੇਵਿਲੇ ਉਤਪਾਦਨ ਪਲਾਂਟ ਵਿਚ ਆਖਰੀ ਪੜਾਅ ’ਤੇ ਹੈ ਅਤੇ ਇਸਨੂੰ ਅਗਲੇ ਸਾਲ ਮਈ ਵਿਚ ਭਾਰਤੀ ਹਵਾਈ ਫੌਜ ਨੂੰ ਸੌਂਪਿਆ ਜਾਣਾ ਹੈ। ਭਾਰਤੀ ਹਵਾਈ ਫੌਜ ਸੀ-295 ਏਅਰਕ੍ਰਾਫਟਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਸੰਚਾਲਕ ਹੋਵੇਗੀ।
ਫੌਜੀਆਂ, ਸਾਜ਼ੋ-ਸਾਮਾਨ ਅਤੇ ਹਾਦਸਾ ਪੀੜਤਾਂ ਨੂੰ ਲਿਆਉਣ-ਲਿਜਾਣ ਦੇ ਨਾਲ-ਨਾਲ ਕਰੇਗਾ ਸਮੁੰਦਰੀ ਤੱਟ ਦੀ ਨਿਗਰਾਨੀ
ਸੀ-295 ਨੂੰ ਇਕ ਬਿਹਤਰ ਏਅਰਕ੍ਰਾਫਟ ਮੰਨਿਆ ਜਾਂਦਾ ਹੈ ਜਿਸਦੀ ਵਰਤੋਂ 71 ਫੌਜੀਆਂ ਜਾਂ 50 ਪੈਰਾਟਰੂਪਰਸ ਦੀ ਰਣਨੀਤਕ ਆਵਾਜਾਈ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸਦੀ ਵਰਤੋਂ ਉਨ੍ਹਾਂ ਥਾਵਾਂ ’ਤੇ ਫੌਜੀ ਸਾਜ਼ੋ-ਸਾਮਾਨ ਤੇ ਰਸਦ ਪਹੁੰਚਾਉਣ ਲਈ ਕੀਤੀ ਜਾਂਦੀ ਹੈ ਜਿੱਥੇ ਮੌਜੂਦਾ ਭਾਰੀ ਏਅਰਕ੍ਰਾਫਟਾਂ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ। ਸੀ-295 ਜਹਾਜ਼ ਪੈਰਾਸ਼ੂਟ ਦੀ ਮਦਦ ਨਾਲ ਫੌਜੀਆਂ ਨੂੰ ਲੈਂਡ ਕਰਨ ਅਤੇ ਸਾਮਾਨ ਸੁੱਟਣ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸਦਾ ਵਰਤੋਂ ਕਿਸੇ ਹਾਦਸੇ ਦੇ ਪੀੜਤਾਂ ਅਤੇ ਬਿਮਾਰ ਲੋਕਾਂ ਨੂੰ ਕੱਢਣ ਲਈ ਵੀ ਕੀਤਾ ਜਾ ਸਕਦਾ ਹੈ। ਇਹ ਜਹਾਜ਼ ਵਿਸ਼ੇਸ਼ ਮੁਹਿੰਮਾਂ ਦੇ ਨਾਲ-ਨਾਲ ਆਫਤ ਦੀ ਸਥਿਤੀ ਅਤੇ ਸਮੁੰਦਰ ਤੱਟੀ ਖੇਤਰਾਂ ਵਿਚ ਗਸ਼ਤੀ ਕਾਰਜ਼ਾਂ ਨੂੰ ਪੂਰਾ ਕਰਨ ਵਿਚ ਸਮਰੱਥ ਹੈ।
ਏਅਰਬੱਸ ਨਾਲ 21,935 ਕਰੋੜ ਦਾ ਸਮਝੌਤਾ
