ਸਿਆਸਤਖਬਰਾਂਚਲੰਤ ਮਾਮਲੇ

ਭਾਜਪਾ ਵਿੱਚ ਸ਼ਾਮਲ ਨਹੀਂ ਹੋਵਾਂਗਾ: ਗੁਲਾਮ ਨਬੀ ਆਜ਼ਾਦ

ਨਵੀਂ ਦਿੱਲੀ-ਗੁਲਾਮ ਨਬੀ ਆਜ਼ਾਦ ਦੇ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਕਾਂਗਰਸ ਬੁਰੀ ਤਰਾਂ ਡਗਮਗਾ ਗਈ ਹੈ ਤੇ ਉਸਨੇ ਇਸ ਸੰਕਟ ਤੋਂ ਮੁਕਤੀ ਪ੍ਰਾਪਤ ਕਰਨ ਲਈ ਨਵੇਂ ਪ੍ਰਧਾਨ ਦੀ ਚੋਣ ਦਾ ਐਲਾਨ ਕਰ ਦਿਤਾ। ਬਹੁਗਿਣਤੀ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ।ਕਈ ਦਿਨਾਂ ਤੋਂ ਇਹ ਕਿਆਸ-ਅਰਾਈਆਂ ਚੱਲ ਰਹੀਆਂ ਸਨ ਕਿ ਕੇਂਦਰੀ ਲੀਡਰਸ਼ਿਪ ਨਾਲ ਮੱਤਭੇਦ ਰੱਖਣ ਵਾਲੇ 23 ਆਗੂਆਂ ਦੇ ਗਰੁੱਪ (ਜਿਨ੍ਹਾਂ ਨੂੰ ਜੀ-23 ਗਰੁੱਪ ਕਿਹਾ ਜਾਂਦਾ ਹੈ) ਵਿਚੋਂ ਕੁਝ ਕਾਂਗਰਸ ਛੱਡ ਜਾਣਗੇ। ਪਹਿਲਾਂ ਕਪਿਲ ਸਿੱਬਲ ਨੇ ਪਾਰਟੀ ਛੱਡੀ ਅਤੇ ਹੁਣ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਹੈ।
ਆਜ਼ਾਦ ਨੇ ਆਪਣੇ ਪੰਜ ਪੰਨਿਆਂ ਦੇ ਪੱਤਰ ਵਿਚ ਇੰਦਰਾ ਗਾਂਧੀ, ਸੰਜੇ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੀ ਤਾਰੀਫ਼ ਕਰਦਿਆਂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਅਨੁਸਾਰ 2013 ਵਿਚ ਪਾਰਟੀ ਦੇ ਮੀਤ ਪ੍ਰਧਾਨ ਅਤੇ 2014 ਵਿਚ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਨੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਵਾਲੇ ਢਾਂਚੇ ਨੂੰ ਤਬਾਹ ਕਰ ਦਿੱਤਾ। ਆਜ਼ਾਦ ਨੇ ਇਲਜ਼ਾਮ ਲਗਾਇਆ ਹੈ ਕਿ ਰਾਹੁਲ ਨੇ ਆਪਣੇ ਨਾ-ਤਜਰਬੇਕਾਰ ਸਲਾਹਕਾਰਾਂ ਦੀ ਰਾਏ ਮੰਨ ਕੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ। ਉਨ੍ਹਾਂ ਕਿਹਾ ਹੈ ਕਿ ਪਿਛਲੇ ਅੱਠ ਸਾਲਾਂ ਵਿਚ ਪਾਰਟੀ ਨੂੰ ਲੋਕ ਸਭਾ ਦੀਆਂ ਹੋਈਆਂ ਦੋ ਚੋਣਾਂ ਦੇ ਨਾਲ ਨਾਲ ਵਿਧਾਨ ਸਭਾਵਾਂ ਦੀਆਂ ਹੋਈਆਂ 49 ਚੋਣਾਂ ਵਿਚੋਂ 39 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਵਿਚ ਅੰਦਰੂਨੀ ਜਮਹੂਰੀਅਤ ਖ਼ਤਮ ਹੋ ਚੁੱਕੀ ਹੈ। ਕਾਂਗਰਸ ਕੇਂਦਰੀ ਹਾਈ ਕਮਾਂਡ ਤੋਂ ਮਿਲਦੇ ਫ਼ਰਮਾਨਾਂ ’ਤੇ ਚੱਲਣ ਵਾਲੀ ਪਾਰਟੀ ਬਣ ਗਈ ਹੈ। ਕੁਝ ਸਮਾਂ ਪਹਿਲਾਂ ਜੀ-23 ਦੇ ਆਗੂਆਂ ਨੇ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਵੀ ਅਜਿਹੇ ਸਵਾਲ ਉਠਾਏ ਗਏ ਸਨ ਪਰ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦਾ ਉਸ ਤਰ੍ਹਾਂ ਜਵਾਬ ਨਹੀਂ ਦਿੱਤਾ ਜਿਵੇਂ ਜਮਹੂਰੀ ਪਾਰਟੀ ਵਿਚ ਦਿੱਤਾ ਜਾਣਾ ਚਾਹੀਦਾ ਹੈ। ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਮੌਕਾਪ੍ਰਸਤੀ ਹਾਵੀ ਰਹੀ ਹੈ ।
ਕਾਂਗਰਸ ’ਤੇ ਵਰ੍ਹਦਿਆਂ ਗੁਲਾਮ ਨਬੀ ਆਜ਼ਾਦ ਨੇ  ਲੀਡਰਸ਼ਿਪ ’ਤੇ ਦੋਸ਼ ਲਾਇਆ ਕਿ ਉਸ ਕੋਲ ਪਾਰਟੀ ਨੂੰ ਲੀਹ ’ਤੇ ਲਿਆਉਣ ਦਾ ਸਮਾਂ ਨਹੀਂ ਹੈ ਅਤੇ ਰਾਹੁਲ ਗਾਂਧੀ ਦੀ ਸਿਆਸਤ ਵਿਚ ਦਿਲਚਸਪੀ ਦਿਖਾਈ ਨਹੀਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਲੀਡਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਆਜ਼ਾਦ ਨੇ ਦੋਸ਼ ਲਾਇਆ ਕਿ ਸੂਬਿਆਂ ’ਚ ਜਿਹੜੇ ਆਗੂਆਂ ਨੂੰ ਥੋਪਿਆ ਜਾ ਰਿਹਾ ਹੈ, ਉਨ੍ਹਾਂ ਨਾਲ ਕਾਂਗਰਸ ਇਕਜੁੱਟ ਹੋਣ ਦੀ ਬਜਾਏ ਖਿੰਡਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਜੰਮੂ ਕਸ਼ਮੀਰ ਵਿਚ ਉਨ੍ਹਾਂ ਦੀ ਸਿਆਸਤ ਨੂੰ ਕੋਈ ਸਹਾਇਤਾ ਨਹੀਂ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਵਿਚ ਕਿਸੇ ਵੀ ਸਮੇਂ ਵਿਧਾਨ ਸਭਾ ਚੋਣਾਂ ਕਰਾਉਣ ਦਾ ਐਲਾਨ ਹੋ ਸਕਦਾ ਹੈ ਅਤੇ ਉਹ ਛੇਤੀ ਹੀ ਆਪਣੀ ਪਾਰਟੀ ਬਣਾਉਣਗੇ। ‘ਭਾਜਪਾ ਨਾਲ ਰਲਣ ਸਬੰਧੀ ਜਿਹੜੇ ਕੂੜ ਪ੍ਰਚਾਰ ਫੈਲਾ ਰਹੇ ਹਨ, ਉਹ ਭਾਜਪਾ ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਕਾਂਗਰਸ ਵੱਲੋਂ ਮੇਰੇ ਖ਼ਿਲਾਫ਼ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ।’ ਆਜ਼ਾਦ ਨੇ ਕਿਹਾ,‘‘ਕਾਂਗਰਸ ਦੀ ਨੀਂਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਹੈ ਅਤੇ ਸੰਗਠਨ ਕਿਸੇ ਸਮੇਂ ਵੀ ਡਿੱਗ ਸਕਦਾ ਹੈ।
 ਸਾਬਕਾ ਸੰਸਦ ਮੈਂਬਰ ਨੇ ਛੱਡੀ ਕਾਂਗਰਸ
