ਚੰਡੀਗੜ੍ਹ-ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ‘ਚ ਪੁਲਿਸ ਵਲੋਂ ਵਕੀਲ ਵਰਿੰਦਰ ਸੰਧੂ ਨਾਲ ਤਸ਼ੱਦਦ ਅਤੇ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦਾ ਕਿ ਸੂਬੇ ਭਰ ‘ਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈਕੇ ਸੂਬੇ ਬਰ ਦੇ ਵਕੀਲਾਂ ਵਲੋਂ ਸਰਕਾਰ ਖਿਲਾਫ਼ ਕਾਰਵਾਈ ਦਾ ਦਬਾਅ ਪਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ‘ਚ ਭਾਜਪਾ ਦੀ ਲੀਗਲ ਸੈੱਲ ਦੀ ਟੀਮ ਵੀ ਇਸ ਵਿਰੋਧ ਪ੍ਰਦਰਸ਼ਨ ‘ਚ ਅੱਗੇ ਆ ਕੇ ਪੀੜਤ ਵਕੀਲ ਦੇ ਹੱਕ ‘ਚ ਖੜੀ ਹੋਈ ਹੈ। ਉਧਰ ਜਦਕਿ ਵਕੀਲਾਂ ਦੇ ਵੱਧਦੇ ਦਬਾਅਦ ਦੇ ਚੱਲਦੇ ਐੱਸ ਪੀ ਸਣੇ 6 ਪੁਲਿਸ ਕਰਮੀਆਂ ‘ਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਭਾਜਪਾ ਲੀਗਲ ਸੈੱਲ ਦੇ ਵਕੀਲ ਐਨ. ਕੇ ਵਰਮਾ ਦਾ ਕਹਿਣਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕਾਨੂੰਨ ਵਿਵਸਥਾ ਸਰਕਾਰ ਤੋਂ ਸਾਂਭੀ ਗਈ ਤੇ ਹੁਣ ਵਕੀਲਾਂ ਨਾਲ ਅਣਮਨੁੱਖੀ ਤਸ਼ੱਦਦ ਅਤੇ ਅਸ਼ਲੀਲ ਵੀਡੀਓ ਬਣਾਈ ਗਈ ਹੈ। ਜਿਸ ‘ਚ ਉਹ ਉਕਤ ਪੁਲਿਸ ਕਰਮੀਆਂ ਖਿਲਾਫ਼ ਸਖ਼ਤ ਤੋਂ ਸ਼ਖ਼ਤ ਕਾਰਵਾਈ ਦੀ ਮੰਗ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਮਾਮਲੇ ‘ਚ ਵਕੀਲ ਭਾਈਚਾਰੇ ਤੋਂ ਮੁਆਫ਼ੀ ਮੰਗਣ ਅਤੇ ਭਰੋਸਾ ਦੇਣ ਕਿ ਅੱਗੇ ਤੋਂ ਅਜਿਹੀ ਕੋਈ ਘਟਨਾ ਨਹੀਂ ਹੋਵੇਗੀ। ਵਕੀਲ ਵਰਮਾ ਦਾ ਕਹਿਣਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਆਉਣ ਵਾਲੇ ਦਿਨਾਂ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕਰਨਗੇ ਅਤੇ ਸਾਥੀ ਵਕੀਲ ਨੂੰ ਇਨਸਾਫ਼ ਮਿਲਣ ਤੱਕ ਲੜਾਈ ਜਾਰੀ ਰੱਖਣਗੇ।
