ਖਬਰਾਂਖੇਡ ਖਿਡਾਰੀ

ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ ਤੇ ਪੰਜਾਬ, ਆਰ ਸੀ ਐਫ ਚ ਜਸ਼ਨ

ਟੋਕੀਓ-ਟੋਕੀਓ ਓਲੰਪਿਕ ‘ਚ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਰਟਰਫਾਈਨਲ ‘ਚ ਵਿਸ਼ਵ ਦੀ ਨੰਬਰ ਦੋ ਟੀਮ ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ ‘ਚ ਪ੍ਰਵੇਸ਼ ਸੁਨਿਸ਼ਚਿਤ ਕੀਤਾ ਹੈ। ਟੀਮ ਵੱਲੋਂ ਗੋਲ ਗੁਰਜੀਤ ਕੌਰ ਨੇ ਪੇਨਾਲਟੀ ਕਾਰਨਰ ਡ੍ਰੈਗ ਫਲਿੱਕ ਰਾਹੀਂ ਕੀਤਾ। ਮੈਚ ‘ਚ ਰੇਲ ਕੋਚ ਫੈਕਟਰੀ ਦੀ ਖਿਡਾਰੀ ਤੇ ਟੀਮ ਦੀ ਮਿਡਫੀਲਡਰ ਨਵਜੌਤ ਕੌਰ  ਨੇ ਵੀ ਸ਼ਾਨਦਾਰ ਖੇਡ ਦਿਖਾਇਆ।ਜਿੱਤ ਤੋਂ ਬਾਅਦ ਨਵਜੋਤ ਕੌਰ ਨੇ  ਕਿਹਾ ਕਿ ਉਨ੍ਹਾਂ ਲਈ ਇਸ ਸਮੇਂ ਖ਼ੁਸ਼ੀ ਬਿਆਨ ਕਰਨਾ ਬੇਹੱਦ ਮੁਸ਼ਕਲ ਹੈ। ਭਾਰਤੀ ਟੀਮ ਪਿਛਲੇ ਚਾਰ ਸਾਲ ਤੋਂ ਸਖ਼ਤ ਮਿਹਨਤ ਕਰ ਰਹੀ ਸੀ ਪਰ ਓਲੰਪਿਕਸ ‘ਚ ਬੇਹੱਦ ਟਫ ਪੁਲ਼ ਮਿਲਣ ਤੇ ਲਗਾਤਾਰ ਤਿੰਨ ਹਾਰ ਤੋਂ ਪ੍ਰਸ਼ੰਸਕਾਂ ‘ਚ ਕੁਝ ਮਾਯੂਸੀ ਆ ਗਈ ਸੀ। ਹਾਰ ਤੋਂ ਬਾਅਦ ਕੋਚ ਨੇ ਟੀਮ ਦੀ ਰਣਨੀਤੀ ‘ਚ ਬਦਲਾਅ ਕੀਤਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਭਾਰਤ ਨੇ ਪੁਲ਼ ਦੇ ਅੰਤਿਮ ਦੋਵੇਂ ਮੈਚ ਜਿੱਤ ਕੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ। ਫਿਰ, ਆਪਣੇ ਤੋਂ ਬਹਿਤਰ ਟੀਮ ਆਸਟ੍ਰੇਲੀਆ ਤੋਂ ਨਜਿੱਠਣ ਲਈ ਵੱਖਰੀ ਰਣਨੀਤੀ ਬਣਾਈ। ਭਾਰਤ ਨੇ ਯੂਰੋਪੀਅਨ ਸਟਾਈਲ 3-3-4 ਦੇ ਕੰਬੀਨੇਸ਼ਨ ਤੋ ਖੇਡ ਕੇ ਕਮਾਲ ਦਾ ਖੇਡ ਦਿਖਾਇਆ।

