ਨਵੀਂ ਦਿੱਲੀ – ਮੋਦੀ ਸਰਕਾਰ ਦੀ ਮੇਡ ਇਨ ਇੰਡੀਆ ਮੁਹਿਮ ਤਹਿਤ ਦੇਸ਼ ਦੀਆਂ ਸੈਨਾਵਾਂ ਲਈ ਅਸਲਾ, ਗੋਲਾ ਬਾਰੂਦ ਤੇ ਹੋਰ ਸਮਗਰੀ ਵੀ ਦੇਸ਼ ਵਿੱਚ ਹੀ ਬਣੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਅਮਰੀਕਾ, ਰੂਸ, ਫਰਾਂਸ ਤੇ ਆਪਣੇ ਕਈ ਹੋਰ ਸਹਿਯੋਗੀ ਦੇਸ਼ਾਂ ਨੂੰ ਸਪਸ਼ਟ ਰੂਪ ’ਚ ਦੱਸ ਦਿੱਤਾ ਹੈ ਕਿ ਕਈ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਜ਼ਰੂਰੀ ਫ਼ੌਜੀ ਮੰਚ (ਪਲੇਟਫਾਰਮ) ਤੇ ਉਪਕਰਨ ਦੇਸ਼ ’ਚ ਹੀ ਬਣਾਏ ਜਾਣਗੇ। ਰਾਜਨਾਥ ਨੇ ਖੇਤੀ ਭੂ-ਸਿਆਸੀ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਈਸ਼ਵਰ ਨੇ ਭਾਰਤ ਨੂੰ ਕੁਝ ਅਜਿਹੇ ਗੁਆਂਢੀ ਦਿੱਤੇ ਹਨ, ਜੋ ਇਸ ਦੀ ਤਰੱਕੀ ਨੂੰ ਦੇਖ ਕੇ ਚੰਗਾ ਮਹਿਸੂਸ ਨਹੀਂ ਕਰਦੇ ਹਨ। ਇਕ ਦੇਸ਼ ਜੋ ਵੰਡ ਨਾਲ ਪੈਦਾ ਹੋਇਆ ਹੈ, ਉਹ ਭਾਰਤ ਦੇ ਵਿਕਾਸ ਦੀ ਚਿੰਤਾ ’ਚ ਕਮਜ਼ੋਰ ਹੁੰਦਾ ਜਾ ਰਿਹਾ ਹੈ। ਭਾਰਤੀ ਵਣਜ ਤੇ ਉਦਯੋਗ ਮਹਾਸੰਘ (ਫਿੱਕੀ) ਦੇ ਸਾਲਾਨਾ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਅਮਰੀਕਾ, ਰੂਸ ਤੇ ਫਰਾਂਸ ਸਮੇਤ ਦੁਨੀਆ ਦੇ ਜ਼ਿਆਦਾ ਦੇਸ਼ ਭਾਰਤ ਦੇ ਮਿੱਤਰ ਹਨ। ਉਨ੍ਹਾਂ ਕਿਹਾ, ਭਾਰਤ ਨੇ ਉਨ੍ਹਾਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਲਈ ਜ਼ਰੂਰੀ ‘ਸੈਨਿਕ ਹਾਰਡਵੇਅਰ’ ਦਾ ਉਤਪਾਦਨ ਦੇਸ਼ ’ਚ ਕਰਨਾ ਪਵੇਗਾ। ਉਨ੍ਹਾਂ ਕਿਹਾ, ਅਸੀਂ ਹਰ ਮਿੱਤਰ ਦੇਸ਼ ਨੂੰ ਕਿਹਾ ਹੈ ਕਿ ਅਸੀਂ ਦੇਸ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਭਾਰਤ ’ਚ ਹੀ ਸੈਨਿਕ ਮੰਚ, ਹਥਿਆਰ ਤੇ ਗੋਲ਼ਾ ਬਾਰੂਦ ਦਾ ਉਤਪਾਦਨ ਕਰਨਾ ਚਾਹੁੰਦੇ ਹਾਂ। ਰੱਖਿਆ ਮੰਤਰੀ ਨੇ ਕਿਹਾ ਕਿ ਸੈਨਿਕ ਉਪਕਰਨ ਬਣਾਉਣ ਵਾਲੇ ਦੇਸ਼ਾਂ ਨੂੰ ਸੰਦੇਸ਼ ਦਿੱਤਾ ਗਿਆ ਹੈ – ਕਮ ਮੇਕ ਇਨ ਇੰਡੀਆ, ਕਮ ਮੇਕ ਫਾਰ ਇੰਡੀਆ ਤੇ ਕਮ ਮੇਕ ਫਾਰ ਦ ਵਰਲਡ। ਇਕ ਉਦਾਹਰਨ ਦਿੰਦਿਆਂ ਰਾਜਨਾਥ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨਾਲ ਗੱਲਬਾਤ ਤੋਂ ਬਾਅਦ ਸਹਿਮਤੀ ਬਣੀ ਸੀ ਕਿ ਇਕ ਪ੍ਰਮੁੱਖ ਫਰਾਂਸਿਸੀ ਕੰਪਨੀ ਰਣਨੀਤਕ ਭਾਈਵਾਲੀ ਮਾਡਲ ਤਹਿਤ ਇਕ ਭਾਰਤੀ ਕੰਪਨੀ ਨਾਲ ਮਿਲ ਕੇ ਭਾਰਤ ’ਚ ‘ਇਕ ਇੰਜਣ’ ਦਾ ਉਤਪਾਦਨ ਕਰੇਗੀ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਵਿਸਥਾਰ ਨਾਲ ਨਹੀਂ ਦੱਸਿਆ। ਸਿੰਘ ਨੇ ਕਿਹਾ ਕਿ ਭਾਰਤ ਇਨ੍ਹਾਂ ਦੇਸ਼ਾਂ ਨਾਲ ਦੋਸਤੀ ਬਣਾਈ ਰੱਖੇਗਾ, ਪਰ ਨਾਲ ਹੀ ਸੈਨਿਕ ਉਪਕਰਨ, ਹਥਿਆਰ ਤੇ ਗੋਲ਼ਾ ਬਾਰੂਦ ਦਾ ਦੇਸ਼ ’ਚ ਹੀ ਉਤਪਾਦਨ ਕੀਤਾ ਜਾਵੇਗਾ। ਰਾਜਨਾਥ ਨੇ ਕਿਹਾ ਕਿ ਆਪਣੇ ਆਕਾਰ, ਭੂਗੋਲਿਕ ਸਥਿਤੀ ਤੇ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਭਾਰਤ ਰੱਖਿਆ ਤਕਨੀਕੀ ਲਈ ਹੋਰਨਾਂ ਦੇਸ਼ਾਂ ’ਤੇ ਨਿਰਭਰ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ਵਾਲੇ ਦਿਨਾਂ ’ਚ ਭਾਰਤ ਨੂੰ ਵਿਸ਼ਵ ਰੱਖਿਆ ਉਤਪਾਦਨ ਕੇਂਦਰ ਬਣਾਉਣਾ ਚਾਹੁੰਦੀ ਹੈ।
ਭਾਰਤੀ ਫੌਜ ਲਈ ਉਪਕਰਨ ਦੇਸ਼ ਚ ਹੀ ਬਣਨਗੇ-ਰਾਜਨਾਥ ਸਿੰਘ

Comment here