ਸਿਆਸਤਖਬਰਾਂਚਲੰਤ ਮਾਮਲੇ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੌਮੀ ਇਨਸਾਫ਼ ਮੋਰਚਾ ਦੀ ਹਮਾਇਤ

ਮੋਹਾਲੀ-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਸਿੱਖ ਬੰਦੀਆਂ ਸਮੇਤ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ, ਵਿਦਿਆਰਥੀਆਂ, ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਨਜੀਤ ਧਨੇਰ ਦੀ ਅਗਵਾਈ ਵਿੱਚ ‘ ਕੌਮੀ ਇਨਸਾਫ਼ ਮੋਰਚਾ’ ਵਿੱਚ ਸ਼ਾਮਲ ਹੋਇਆ। ਇਹ ਹਜ਼ਾਰਾਂ ਜੁਝਾਰੂ ਕਿਸਾਨਾਂ ਦਾ ਕਾਫ਼ਲਾ ਗੁਰਦੁਆਰਾ ਸਾਹਿਬ ਸ਼ਹੀਦਾਂ ਸੋਹਾਣਾ ਵਿਖੇ ਇਕੱਠਾ ਹੋਇਆ। ਇਸ ਸਮੇਂ ਸੰਬੋਧਨ ਕਰਦਿਆਂ ਮਨਜੀਤ ਸੂਬਾ ਪ੍ਰਧਾਨ ਧਨੇਰ, ਹਰਨੇਕ ਸਿੰਘ ਮਹਿਮਾ, ਹਰੀਸ਼ ਨੱਢਾ, ਅੰਗਰੇਜ਼ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕੇਂਦਰੀ ਅਤੇ ਰਾਜ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ। ਇੱਕ ਪਾਸੇ ਬਲਾਤਕਾਰੀਆਂ ਨੂੰ ਛੱਡਿਆ ਜਾ ਰਿਹਾ ਹੈ।
ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਸਮੇਤ ਬੁੱਧੀਜੀਵੀਆਂ,ਸਮਾਜਿਕ ਕਾਰਕੁੰਨਾਂ, ਵਿਦਿਆਰਥੀਆਂ, ਧਾਰਮਿਕ ਘੱਟ ਗਿਣਤੀਆਂ,ਦਲਿਤਾਂ, ਆਦਿ ਵਾਸੀਆਂ ਨੂੰ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਵਿੱਚ ਡੱਕ ਕੇ ਰੱਖਿਆ ਹੋਇਆ ਹੈ। ਇਹ ਮਨੁੱਖ ਦੇ ਮੁੱਢਲੇ ਬੁਨਿਆਦੀ ਹੱਕਾਂ ਉੱਤੇ ਹਮਲਾ ਹੈ।
ਆਗੂਆਂ ਕਿਹਾ ਕਿ ਅਸੀਂ ਕਿਸਾਨ ਮੰਗਾਂ ਲਈ ਸੰਘਰਸ਼ ਕਰਨ ਦੇ ਨਾਲ -ਨਾਲ ਮਨੁੱਖ ਦੇ ਜੀਵਨ ਜਿਊਣ ਦੇ ਮੁੱਢਲੇ ਅਧਿਕਾਰਾਂ ਉੱਪਰ ਬੋਲੇ ਹਮਲੇ ਖ਼ਿਲਾਫ਼ ਵੀ ਆਪਣਾ ਫਰਜ਼ ਸਮਝਦੇ ਹੋਏ ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੇ ਹਾਂ । ਆਉਣ ਵਾਲੇ ਸਮੇਂ ਵਿੱਚ ਸਾਡੀ ਜਥੇਬੰਦੀ ਵੱਲੋਂ ਕੌਮੀ ਇਨਸਾਫ਼ ਮੋਰਚੇ ਨੂੰ ਹਮਾਇਤ ਜਾਰੀ ਰਹੇਗੀ। ਯਾਦ ਰਹੇ ਅੱਜ ਦੀ ਸ਼ਮੂਲੀਅਤ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ।

Comment here