ਸਿਰਫ਼ ਇਕ ਗੋਲ ਕਰਨ ਵਾਲੀ ਅੰਮ੍ਰਿਤਸਰ ਦੇ ਮਨਿਆਦੀ ਕਲਾਂ ਪਿੰਡ ਦੀ ਗੁਰਜੀਤ ਕੌਰ ਜਿੱਤ ਦੀ ਹੀਰੋ ਬਣੀ ਹੈ। ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਓਲੰਪਿਕ ‘ਚ ਗਏ ਬੱਚਿਆਂ ਲਈ ਹਰ ਰੋਜ਼ ਵਾਹੇਗੁਰੂ ਕੋਲ ਅਰਦਾਸ ਕਰਦੇ ਰਹੇ ਹਨ ਤਾਂ ਜੋ ਉਨ੍ਹਾਂ ਦੇ ਦੇਸ਼ ਦੀ ਝੋਲੀ ਵਿਚ ਮੈਡਲ ਪਾ ਸਕਣ। ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪਿੰਡ ਵਾਲਿਆਂ ‘ਚ ਖੁਸ਼ੀ ਦੀ ਲਹਿਰ ਹੈ। ਭਾਰਤੀ ਮਹਿਲਾ ਟੀਮ ਦੀ ਜਿੱਤ ਦਾ ਸਿਹਰਾ ਵੀ ਅੰਮ੍ਰਿਤਸਰ ਦੇ ਪਿੰਡ ਮਿਆਦੀ ਕਲਾਂ ‘ਚ ਪੈਦਾ ਹੋਈ ਗੁਰਜੀਤ ਕੌਰ ਨੂੰ ਹੀ ਜਾਂਦਾ ਹੈ। ਗੁਰਜੀਤ ਕੌਰ ਦੇ ਪਰਿਵਾਰ ਦਾ ਹਾਕੀ ਨਾਲ ਕੁਝ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਲਈ ਗੁਰਜੀਤ ਕੌਰ ਦੀ ਪੜ੍ਹਾਈ ਹੀ ਸਭ ਤੋਂ ਪਹਿਲਾਂ ਸੀ। ਗੁਰਜੀਤ ਕੌਰ ਤੇ ਉਸ ਦੀ ਭੈਣ ਪਰਦੀਪ ਕੌਰ ਨੇ ਮੁੱਢਲੀ ਸਿੱਖਿਆ ਪਿੰਡ ਦੇ ਇਕ ਨਿੱਜੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਤਰਨਤਾਰਨ ਦੇ ਪਿੰਡ ਕੈਰੋਂ ‘ਚ ਪੜ੍ਹਨ ਚਲੀਆਂ ਗਈਆਂ। ਇੱਥੇ ਉਨ੍ਹਾਂ ਦਾ ਹਾਕੀ ਪ੍ਰਤੀ ਲਗਾਓ ਆਰੰਭ ਹੋ ਗਿਆ। ਉਹ ਲੜਕੀਆਂ ਨੂੰ ਹਾਕੀ ਖੇਡਦਿਆਂ ਵੇਖ ਕੇ ਪ੍ਰਭਾਵਿਤ ਹੋਈਆਂ ਤੇ ਇਸ ਖੇਡ ‘ਚ ਹੱਥ ਅਜ਼ਮਾਉਣ ਦਾ ਫੈਸਲਾ ਕੀਤਾ। ਦੋਵਾਂ ਭੈਣਾਂ ਨੇ ਛੇਤੀ ਹੀ ਇਸ ਖੇਡ ਵਿਚ ਮੁਹਾਰਤ ਹਾਸਲ ਕਰ ਲਈ ਤੇ ਵਜ਼ੀਫ਼ਾ ਹਾਸਲ ਕਰ ਕੇ ਮੁਫ਼ਤ ਸਕੂਲੀ ਸਿੱਖਿਆ ਦੇ ਨਾਲ ਨਾਲ ਡੇਅ-ਬੋਰਡਿੰਗ ਵੀ ਹਾਸਲ ਕੀਤੀ।

ਭਾਰਤੀ ਮਹਿਲਾ ਟੀਮ ਦੀ ਇਤਿਹਾਸਕ ਜਿੱਤ ਤੋਂ ਰੇਲ ਕੋਚ ਫੈਕਟਰੀ ਵਿਚ ਜਸ਼ਨ ਦਾ ਮਾਹੌਲ ਹੈ। ਭਾਰਤੀ ਟੀਮ ਦੀ ਜਿੱਤ ਵਿਚ ਅਹਿਮ ਰੋਲ ਨਿਭਾਉਣ ਵਾਲੀ ਰੇਲ ਕੋਚ ਫੈਕਟਰੀ ਦੀ ਨਵਜੋਤ ਕੌਰ ਤੇ ਲਾਲਰੇਸਿਆਮੀ ਦੇ ਖੇਡ ਤੋਂ ਪੂਰਾ  ਸਟਾਫ ਖੁਸ਼ ਹੈ। ਰੇਲ ਕੋਚ ਫੈਕਟਰੀ ਦੇ ਖੇਡ ਵਿਭਾਗ ਤੇ  ਪ੍ਰਸ਼ਾਸਨ ਨੇ ਭਾਰਤੀ ਮਹਿਲਾ ਟੀਮ ਦੀ ਸ਼ਾਨਦਾਰ ਜਿੱਤ ‘ਤੇ ਆਪਣੀ ਜ਼ਬਰਦਸਤ ਖੁਸ਼ੀ ਜ਼ਾਹਰ ਕਰਦੇ ਹੋਏ ਸਮੁੱਚੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਸੀਨੀਅਰ ਖੇਡ ਅਧਿਕਾਰੀ ਰਾਮ ਕੁਮਾਰ,  ਮਹਿਲਾ ਹਾਕੀ ਟੀਮ ਦੇ ਕੋਚ ਭੁਪਿੰਦਰ ਕੌਰ ਭੂਪੀ ਅਤੇ ਰੈਡਿਕਾ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਭਾਰਤੀ ਟੀਮ ਦੀ ਇਤਿਹਾਸਕ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਜਿੱਤ ਨੇ ਭਾਰਤ ਦੇ ਨਾਲ ਨਾਲ ਰੇਲ ਕੋਚ ਫੈਕਟਰੀ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸੀਨੀਅਰ ਖੇਡ ਅਧਿਕਾਰੀ ਰਾਮ ਕੁਮਾਰ ਨੇ ਕਿਹਾ ਕਿ ਭਾਰਤੀ ਟੀਮ ਨੂੰ ਬਹੁਤ ਤੰਗ ਪੂਲ ਮਿਲਿਆ ਸੀ। ਤਿੰਨ ਮੈਚ ਹਾਰਨ ਦੇ ਬਾਵਜੂਦ ਭਾਰਤੀ ਟੀਮ ਨੇ ਆਸਟ੍ਰੇਲੀਆ ਵਰਗੀ ਮਜ਼ਬੂਤ ​ਟੀਮ ਨੂੰ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ ਸੈਮੀਫਾਈਨਲ ਵਿਚ ਦਾਖ਼ਲਾ ਲੈ ਕੇ ਨਵਾਂ ਇਤਿਹਾਸ ਰਚਿਆ। ਭਾਰਤੀ ਟੀਮ ਨੇ ਖੇਡ ਦੇ ਹਰ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰ ਟੀਮ ਦੇ ਨਾਲ ਟੀਮ ਕੋਚ ਦੀ ਵੱਖਰੀ ਰਣਨੀਤੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਟੀਮ ਯੂਰਪੀਅਨ ਟੀਮਾਂ ਤੋਂ ਘੱਟ ਨਹੀਂ ਹੈ। ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਭਾਰਤੀ ਮਹਿਲਾ ਟੀਮ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ, ਓਲੰਪਿਕ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਭਾਰਤੀ ਟੀਮ ਦੇ ਤਿੰਨ ਖਿਡਾਰੀ ਰੇਲ ਕੋਚ ਫੈਕਟਰੀ ਨਾਲ ਵੀ ਸਬੰਧਤ ਹਨ।

