ਸਿਆਸਤਖਬਰਾਂਦੁਨੀਆ

ਭੂਚਾਲ : ਭਾਰਤ ਨੇ ਤੁਰਕੀ ਲਈ ਡਾਕਟਰਾਂ ਦੀ ਟੀਮ ਭੇਜੀ

ਨਵੀਂ ਦਿੱਲੀ-ਤੁਰਕੀ ਅਤੇ ਗੁਆਂਢੀ ਸੀਰੀਆ ‘ਚ ਆਏ ਭੂਚਾਲ ‘ਚ 4 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ। ਭੂਚਾਲ ਦਾ ਕੇਂਦਰ ਦੱਖਣ ਪੂਰਬੀ ਪ੍ਰਾਂਤ ਕਹਿਰਾਮਨਮਾਰਸ ‘ਚ ਸੀ ਅਤੇ ਇਹ ਕਾਹਿਰਾ ਤੱਕ ਮਹਿਸੂਸ ਕੀਤਾ ਗਿਆ ਸੀ। ਭਾਰਤ ਸਰਕਾਰ ਵਲੋਂ ਭੂਚਾਲ ਪ੍ਰਭਾਵਿਤ ਤੁਰਕੀ ਦੀ ਮਦਦ ਕਰਨ ਦੇ ਫ਼ੈਸਲੇ ਦੇ ਅਧੀਨ ਤੁਰਕੀ ਦੇ ਲੋਕਾਂ ਨੂੰ ਮੈਡੀਕਲ ਮਦਦ ਉਪਲੱਬਧ ਕਰਵਾਉਣ ਲਈ ਭਾਰਤੀ ਫ਼ੌਜ ਨੇ ਮੰਗਲਵਾਰ ਨੂੰ ਡਾਕਟਰਾਂ ਦੀ ਟੀਮ ਭੇਜੀ। ਅਧਿਕਾਰੀਆਂ ਨੇ ਕਿਹਾ ਕਿ ਆਗਰਾ-ਸਥਿਤ ਆਰਮੀ ਫੀਲਡ ਹਸਪਤਾਲ ਨੇ 89 ਮੈਂਬਰੀ ਮੈਡੀਕਲ ਟੀਮ ਭੇਜੀ ਹੈ। ਮੈਡੀਕਲ ਟੀਮ ‘ਚ ਹੋਰ ਤੋਂ ਇਲਾਵਾ ਮੈਡੀਕਲ ਦੇਖਭਾਲ ਮਾਹਿਰ ਵੀ ਹਨ। ਇਸ ਟੁਕੜੀ ‘ਚ ਆਰਥੋਪੈਡਿਕ (ਹੱਡੀ ਰੋਗ) ਸਰਜਰੀ ਟੀਮ, ਆਮ ਸਰਜਰੀ ਦੀ ਵਿਸ਼ੇਸ਼ ਟੀਮ ਅਤੇ ਮੈਡੀਕਲ ਮਾਹਿਰ ਟੀਮਾਂ ਸ਼ਾਮਲ ਹਨ। ਇਹ ਟੀਮ ਐਕਸਰੇਅ ਮਸ਼ੀਨ, ਵੈਂਟੀਲੇਟਰ, ਆਕਸੀਜਨ ਜੇਨਰੇਸ਼ਨ ਪਲਾਂਟ, ਦਿਲ ਦੀ ਗਤੀ ਮਾਪਣ ਲਈ ਕਾਰਡੀਅਕ ਮਾਨਿਟਰ ਅਤੇ ਸੰਬੰਧਤ ਉਪਕਰਣਾਂ ਨਾਲ ਲੈੱਸ ਹੈ, ਜੋ 30 ਬੈੱਡ ਵਾਲੇ ਮੈਡੀਕਲ ਹਸਪਤਾਲ ‘ਚ ਉਪਯੋਗੀ ਵਸਤੂਆਂ ਦੇ ਬਰਾਬਰ ਹਨ।
ਤੁਰਕੀ ਦੀ ਹਰ ਸੰਭਵ ਮਦਦ ਦੀ ਪੇਸ਼ਕਸ਼ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ਤੋਂ ਬਾਅਦ ਭਾਰਤ ਨੇ ਸੋਮਵਾਰ ਨੂੰ ਤੁਰੰਤ ਰਾਸ਼ਟਰੀ ਆਫ਼ਤ ਰਿਸਾਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੀ ਖੋਜ ਅਤੇ ਬਚਾਅ ਟੀਮ, ਮੈਡੀਕਲ ਟੀਮ ਅਤੇ ਰਾਹਤ ਬਚਾਅ ਟੀਮ ਨੂੰ ਦੇਸ਼ ਭੇਜਣ ਦਾ ਫ਼ੈਸਲਾ ਕੀਤਾ। ਰਾਹਤ ਸਮੱਗਰੀ ਨਾਲ ਪਹਿਲਾ ਜਹਾਜ਼ ਸੋਮਵਾਰ ਰਾਤ ਭੇਜਿਆ ਗਿਆ।

Comment here