ਭਾਰਤੀ ਹਵਾਈ ਫੌਜ ਦੇ ਆਧੁਨਿਕੀਕਰਨ ਦੇ ਉਦੇਸ਼ ਨਾਲ ਸਰਕਾਰ ਨੇ ਦੋ ਸਾਲ ਪਹਿਲਾਂ ਏਅਰਬੱਸ ਡਿਫੈਂਸ ਐਂਡ ਸਪੇਸ ਕੰਪਨੀ ਨਾਲ 21,935 ਕਰੋੜ ਰੁਪਏ ਵਿਚ 56 ਸੀ-295 ਟਰਾਂਸਪੋਰਟ ਏਅਰਕ੍ਰਾਫਟ ਖਰੀਦਣ ਦਾ ਸਮਝੌਤਾ ਕੀਤਾ ਸੀ। ਇਸ ਸਮਝੌਤੇ ਦੇ ਤਹਿਤ ਏਅਰਬੱਸ 2025 ਤੱਕ ਸੇਵਿਲ ਸ਼ਹਿਰ ਵਿਚ ਆਪਣੇ ਉਤਪਾਦਨ ਪਲਾਂਟ ਤੋਂ ‘ਫਲਾਈ-ਅਵੇ’ (ਉਡਾਣ ਲਈ ਤਿਆਰ) ਸਥਿਤੀ ਵਿਚ 16 ਸੀ-295 ਏਅਰਕ੍ਰਾਫਟਾਂ ਦੀ ਸਪਲਾਈ ਕਰੇਗੀ। ਇਸ ਤੋਂ ਬਾਅਦ ਦੋਨੋਂ ਕੰਪਨੀਆਂ ਵਿਚਾਲੇ ਹੋਈ ਇਕ ਉਦਯੋਗਿਕ ਭਾਈਵਾਲੀ ਦੇ ਹਿੱਸੇ ਦੇ ਰੂਪ ਵਿਚ ਬਾਕੀ 40 ਏਅਰਕ੍ਰਾਫਟਾਂ ਦਾ ਨਿਰਮਾਣ ਅਤੇ ਸੁਮੇਲ ਭਾਰਤ ਵਿਚ ਟਾਟਾ ਐਡਵਾਂਸਡ ਸਿਸਟਮਸ ਲਿਮਟਿਡ (ਟੀ. ਏ. ਐੱਸ. ਐੱਲ.) ਵਲੋਂ ਕੀਤਾ ਜਾਏਗਾ। ਪਿਛਲੇ ਸਾਲ ਅਕਤੂਬਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਡੋਦਰਾ ਵਿਚ 295 ਏਅਰਕ੍ਰਾਫਟਾਂ ਦੀ ਨਿਰਮਾਣ ਸਹੂਲਤ ਦੀ ਨੀਂਹ ਰੱਖੀ ਸੀ। ਇਹ ਕਿਸੇ ਨਿੱਜੀ ਸੰਘ ਵਲੋਂ ਭਾਰਤ ਵਿਚ ਨਿਰਮਿਤ ਕੀਤਾ ਜਾਣ ਵਾਲਾ ਪਹਿਲਾ ਫੌਜੀ ਏਅਰਕ੍ਰਾਫਟ ਹੋਵੇਗਾ।
6 ਭਾਰਤੀ ਪਾਇਲਟਾਂ ਤੇ 20 ਤਕਨੀਸ਼ੀਅਨਾਂ ਨੇ ਲਈ ਟਰੇਨਿੰਗ
ਭਾਰਤੀ ਹਵਾਈ ਫੌਜ ਦੇ 6 ਪਾਇਲਟਾਂ ਅਤੇ 20 ਤਕਨੀਸ਼ੀਅਨ ਪਹਿਲੇ ਹੀ ਸੇਵਿਲੇ ਸਹੂਲਤ ਕੇਂਦਰ ਵਿਚ ਵਿਆਪਕ ਟਰੇਨਿੰਗ ਲੈ ਚੁੱਕੇ ਹਨ। ਵਡੋਦਰਾ ਵਿਚ ਸੀ-295 ਜਹਾਜ਼ ਲਈ ਨਿਰਮਾਣ ਅਤੇ ਉਤਪਾਦਨ ਪਲਾਂਟ ਅਗਲੇ ਸਾਲ ਨਵੰਬਰ ਵਿਚ ਚਾਲੂ ਹੋਣ ਵਾਲਾ ਹੈ।

Comment here