ਵਕੀਲ ਐਨ ਕੇ ਵਰਮਾ ਦਾ ਕਹਿਣਾ ਕਿ ਪੀੜਤ ਵਕੀਲ ਕਿਸੇ ਮਾਮਲੇ ‘ਚ ਆਪਣੇ ਮੁਵੱਕਿਲ ਨਾਲ ਥਾਣੇ ਗਿਆ ਸੀ, ਜਿਥੇ ਪੁਲਿਸ ਨੇ ਉਸ ਵਕੀਲ ‘ਤੇ ਹੀ ਝੂਠਾ ਮਾਮਲਾ ਦਰਜ ਕੀਤਾ ਅਤੇ ਉਸ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਨ੍ਹਾਂ ਨਾਲ ਹੀ ਕਿਹਾ ਕਿ ਜਿੰਨ੍ਹਾਂ ਪੁਲਿਸ ਕਰਮੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਸ ‘ਚ ਮਾਮੂਲੀ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ, ਜਦਕਿ ਕਿਡਨੈਪਿੰਗ ਅਤੇ 307 ਦੀਆਂ ਧਾਰਾਵਾਂ ਦਰਜ ਨਹੀਂ ਕੀਤੀਆਂ ਗਈਆਂ। ਜਦਕਿ ਪੀੜਤ ਵਕੀਲ ਨੂੰ 18 ਦੇ ਕਰੀਬ ਸੱਟਾਂ ਹਨ ਅਤੇ ਅਜਿਹੀਆਂ ਗੰਭੀਰ ਧਾਰਾਵਾਂ ਦਰਜ ਹੋਣੀਆਂ ਚਾਹੀਦੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਮੁਲਜ਼ਮ ਪੁਲਿਸ ਕਰਮੀਆਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਇਹ ਸਾਰਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਦੱਸਿਆ ਜਾ ਰਿਹਾ ਹੈ, ਜਿਥੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਬਰਾੜ ਅਨੁਸਾਰ ਵਕੀਲ ਵਰਿੰਦਰ ਸੰਧੂ ਜਦੋਂ ਆਪਣੇ ਮੁਵੱਕਿਲ ਨਾਲ ਥਾਣੇ ਤੋਂ ਨਿਕਲਦਾ ਹੈ ਤਾਂ ਸੀਆਈਏ ਸਟਾਫ਼ ਵਕੀਲ ਦੀ ਕੁੱਟਮਾਰ ਕਰਦਾ ਹੈ ਅਤੇ ਫਿਰ ਆਪਣੇ ਦਫ਼ਤਰ ਲਿਜਾ ਕੇ ਅਣਮਨੁੱਖੀ ਤਸ਼ੱਦਦ ਕਰਦੇ ਹਨ ਅਤੇ ਅਸ਼ਲੀਲ ਵੀਡੀਓ ਬਣਾਉਂਦੇ ਹਨ। ਜਿਸ ਤੋਂ ਬਾਅਦ ਕੋਰਟ ‘ਚ ਪੇਸ਼ ਕਰਨ ਤੋਂ ਪਹਿਲਾਂ ਨੂੰ ਧਮਕਾਉਂਦੇ ਹਨ ਕਿ ਮੂੰਹ ਖੋਲ੍ਹਣ ‘ਤੇ ਵੀਡੀਓ ਵਾਇਰਲ ਕੀਤੀ ਜਾਵੇਗੀ। ਜਿਸ ‘ਚ ਪੀੜਤ ਵਕੀਲ ਨੇ ਕੋਈ ਗੱਲ ਜੱਜ ਸਾਹਮਣੇ ਨਹੀਂ ਦੱਸੀ ਪਰ ਜਦੋਂ ਕੁਝ ਵਕੀਲ ਸਾਥੀਆਂ ਨੂੰ ਇਹ ਸਾਰੀ ਜਾਣਕਾਰੀ ਮਿਲੀ ਤਾਂ ਮਾਮਲਾ ਨਿਕਲ ਕੇ ਬਾਹਰ ਆਇਆ।
ਭਾਜਪਾ ਲੀਗਲ ਸੈੱਲ ਦੀ ਟੀਮ ਮੁੱਖ ਮੰਤਰੀ ਦੀ ਕੋਠੀ ਘੇਰਨ ਲਈ ਤਿਆਰੀ

Comment here