ਸਿਆਸੀ ਆਗੂਆਂ ਵਲੋਂ ਟੀਮ ਨੂੰ ਵਧਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਵੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਤਿੰਨ ਵਾਰ ਦੇ ਉਲੰਪਿਕ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਉਲੰਪਿਕ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਸਾਡੀ ਮਹਿਲਾ ਹਾਕੀ ਟੀਮ ‘ਤੇ ਮਾਣ ਹੈ। ਉਨ੍ਹਾਂ ਵਲੋਂ ਅੰਮ੍ਰਿਤਸਰ ਦੀ ਗੁਰਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ ਗਈ ਜਿਸ ਨੇ ਮੈਚ ਦਾ ਇਕਲੌਤਾ ਗੋਲ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਗਈ ਹੈ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਸਾਡੀਆਂ ਪ੍ਰਤਿਭਾਸ਼ਾਲੀ ਕੁੜੀਆਂ ਨੂੰ ਸ਼ਾਨਦਾਰ ਮੈਚ ਖੇਡ ਕੇ ਟੋਕੀਓ ਓਲੰਪਿਕਸ ਵਿੱਚ ਮਹਿਲਾ ਹਾਕੀ ਦੇ ਸੈਮੀਫ਼ਾਈਨਲ ਵਿੱਚ ਪਹੁੰਚਦਿਆਂ ਦੇਖ ਬੜੀ ਖੁਸ਼ੀ ਹੋਈ। ਗੁਰਜੀਤ ਕੌਰ ਦੀ ਬੇਮਿਸਾਲ ਖੇਡ ਨੇ ਸਾਡਾ ਸਭ ਦਾ ਸਿਰ ਫ਼ਖ਼ਰ ਨਾਲ ਉੱਚਾ ਚੁੱਕ ਦਿੱਤਾ ਹੈ। ਦਿਲੋਂ ਮੁਬਾਰਕਾਂ, ਅਤੇ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ!ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਕਿਹਾ ਕਿ ਤੁਸੀਂ ਇਤਿਹਾਸ ਰਚ ਦਿੱਤਾ ਹੈ ਧੀਓ! ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਆਸਟ੍ਰੇਲੀਆਈ ਟੀਮ ਨੂੰ ਹਰਾ ਕੇ ਟੋਕੀਓ ਓਲੰਪਿਕਸ ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਦੀ ਬਹੁਤ ਖੁਸ਼ੀ ਹੈ। ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਗੁਰਜੀਤ ਕੌਰ ‘ਤੇ ਸਾਰੇ ਪੰਜਾਬ ਨੂੰ ਮਾਣ ਹੈ। ਬਹੁਤ ਮੁਬਾਰਕਾਂ! ਭਾਰਤੀ ਮਹਿਲਾ ਹਾਕੀ ਟੀਮ ਦੇ ਓਲੰਪਿਕ ਦੇ ਸੈਮੀਫਾਈਨਲ ‘ਚ ਪਹੁੰਚਣ ‘ਤੇ ਪੰਜਾਬ ‘ਚ ਜਸ਼ਨ ਦਾ ਮਾਹੌਲ ਹੈ।

Comment here