ਸਿਆਸਤਖਬਰਾਂ

ਭਾਜਪਾ ਸਾਡੀ ਚੜਾਈ ਤੋੰ ਡਰ ਗਈ-ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ‘ਤੇ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਉਹ ਭਿ੍ਸ਼ਟਾਚਾਰ ਨਾਲ ਲੜਨ ਦੇ ਨਾਂਅ ‘ਤੇ ਆਮ ਆਦਮੀ ਪਾਰਟੀ ਨੂੰ ਦਰੜਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਗੁਜਰਾਤ ਚੋਣਾਂ ‘ਚ ਹਾਰ ਦਾ ਡਰ ਹੈ | ‘ਆਪ’ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਪਹਿਲੇ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਇਹ ਦੋਸ਼ ਵੀ ਲਗਾਇਆ ਕਿ ਉਨ੍ਹਾ ਦੀ ਪਾਰਟੀ ਦੇ ਮੰਤਰੀਆਂ ਅਤੇ ਆਗੂਆਂ ਨੂੰ ਮੋਦੀ ਸਰਕਾਰ ਭਿ੍ਸ਼ਟਾਚਾਰ ਦੇ ਝੂਠੇ ਮਾਮਲੇ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਭਾਜਪਾ ਗੁਜਰਾਤ ਵਿੱਚ ‘ਆਪ’ ਦੀ ਵਧਦੀ ਹਰਮਨਪਿਆਰਤਾ ਨੂੰ ਹਜ਼ਮ ਨਹੀਂ ਕਰ ਰਹੀ | ਕੇਜਰੀਵਾਲ ਨੇ ਕਿਹਾ ਕਿ ਭਾਜਪਾ ਗੁਜਰਾਤ ਵਿਧਾਨ ਸਭਾ ਦੇ ਮੱਦੇਨਜ਼ਰ ‘ਆਪ’ ਦੇ ਵਧਦੇ ਪ੍ਰਭਾਵ ਤੋਂ ਇਸ ਤਰ੍ਹਾਂ ਘਬਰਾ ਗਈ ਹੈ ਕਿ ਪ੍ਰਧਾਨ ਮੰਤਰੀ ਦੇ ਸਲਾਹਕਾਰ ਹਿਰੇਨ ਜੋਸ਼ੀ ਨੇ ਕਈ ਟੀ ਵੀ ਚੈਨਲਾਂ ਦੇ ਮਾਲਕਾਂ ਤੇ ਉਨ੍ਹਾਂ ਦੇ ਸੰਪਾਦਕਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੰਦੇ ਹੋਏ ਗੁਜਰਾਤ ਵਿਚ ‘ਆਪ’ ਨੂੰ ਕਵਰੇਜ ਨਾ ਦੇਣ ਲਈ ਕਿਹਾ ਹੈ | ਇਸ ਸੰਮੇਲਨ ਵਿੱਚ ਪੰਜਾਬ ਤੋਂ ਵੀ ਆਮ ਆਦਮੀ ਪਾਰਟੀ ਦੇ ਕਈ ਆਗੂ ਪਹੁੰਚੇ ਹੋਏ ਸਨ |

Comment here