ਕਾਂਗਰਸ ਪਾਰਟੀ ਵਿੱਚ ਅਸਤੀਫ਼ਿਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦਿੱਗਜ ਨੇਤਾ ਗੁਲਾਮ ਨਬੀ ਆਜ਼ਾਦ ਦੇ ਅਸਤੀਫੇ ਤੋਂ ਬਾਅਦ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਤੇਲੰਗਾਨਾ ਕਾਂਗਰਸ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਐਮਏ ਖਾਨ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਖਾਨ ਨੇ ਕਾਂਗਰਸ ਲੀਡਰਸ਼ਿਪ ਅਤੇ ਰਾਹੁਲ ਗਾਂਧੀ ‘ਤੇ ਕਈ ਦੋਸ਼ ਲਗਾਏ ਹਨ।ਕਾਂਗਰਸ ਲੀਡਰਸ਼ਿਪ ਨੂੰ ਦਿੱਤੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਐਮਏ ਖਾਨ ਨੇ ਕਿਹਾ ਕਿ ਜੀ-23 ਦੇ ਸੀਨੀਅਰ ਆਗੂਆਂ ਨੇ ਕਾਂਗਰਸ ਦੀ ਭਲਾਈ ਅਤੇ ਭਲਾਈ ਲਈ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਪਰ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਦੇ ਇਸ ਕਦਮ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜੇਕਰ ਪਾਰਟੀ ਨੇ ਉਨ੍ਹਾਂ ਆਗੂਆਂ ‘ਤੇ ਵਿਸ਼ਵਾਸ ਦਿਖਾਇਆ ਹੁੰਦਾ ਅਤੇ ਉਨ੍ਹਾਂ ਦੀ ਗੱਲ ਦੀ ਕਦਰ ਕੀਤੀ ਹੁੰਦੀ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਚਿੰਤਾ ਨੂੰ ਸਮਝਿਆ ਹੁੰਦਾ ਤਾਂ ਸ਼ਾਇਦ ਅੱਜ ਹਾਲਾਤ ਕੁਝ ਹੋਰ ਹੁੰਦੇ।ਐਮਏ ਖਾਨ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਅਸਤੀਫ਼ੇ ਦੇਣ ਲਈ ਮਜਬੂਰ ਹਨ। ਸਿਖਰਲੀ ਲੀਡਰਸ਼ਿਪ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ ਨੂੰ ਮੁੜ ਜੋਰਦਾਰ ਬਣਾਉਣ ਵੱਲ ਕੋਈ ਕਦਮ ਨਹੀਂ ਚੁੱਕਦੀ । ਇਹ ਸਭ ਦੇਖਣ ਤੋਂ ਬਾਅਦ ਮੇਰੇ ਕੋਲ ਪਾਰਟੀ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਇਸ ਲਈ ਮੈਂ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਰਿਹਾ ਹਾਂ।ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਐਮਏ ਖਾਨ ਨੇ ਕਿਹਾ ਕਿ ਮੈਂ ਇਸ ਕਾਰਨ ਕਾਂਗਰਸ ਛੱਡੀ ਹੈ। ਕਿਉਂਕਿ ਜਦੋਂ ਤੋਂ ਰਾਹੁਲ ਗਾਂਧੀ ਨੇ ਪਾਰਟੀ ਉਪ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਰਾਹੁਲ ਨੂੰ ਨਹੀਂ ਪਤਾ ਕਿ ਸੀਨੀਅਰ ਨੇਤਾਵਾਂ ਨਾਲ ਕਿਵੇਂ ਨਜਿੱਠਣਾ ਹੈ।
