ਅਪਰਾਧਸਿਆਸਤਖਬਰਾਂ

ਭਾਜਪਾ ਵਿਧਾਇਕ ਦਾ ਅਫਸਰ ਪੁੱਤ 40 ਲੱਖ ਦੀ ਰਿਸ਼ਵਤ ਲੈਂਦਾ ਕਾਬੂ

ਕਰਨਾਟਕ-ਇਥੇ ਲੋਕਾਯੁਕਤ ਨੇ ਭਾਜਪਾ ਵਿਧਾਇਕ ਮਦਲ ਵਿਰੂਪਕਸ਼ੱਪਾ ਦੇ ‘ਅਫਸਰ ਪੁੱਤ’ ਪ੍ਰਸ਼ਾਂਤ ਕੁਮਾਰ ਨੂੰ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਜਦੋਂ ਜਾਂਚ ਅਧਿਕਾਰੀਆਂ ਨੇ ਪ੍ਰਸ਼ਾਂਤ ਦੇ ਘਰ ਦੀ ਤਲਾਸ਼ੀ ਲਈ ਤਾਂ 6 ਕਰੋੜ ਰੁਪਏ ਨਕਦ ਮਿਲੇ। ਕਰਨਾਟਕ ‘ਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਭਾਜਪਾ ਉਤੇ ਹਮਲਾ ਕਰਨ ਦਾ ਵੱਡਾ ਮੌਕਾ ਮਿਲ ਗਿਆ ਹੈ। ਲੋਕਾਯੁਕਤ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੂੰ ਪ੍ਰਸ਼ਾਂਤ ਦੇ ਘਰੋਂ ਨਕਦੀ ਦਾ ਵੱਡਾ ਢੇਰ ਮਿਲਿਆ, ਵੀਰਵਾਰ ਦੇਰ ਰਾਤ ਤੱਕ ਤਲਾਸ਼ੀ ਜਾਰੀ ਸੀ। ਛਾਪੇਮਾਰੀ ਤੋਂ ਬਾਅਦ ਦਾਵਣਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਤੋਂ ਵਿਧਾਇਕ ਮਾਦਲ ਵਿਰੂਪਕਸ਼ੱਪਾ ਨੇ ਸਰਕਾਰੀ ਮਾਲਕੀ ਵਾਲੀ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ (ਕੇਐਸਡੀਐਲ) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਰਨਾਟਕ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ‘ਚ ਮਾਦਲ ਵਿਰੂਪਕਸ਼ੱਪਾ ਨੇ ਕਿਹਾ, ‘ਮੇਰੇ ਪਰਿਵਾਰ ਖਿਲਾਫ ਕਈ ਸਾਜ਼ਿਸ਼ ਰਚੀ ਗਈ ਹੈ। ਮੈਂ ਨੈਤਿਕ ਜ਼ਿੰਮੇਵਾਰੀ ਦੇ ਤਹਿਤ ਅਸਤੀਫਾ ਦੇ ਰਿਹਾ ਹਾਂ।
ਕੇਐਸਡੀਐਲ ਮਸ਼ਹੂਰ ਮੈਸੂਰ ਸੈਂਡਲ ਸੋਪ ਬਣਾਉਂਦੀ ਹੈ। ਵਿਧਾਇਕ ਦਾ ਪੁੱਤ ਬੰਗਲੌਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿਚ ਮੁੱਖ ਲੇਖਾਕਾਰ ਹੈ। ਕਰਨਾਟਕ ਦੇ ਲੋਕਾਯੁਕਤ ਅਧਿਕਾਰੀਆਂ ਨੇ ਵੀਰਵਾਰ ਨੂੰ ਵਿਰੂਪਕਸ਼ੱਪਾ ਦੇ ਬੇਟੇ ਨੂੰ ਕੇਐੱਸਡੀਐੱਲ ਦਫ਼ਤਰ ‘ਚ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਕਰਨਾਟਕ ਦੇ ਲੋਕਾਯੁਕਤ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ 2008 ਬੈਚ ਦੇ ਕਰਨਾਟਕ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਪ੍ਰਸ਼ਾਂਤ ਮਦਲ ਬਾਰੇ ਸ਼ਿਕਾਇਤ ਮਿਲੀ ਸੀ, ਜਿਸ ਨੇ ਸੋਪ ਅਤੇ ਹੋਰ ਡਿਟਰਜੈਂਟ ਬਣਾਉਣ ਲਈ ਕੱਚੇ ਮਾਲ ਦੇ ਸੌਦੇ ਲਈ ਇਕ ਠੇਕੇਦਾਰ ਤੋਂ 81 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਐਂਟੀ ਕੁਰੱਪਸ਼ਨ ਵਿੰਗ ਦੀ ਟੀਮ ਨੇ ਕੇਐਸਡੀਐਲ ਦਫ਼ਤਰ ਵਿੱਚ ਛਾਪਾ ਮਾਰ ਕੇ ਪ੍ਰਸ਼ਾਂਤ ਨੂੰ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।
ਕਰਨਾਟਕ ਦੇ ਲੋਕਾਯੁਕਤ ਬੀ.ਐਸ. ਪਾਟਿਲ ਨੇ ਕਿਹਾ, “ਜਦੋਂ ਲੋਕਾਯੁਕਤ ਪੁਲਿਸ ਨੇ ਕੇਐਸਡੀਐਲ ਦਫਤਰ ‘ਤੇ ਛਾਪਾ ਮਾਰਿਆ, ਉਨ੍ਹਾਂ ਨੇ 2.2 ਕਰੋੜ ਰੁਪਏ ਬਰਾਮਦ ਕੀਤੇ, ਉਨ੍ਹਾਂ ਨੇ ਪ੍ਰਸ਼ਾਂਤ ਕੁਮਾਰ ਦੇ ਘਰ ਛਾਪਾ ਮਾਰਿਆ ਅਤੇ 6.10 ਕਰੋੜ ਰੁਪਏ ਬਰਾਮਦ ਕੀਤੇ। ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਐਫਆਈਆਰ ਦਰਜ ਕੀਤੀ ਗਈ ਹੈ। ਇਸ ਮਾਮਲੇ ‘ਚ ਕਿਸ ਦੀ ਭੂਮਿਕਾ ਹੈ, ਇਸ ਦਾ ਖੁਲਾਸਾ ਹੋਵੇਗਾ।
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮੱਈ ਨੇ ਇਸ ਮੁੱਦੇ ‘ਤੇ ਕਿਹਾ ਕਿ ਲੋਕਾਯੁਕਤ ਦਫ਼ਤਰ ਸੁਤੰਤਰ ਜਾਂਚ ਕਰੇਗਾ। ਉਨ੍ਹਾਂ ਵਿਰੋਧੀ ਧਿਰ ਕਾਂਗਰਸ ‘ਤੇ ਵੀ ਹਮਲਾ ਬੋਲਿਆ। ਸੀਐਮ ਬੋਮਈ ਨੇ ਕਿਹਾ, ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਅਸੀਂ ਲੋਕਾਯੁਕਤ ਦੀ ਮੁੜ ਸਥਾਪਨਾ ਕੀਤੀ ਹੈ। ਕਾਂਗਰਸ ਦੇ ਰਾਜ ਦੌਰਾਨ ਲੋਕਾਯੁਕਤ ਭੰਗ ਹੋਣ ਕਾਰਨ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਬੰਦ ਹੋ ਗਏ ਸਨ। ਅਸੀਂ ਉਨ੍ਹਾਂ ਕੇਸਾਂ ਦੀ ਜਾਂਚ ਕਰਾਂਗੇ ਜੋ ਬੰਦ ਹੋ ਗਏ ਹਨ। ਲੋਕਾਯੁਕਤ ਇੱਕ ਸੁਤੰਤਰ ਸੰਸਥਾ ਹੈ ਅਤੇ ਸਾਡਾ ਸਟੈਂਡ ਸਪੱਸ਼ਟ ਹੈ।

Comment here