ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਨੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਭਾਜਪਾ ਵਿਦੇਸ਼ ਮੰਤਰਾਲੇ ਨਾਲ ਗੱਲ ਕਰੇਗੀ ਅਤੇ ਇੱਕ ਹੈਲਪਲਾਈਨ ਵੀ ਸਥਾਪਤ ਕਰੇਗੀ। ਉਨ੍ਹਾਂ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਕਾਂਗਰਸ ‘ਚੋਂ ਹੋਰ ਕੌਣ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨੇਤਾ ਆਪੋ-ਆਪਣੇ ਫੈਸਲੇ ਲੈਂਦੇ ਹਨ ਅਤੇ ਫਿਰ ਕਿਸੇ ਵੀ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਅਕਸ਼ੇ ਸ਼ਰਮਾ ਮੇਰੇ ਨਾਲ ਬੈਠੇ ਹਨ। ਪੰਜਾਬ ਐਨਐਸਯੂਆਈ ਦੇ ਚਾਰ ਪ੍ਰਧਾਨ ਸਨ, ਜਿਨ੍ਹਾਂ ਵਿੱਚੋਂ ਇੱਕ ਨਹੀਂ ਰਿਹਾ, ਬਾਕੀ ਤਿੰਨ ਵਿੱਚੋਂ ਅਕਸ਼ੈ ਸ਼ਰਮਾ ਐਨਐਸਯੂਆਈ ਦੇ ਪ੍ਰਧਾਨ ਰਹਿ ਚੁੱਕੇ ਹਨ। ਹੁਣ ਕਾਂਗਰਸ ਵਿੱਚ ਸਿਰਫ਼ ਇਕਬਾਲ ਬਚਿਆ ਹੈ। ਦੋ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਹ ਇਲਜ਼ਾਮ ਬੇਬੁਨਿਆਦ ਨਹੀਂ ਲੱਗਦਾ, 2022 ਦੀਆਂ ਚੋਣਾਂ ਵੇਲੇ ਇੱਕ ਕਾਂਗਰਸੀ ਆਗੂ ਨੇ ਕਿਹਾ ਸੀ ਕਿ ਰਾਜਸਥਾਨ ਤੋਂ ਇੱਕ ਡਾਕੂ ਆਇਆ ਹੈ। ਉਨ੍ਹਾਂ ਅਸਿੱਧੇ ਤੌਰ ਉੱਤੇ ਹਰੀਸ਼ ਚੌਧਰੀ ਉੱਤੇ ਨਿਸ਼ਾਨਾਂ ਲਾਇਆ ਸੀ।
ਬੀਜੇਪੀ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਨੂੰ ਇੱਕ ਗਰੋਹ ਵੱਲੋਂ ਚਲਾਇਆ ਜਾ ਰਿਹਾ ਹੈ। ਅਕਸ਼ੈ ਪੰਜਾਬ ਦੀ ਸਿਆਸਤ ਦਾ ਆਉਣ ਵਾਲਾ ਸਮਾਂ ਅਤੇ ਚਿਹਰਾ ਹੈ। ਜਾਖੜ ਨੇ ਕਿਹਾ ਕਿ 26 ਤਰੀਕ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਮ੍ਰਿਤਸਰ ਉੱਤਰੀ ਜ਼ੋਨ ਦੀ ਮੀਟਿੰਗ ਲਈ ਆ ਰਹੇ ਹਨ, ਨਾਲ ਹੀ ਉਹ ਫਿਰੋਜ਼ਪੁਰ ਜਾ ਕੇ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਸਮਰਪਿਤ ਕਰਨਗੇ। ਸੁਨੀਲ ਜਾਖੜ ਨੇ ਗਾਇਕ ਸ਼ੁਭ ‘ਤੇ ਸਿੱਧਾ ਜਵਾਬ ਦੇਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਹ ਇਕੱਲੇ ਸ਼ੁਭ ਦਾ ਸਵਾਲ ਨਹੀਂ ਹੈ। ਕੈਨੇਡਾ ਵਿੱਚ 12 ਲੱਖ ਭਾਰਤੀ ਵਿਦਿਆਰਥੀ ਹਨ, ਅਸੀਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ ਅਤੇ ਅੱਜ ਸਾਰਿਆਂ ਨੂੰ ਆਪਸੀ ਭਾਈਚਾਰੇ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਸੁਖਦੀਪ ਦੀ ਚਿੰਤਾ ਕਰਨ ਦੀ ਬਜਾਏ ਆਪਣੇ ਲੋਕਾਂ ਦਾ ਵੀ ਖਿਆਲ ਰੱਖਣ ਦੀ ਲੋੜ ਹੈ।
ਇਸ ਮੌਕੇ ਅਕਸ਼ੇ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਸੋਚ ਚੰਗੀ ਹੋਣੀ ਚਾਹੀਦੀ ਹੈ, ਇਸ ਲਈ ਲੋਕ ਜੁੜ ਰਹੇ ਹਨ। ਕਾਂਗਰਸ ਵਿਚ ਕੁਝ ਕਮੀ ਰਹਿ ਗਈ ਹੈ। ਕੈਨੇਡਾ ਦਾ ਮਸਲਾ ਜਲਦੀ ਹੱਲ ਹੋ ਜਾਵੇਗਾ। ਚਿੰਤਾ ਦੀ ਗੱਲ ਹੈ ਕਿ ਕਿਸੇ ਦੇਸ਼ ਦੀ ਵਿਦੇਸ਼ ਨੀਤੀ ਉਸ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਜਾਂਚ ਦੇ ਆਧਾਰ ‘ਤੇ ਨਹੀਂ ਸਗੋਂ ਬਿਨਾਂ ਕਿਸੇ ਆਧਾਰ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦੀ ਕੋਈ ਪਰਿਭਾਸ਼ਾ ਨਹੀਂ ਹੈ। ਭਾਰਤ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਨੂੰ ਜਾਇਜ਼ ਨਹੀਂ ਮੰਨਿਆ ਹੈ। ਅਸੀਂ ਆਪਣੀ ਪ੍ਰਭੂਸੱਤਾ ਦੀ ਰਾਖੀ ਕਰਨੀ ਜਾਣਦੇ ਹਾਂ, ਸਾਨੂੰ ਕਿਸੇ ਨੂੰ ਲੁਕ-ਛਿਪ ਕੇ ਮਾਰਨ ਦੀ ਲੋੜ ਨਹੀਂ ਹੈ। ਇਸ ਨਾਲ ਭਾਰਤ ਅਤੇ ਕੈਨੇਡਾ ਦੇ ਹੀ ਨਹੀਂ ਸਗੋਂ ਹੋਰ ਦੇਸ਼ਾਂ ਨਾਲ ਵੀ ਸਬੰਧ ਪ੍ਰਭਾਵਿਤ ਹੋਣਗੇ।
ਵਿਦੇਸ਼ ਮੰਤਰਾਲੇ ਨਾਲ ਸੰਪਰਕ ਮਗਰੋਂ ਕਰਾਂਗੇ ਹੈਲਪਲਾਈਨ ਸਥਾਪਿਤ-ਜਾਖੜ

Comment here