 ਪ੍ਰਿਯੰਕਾ ਗਾਂਧੀ  ਬਣ ਸਕਦੀ ਏ ਪ੍ਰਧਾਨ
ਕਾਂਗਰਸ ਦੀ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਕਰਾਉਣ ਦਾ ਐਲਾਨ ਕੀਤਾ ਹੈ। 1998 ਵਿਚ ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਬਣੀ ਅਤੇ 2017-19 ਦੇ ਸਮੇਂ ਨੂੰ ਛੱਡ ਕੇ ਹੁਣ ਤਕ ਪ੍ਰਧਾਨ ਹੈ। 2017-19 ਵਿਚ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਦੇ ਅਹੁਦੇ ’ਤੇ ਰਿਹਾ। ਚੋਣ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ 24 ਤੋਂ 30 ਸਤੰਬਰ ਵਿਚਕਾਰ ਦਿੱਤੀਆਂ ਅਤੇ 8 ਅਕਤੂਬਰ ਤਕ ਵਾਪਸ ਲਈਆਂ ਜਾ ਸਕਦੀਆਂ ਹਨ। ਇਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿਚ 17 ਅਕਤੂਬਰ ਨੂੰ ਚੋਣ ਹੋਵੇਗੀ। ਕੁਝ ਸਮੇਂ ਤੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਚਰਚਾ ਹੈ ਪਰ ਕਾਂਗਰਸ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਕਈ ਨਾਵਾਂ ਨੂੰ ਉਛਾਲਣ ਤੋਂ ਬਾਅਦ ਅੰਤ ਵਿਚ ਰਾਹੁਲ ਗਾਂਧੀ ਨੂੰ ਹੀ ਪ੍ਰਧਾਨ ਬਣਾਇਆ ਜਾਵੇਗਾ; ਉਨ੍ਹਾਂ ਦਾ ਤਰਕ ਹੈ- ਇਕ ਤਾਂ ਕਾਂਗਰਸ ਗਾਂਧੀ ਪਰਿਵਾਰ ’ਤੇ ਨਿਰਭਰ ਹੈ ਅਤੇ ਦੂਸਰਾ ਗਾਂਧੀ ਪਰਿਵਾਰ ਵੀ ਕਾਂਗਰਸ ’ਤੇ ਕਬਜ਼ਾ ਬਰਕਰਾਰ ਰੱਖਣਾ ਚਾਹੁੰਦਾ ਹੈ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਬਾਕੀ ਦੇ ਕਾਂਗਰਸ ਆਗੂ ਅਸ਼ੋਕ ਗਹਿਲੋਤ ਦੀ ਅਗਵਾਈ ਉਸ ਤਰ੍ਹਾਂ ਸਵੀਕਾਰ ਨਹੀਂ ਕਰਨਗੇ ਜਿਸ ਤਰ੍ਹਾਂ ਉਹ ਗਾਂਧੀ ਪਰਿਵਾਰ ਦੇ ਕਿਸੇ ਮੈਂਬਰ ਦੀ ਕਰਦੇ ਹਨ ਅਤੇ ਗਹਿਲੋਤ ਦੇ ਪਾਰਟੀ ਪ੍ਰਧਾਨ ਬਣਨ ਨਾਲ ਕਾਂਗਰਸ ਦਾ ਅੰਦਰੂਨੀ ਕਲੇਸ਼ ਹੋਰ ਵਧੇਗਾ। ਕਾਂਗਰਸ ਦੇ ਕਈ ਆਗੂ ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਬਣਨ ਤੋਂ ਨਾਂਹ ਕੀਤੇ ਜਾਣ ਦੀ ਸੂਰਤ ਵਿਚ ਪ੍ਰਿਯੰਕਾ ਗਾਂਧੀ ਦਾ ਨਾਂ ਤਜਵੀਜ਼ ਕਰ ਸਕਦੇ ਹਨ।

Comment here