ਨਵੀਂ ਦਿੱਲੀ-ਭਾਰਤੀ ਰੇਲਵੇ ਹੁਣ ਛੋਟੇ ਬੱਚਿਆਂ ਲਈ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰੇਗੀ। ਬੱਚਿਆਂ ਨਾਲ ਸਫਰ ਕਰਨ ਵਾਲੇ ਯਾਤਰੀਆਂ ਲਈ ਰੇਲ ਯਾਤਰਾ ਨੂੰ ਆਰਾਮਦਾਇਕ ਬਣਾਉਣ ਦੇ ਮਕਸਦ ਨਾਲ ਰੇਲਵੇ ਨੇ ਲਖਨਊ ਮੇਲ ਦੀ ਹੇਠਲੀ ਬਰਥ ’ਚ ਮੁੜਨ ਯੋਗ ‘ਬੇਬੀ ਬਰਥ’ ਲਾਈ ਹੈ। ਅਧਿਕਾਰੀਆਂ ਮੁਤਾਬਕ ‘ਬੇਬੀ ਬਰਥ’ ’ਤੇ ਯਾਤਰੀਆਂ ਤੋਂ ਮਿਲੀ ਪ੍ਰਤੀਕਿਰਿਆ ਦੇ ਆਧਾਰ ’ਤੇ ਇਸ ਨੂੰ ਹੋਰ ਟਰੇਨਾਂ ’ਚ ਵੀ ਉਪਲੱਬਧ ਕਰਾਉਣ ਦੀ ਯੋਜਨਾ ਬਣਾਈ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਬੇਬੀ ਬਰਥ ਹੇਠਲੀ ਬਰਥ ਨਾਲ ਜੁੜੀ ਹੋਵੇਗੀ, ਜਿਸ ਦੀ ਵਰਤੋਂ ’ਚ ਨਾ ਹੋਣ ਦੌਰਾਨ ਹੇਠਾਂ ਵੱਲ ਮੋੜ ਕੇ ਰੱਖਿਆ ਜਾ ਸਕੇਗਾ। ‘ਬੇਬੀ ਬਰਥ’ 770 ਮਿਲੀਮੀਟਰ ਲੰਬੀ ਅਤੇ 225 ਮਿਲੀਮੀਟਰ ਚੌੜੀ ਹੋਵੇਗੀ, ਜਦਕਿ ਇਸ ਦੀ ਮੋਟਾਈ 76.2 ਮਿਲੀਮੀਟਰ ਰੱਖੀ ਗਈ ਹੈ। ਲਖਨਊ ਮੇਲ ’ਚ 27 ਅਪ੍ਰੈਲ ਨੂੰ ਦੂਜੇ ਕੈਬਿਨ ਦੇ ਹੇਠਲੀ ਬਰਥ ਨੰਬਰ-12 ਅਤੇ 60 ’ਚ ‘ਬੇਬੀ ਬਰਥ’ ਲਾਈ ਗਈ ਸੀ। ਉੱਤਰੀ ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ, “ਇਹ ਇਕ ਪ੍ਰਯੋਗਾਤਮਕ ਆਧਾਰ ‘ਤੇ ਕੀਤਾ ਗਿਆ ਹੈ ਅਤੇ ਯਾਤਰੀਆਂ ਤੋਂ ਸਕਾਰਾਤਮਕ ਜਵਾਬ ਮਿਲਣ ‘ਤੇ ਇਸਦਾ ਵਿਸਥਾਰ ਕੀਤਾ ਜਾਵੇਗਾ। ਇਸ ਨੂੰ ਕੁਝ ਹੋਰ ਟਰੇਨਾਂ ’ਚ ਸਥਾਪਿਤ ਕਰਨ ਅਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਜਾਣਨ ਤੋਂ ਬਾਅਦ ਅਸੀਂ ਜ਼ਰੂਰੀ ਵੇਰਵੇ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ ’ਚ ਪਾਵਾਂਗੇ, ਜਿੱਥੇ ਇਸ ਨੂੰ ਬੁੱਕ ਕਰਨ ਲਈ ਬੇਨਤੀ ਕੀਤੀ ਜਾ ਸਕਦੀ ਹੈ। ਅਸੀਂ ਯਾਤਰੀ ਨੂੰ ਇਹ ਬਰਥ ਉਦੋਂ ਦੇਵਾਂਗੇ, ਜਦੋਂ ਉਹ ਦੱਸੇਗਾ ਕਿ ਉਹ ਬੱਚੇ ਦੇ ਨਾਲ ਯਾਤਰਾ ਕਰੇਗਾ। ਹਾਲਾਂਕਿ ਇਹ ਸਕੀਮ ਅਜੇ ਆਪਣੇ ਸ਼ੁਰੂਆਤੀ ਪੜਾਅ ’ਚ ਹੈ।” ਮੌਜੂਦਾ ਸਮੇਂ ’ਚ ਬੱਚਿਆਂ ਦੇ ਨਾਲ ਯਾਤਰਾ ਕਰਨ ਵਾਲੀਆਂ ਔਰਤਾਂ ਲਈ ਹੇਠਲੀ ਬਰਥ ਬੁੱਕ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ।’’
Comment here