ਪੀਲੀਭੀਤ-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂ ਲੋਕਾਂ ਨਾਲ ਲੁਭਾਉਣੇ ਵਾਅਦੇ ਕਰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਨਜ਼ਾਰਾ ਉਤਰ ਪ੍ਰਦੇਸ਼ ਦੇ ਪੀਲੀਭੀਤ ਦੀ ਬੀਸਲਪੁਰ ਤਹਿਸੀਲ ’ਚ ਦੇਖਣ ਨੂੰ ਮਿਲਿਆ, ਜਿੱਥੇ ਭਾਜਪਾ ਦੇ ਸਥਾਨਕ ਵਿਧਾਇਕ ਰਾਮਸਰਨ ਵਰਮਾ ਨੇ ਪਾਰਟੀ ਦੇ ਪ੍ਰੋਗਰਾਮ ’ਚ ਭੀੜ ਇਕੱਠੀ ਕਰਨ ਲਈ ਕਥਿਤ ਤੌਰ ਉਤੇ ਔਰਤਾਂ ਨੂੰ ਕੰਬਲ, ਘੜੀਆਂ ਤੇ ਖਾਣਾ ਦੇਣ ਦਾ ਵਾਅਦਾ ਕੀਤਾ, ਪਰ ਭੀੜ ਜ਼ਿਆਦਾ ਹੋ ਗਈ ਤੇ ਸਾਮਾਨਾ ਘਟ ਗਿਆ, ਜਿਸ ਪਿੱਛੋਂ ਔਰਤਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਉਨ੍ਹਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਪੀਲੀਭੀਤ ਦੇ ਬੀਸਲਪੁਰ ਵਿਕਾਸ ਬਲਾਕ ਦਫ਼ਤਰ ਵਿੱਚ ਆਯੋਜਿਤ ਪ੍ਰੋਗਰਾਮ ਵਿਚ ਸੂਬਾ ਮਹਿਲਾ ਮੋਰਚਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਗੀਤਾ ਸ਼ਾਕਿਆ ਪਹੁੰਚੀ ਸੀ।
ਇਸ ਪ੍ਰੋਗਰਾਮ ਦਾ ਆਯੋਜਨ ਸਥਾਨਕ ਭਾਜਪਾ ਵਿਧਾਇਕ ਰਾਮਸਰਨ ਵਰਮਾ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਨੇ ਆਸਪਾਸ ਤੋਂ ਗੱਡੀਆਂ ਲਾ ਕੇ ਇਸ ਪ੍ਰੋਗਰਾਮ ਵਿੱਚ ਔਰਤਾਂ ਨੂੰ ਬੁਲਾਇਆ ਸੀ।
ਇਨ੍ਹਾਂ ਔਰਤਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪ੍ਰੋਗਰਾਮ ’ਚ ਆਉਣ ਲਈ ਕਿਹਾ ਗਿਆ ਸੀ ਤੇ ਵਾਅਦਾ ਕੀਤਾ ਸੀ ਕਿ ਉਥੇ ਉਨ੍ਹਾਂ ਨੂੰ ਖਾਣਾ ਅਤੇ ਘੜੀ, ਕੰਬਲ ਮਿਲਣਗੇ। ਜਦੋਂ ਔਰਤਾਂ ਦੀ ਭਾਰੀ ਭੀੜ ਹੋ ਗਈ ਅਤੇ ਘੜੀਆਂ ਅਤੇ ਕੰਬਲ ਘਟ ਗਏ ਤਾਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਜੇਕਰ ਕਿਸੇ ਔਰਤ ਨੂੰ ਕੋਈ ਚੀਜ਼ ਮਿਲਦੀ ਤਾਂ ਦੂਜੀਆਂ ਔਰਤਾਂ ਉਸ ਕੋਲੋਂ ਖੋਹ ਲੈਂਦੀਆਂ। ਇੱਥੋਂ ਤੱਕ ਕਿ ਆਪਸ ਵਿੱਚ ਤਕਰਾਰ ਵੀ ਹੋਈ, ਜਿਸ ਦੀ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
Comment here