ਖਬਰਾਂਚਲੰਤ ਮਾਮਲੇਦੁਨੀਆ

ਭਾਰਤੀ ਸਫਾਰਤਖਾਨੇ ‘ਤੇ ਹਮਲਾ ਕਰਨ ਵਾਲਿਆਂ ਦੀ ਹੋਈ ਪਛਾਣ

ਲੰਡਨ-ਭਾਰਤ ਸਰਕਾਰ ਨੇ ਐਕਸ਼ਨ ਵਿੱਚ ਆਉਂਦਿਆਂ ਵਿਦੇਸ਼ਾਂ ‘ਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਖਾਲਿਸਤਾਨੀ ਸਮਰਥਕਾਂ ਉੱਤੇ ਸ਼ਿਕੰਜਾ ਕੱਸਣ ਲਈ ਤਿਆਰੀ ਆਰੰਭ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 15 ਖਾਲਿਸਤਾਨੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਇੰਗਲੈਂਡ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਉੱਤੇ ਹਮਲਾ ਕੀਤਾ ਸੀ। ਦੱਸ ਦਈਏ ਸਿੱਖ਼ ਫਾਰ ਜਸਟਿਸ ਦੇ ਮੈਂਬਰ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਇਸ ਸਾਲ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਤੋਂ ਬਾਅਦ ਭੜਕੇ ਖਾਲਿਸਤਾਨੀਆਂ ਨੇ ਵਿਦੇਸ਼ਾਂ ਵਿੱਚ ਮੌਜੂਦ ਭਾਰਤੀ ਅੰਬੈਸੀਆਂ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਸਾਲ 2 ਜੁਲਾਈ ਨੂੰ ਅਮਰੀਕਾ ਦੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਸਫਾਰਤਖਾਨੇ ਦੀ ਇਮਾਰਤ ਵਿੱਚ ਦਾਖਲ ਹੋ ਕੇ ਖਾਲਿਸਤਾਨੀ ਸਮਰਥਕਾਂ ਨੇ ਅੱਗ ਲਗਾ ਦਿੱਤੀ ਸੀ, ਇਸ ਘਟਨਾ ਦੌਰਾਨ ਕਿਸੇ ਦੀ ਜਾਨ ਨਹੀਂ ਗਈ ਸੀ। ਇਸ ਤੋਂ ਇਲਾਵਾ 19 ਮਾਰਚ ਨੂੰ 45 ਖਾਲਿਸਤਾਨ ਸਮਰਥਕਾਂ ਨੇ ਇੰਗਲੈਂਡ ‘ਚ ਭਾਰਤੀ ਸਫਾਰਤਖਾਨੇ ਉੱਤੇ ਹਮਲਾ ਕੀਤਾ ਸੀ। ਇਸ ਹਮਲੇ ਦੀ ਭਾਰਤ ਸਰਕਾਰ ਨੇ ਵੱਡੇ ਪੱਧਰ ਉੱਤੇ ਨਿਖੇਧੀ ਕੀਤੀ ਸੀ।
ਹੁਣ ਮੀਡੀਆ ਰਿਪੋਰਟਾਂ ਮੁਤਾਬਿਕ ਕਿਹਾ ਜਾ ਰਿਹਾ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹਮਲਾ ਕਰਨ ਵਾਲੇ 15 ਖਾਲਿਸਤਾਨੀ ਸਮਰਥਕਾਂ ਦੀ ਪਛਾਣ ਕਰ ਲਈ ਹੈ। ਇਸ ਸਬੰਧ ਵਿੱਚ ਅਗਲੇ ਮਹੀਨੇ ਕੇਂਦਰੀ ਜਾਂਚ ਏਜੰਸੀ ਦੀ ਇੱਕ ਟੀਮ ਕੈਨੇਡਾ ਜਾਵੇਗੀ। ਇਹ ਟੀਮ ਸਾਰੇ ਖਾਲਿਸਤਾਨੀਆਂ ਦੀ ਪੂਰੀ ਤਰ੍ਹਾਂ ਸਪੱਸ਼ਟ ਪਹਿਚਾਣ ਕਰਨ ਤੋਂ ਬਾਅਦ ਸਥਾਨਕ ਸਰਕਾਰ ਨਾਲ ਰਾਬਤਾ ਕਰਕੇ ਹਮਲਾਵਰਾਂ ਖ਼ਿਲਾਫ਼ ਲੁਕ ਆਊਟ ਸਰਕੂਲਰ ਜਾਰੀ ਕਰੇਗੀ। ਦੱਸ ਦਈਏ ਇਸ ਤੋਂ ਪਹਿਲਾਂ ਭਾਰਤੀ ਦੂਤਾਵਾਸਾਂ ‘ਤੇ ਹੋਏ ਹਮਲਿਆਂ ਦੀ ਜਾਂਚ ਲਈ ਐੱਨਆਈਏ ਦੀ ਟੀਮ ਇੰਗਲੈਂਡ ਅਤੇ ਅਮਰੀਕਾ ਗਈ ਸੀ। ਉੱਥੇ ਹਮਲਾ ਕਰਨ ਵਾਲੇ ਖਾਲਿਸਤਾਨ ਸਮਰਥਕਾਂ ਦੀ ਪਹਿਚਾਣ ਕੀਤੀ ਗਈ ਸੀ। ਇਸ ਤੋਂ ਬਾਅਦ ਭਾਰਤ ਵਾਪਿਸ ਆਈ ਜਾਂਚ ਏਜੰਸੀ ਦੀ ਟੀਮ ਨੇ ਭਾਰਤੀ ਸਫਾਰਤਖਾਨੇ ‘ਤੇ ਹਮਲੇ ਦੀਆਂ 5 ਵੀਡੀਓ ਜਾਰੀ ਕੀਤੀਆਂ ਸਨ।

Comment here