ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਭਾਜਪਾ ਰਾਮਧਰੋਹ ਕਮਾਅ ਰਹੀ ਹੈ-ਕਾਂਗਰਸ ਨੇ ਲਾਇਆ ਦੋਸ਼

ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਭਾਜਪਾ ਦੇ ਕਈ ਆਗੂਆਂ ਤੇ ਯੂ ਪੀ ਦੇ ਕੁਝ ਅਧਿਕਾਰੀਆਂ ਨੇ ਅਯੁੱਧਿਆ ਵਿਚ ਉਸਰ ਰਹੇ ਰਾਮ ਮੰਦਰ ਦੇ ਆਲੇ-ਦੁਆਲੇ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦੀਆਂ ਹਨ ਅਤੇ ਜ਼ਮੀਨ ਦੀ ਇਹ ਲੁੱਟ 2019 ਵਿਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੇ ਬਾਅਦ ਕੀਤੀ ਗਈ ਹੈ | ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੰਦੇ ਦੀ ਲੁੱਟ ਤੇ ਜ਼ਮੀਨ ਦੀ ਲੁੱਟ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰਾਉਣੀ ਚਾਹੀਦੀ ਹੈ |
ਸੂਰਜੇਵਾਲਾ ਨੇ ਦਾਅਵਾ ਕੀਤਾ ਕਿ ਨਵਾਂ ਖੁਲਾਸਾ ਹੋਇਆ ਹੈ ਕਿ ਰਾਮ ਮੰਦਰ ਨੇੜਲੀਆਂ ਜ਼ਮੀਨਾਂ ਭਾਜਪਾ ਦੇ ਵਿਧਾਇਕਾਂ, ਮੇਅਰ, ਓ ਬੀ ਸੀ ਕਮਿਸ਼ਨ ਦੇ ਮੈਂਬਰ ਤੇ ਉੱਚ ਅਧਿਕਾਰੀਆਂ ਨੇ ਲੱਗੇ ਭਾਅ ਖਰੀਦ ਲਈਆਂ ਹਨ | ਇਥੋਂ ਤੱਕ ਕਿ ਦਲਿਤਾਂ ਦੀਆਂ ਜ਼ਮੀਨਾਂ ਵੀ ਹੜੱਪ ਲਈਆਂ ਗਈਆਂ ਹਨ | ਭਾਜਪਾ ਦੇ ਲੋਕਾਂ ਨੇ ਰਾਮਧ੍ਰੋਹ ਕੀਤਾ ਹੈ, ਜਿਸ ਲਈ ਉਹ ਪਾਪ ਤੇ ਸਰਾਪ ਦੇ ਭਾਗੀ ਹਨ | ਉਨ੍ਹਾ ਕਿਹਾ—ਭਗਵਾਨ ਰਾਮ ਆਸਥਾ, ਵਿਸ਼ਵਾਸ, ਮਰਿਆਦਾ ਤੇ ਸਨਾਤਨ ਦੇ ਪ੍ਰਤੀਕ ਹਨ, ਪਰ ਭਾਜਪਾ ਦੇ ਬੰਦੇ ਉਨ੍ਹਾ ਦੇ ਨਾਂਅ ‘ਤੇ ਵੀ ਲੁੱਟ ਦਾ ਧੰਦਾ ਚਲਾ ਰਹੇ ਹਨ | ਪ੍ਰਧਾਨ ਮੰਤਰੀ ਜੀ ਦੱਸਣ ਕਿ ਤੁਸੀਂ ਆਪਣਾ ਮੂੰਹ ਕਦੋਂ ਖੋਲ੍ਹੋਗੇ? ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਚੰਦੇ ਦੀ ਲੁੱਟ ਤੇ ਜ਼ਮੀਨ ਦੀ ਲੁੱਟ ਕਦੋਂ ਰੁਕਵਾਉਣਗੇ? ਦਰਅਸਲ ਸਰਕਰਦਾ ਅਖਬਾਰ ‘ਇੰਡੀਅਨ ਐੱਕਸਪ੍ਰੈੱਸ’ ਵਿਚ ਛਪੀ ਖਬਰ ‘ਚ ਖੁਲਾਸਾ ਕੀਤਾ ਗਿਆ ਹੈ ਕਿ ਚਾਰ ਖਰੀਦਦਾਰ ਉਨ੍ਹਾਂ ਅਫਸਰਾਂ ਦੇ ਕਰੀਬੀ ਰਿਸ਼ਤੇਦਾਰ ਹਨ, ਜਿਨ੍ਹਾਂ ਨੂੰ ਦਲਿਤਾਂ ਦੀ ਜ਼ਮੀਨ ਟਰਾਂਸਫਰ ਕਰਨ ਵਿਚ ਹੋਈਆਂ ਬੇਨੇਮੀਆਂ ਦੀ ਜਾਂਚ ਲਈ ਲਾਇਆ ਗਿਆ ਸੀ | ਮਹੇਸ਼ ਯੋਗੀ ਨੇ ਮਹਾਂਰਿਸ਼ੀ ਰਾਮਾਇਣ ਵਿਦਿਆਪੀਠ ਟਰੱਸਟ ਬਣਾਇਆ ਸੀ ਤੇ ਉਸ ਨੇ 1990ਵਿਆਂ ਦੇ ਸ਼ੁਰੂ ਵਿਚ ਰਾਮ ਮੰਦਰ ਵਾਲੀ ਥਾਂ ਤੋਂ ਪੰਜ ਕੁ ਕਿਲੋਮੀਟਰ ਦੂਰ ਬਰਹਾਟਾ ਮਾਂਝਾ ਪਿੰਡ ਤੇ ਅਯੁੱਧਿਆ ਨਾਲ ਲਗਦੇ ਕੁਝ ਹੋਰ ਪਿੰਡਾਂ ਵਿਚ ਜ਼ਮੀਨਾਂ ਖਰੀਦੀਆਂ ਸਨ | ਇਨ੍ਹਾਂ ਜ਼ਮੀਨਾਂ ਵਿਚੋਂ ਕਰੀਬ 21 ਵਿੱਘੇ (ਕਰੀਬ 52 ਹਜ਼ਾਰ ਵਰਗ ਮੀਟਰ) ਦਲਿਤਾਂ ਤੋਂ ਕਥਿਤ ਤੌਰ ‘ਤੇ ਨੇਮਾਂ ਦੀ ਉਲੰਘਣਾ ਕਰਕੇ ਖਰੀਦੀ | ਯੂ ਪੀ ਦੇ ਮਾਲ ਕੋਡ ਨਿਯਮ ਕਹਿੰਦੇ ਹਨ ਕਿ ਜੇ ਕਿਸੇ ਦਲਿਤ ਕੋਲ ਸਾਢੇ ਤਿੰਨ ਵਿਘੇ ਤੋਂ ਘੱਟ ਜ਼ਮੀਨ ਹੈ ਤਾਂ ਗੈਰ-ਦਲਿਤ ਡੀ ਸੀ ਦੀ ਮਨਜ਼ੂਰੀ ਤੋਂ ਬਿਨਾਂ ਖਰੀਦ ਨਹੀਂ ਸਕਦਾ | ਟਰੱਸਟ ਨੇ ਆਪਣੇ ਦਲਿਤ ਮੁਲਾਜ਼ਮ ਰੋਂਘਈ ਰਾਹੀਂ 1992 ਵਿਚ ਕਰੀਬ ਇਕ ਦਰਜਨ ਦਲਿਤਾਂ ਤੋਂ ਜ਼ਮੀਨ ਖਰੀਦੀ | ਸੇਲ ਡੀਡ ਰੋਂਘਈ ਦੇ ਨਾਂਅ ਹੋਈ | ਫਿਰ ਰੋਂਘਈ ਨੇ ਜੂਨ 1996 ਵਿਚ ਟਰੱਸਟ ਨੂੰ ਜ਼ਮੀਨ ਗੈਰ-ਰਜਿਸਟਰਡ ਦਾਨ-ਪੱਤਰ ਰਾਹੀਂ ‘ਦਾਨ’ ਕਰ ਦਿੱਤੀ | ਟਰੱਸਟ ਨੇ ਰੋਂਘਈ ਰਾਹੀਂ ਸਾਰੀ ਜ਼ਮੀਨ 6 ਲੱਖ 38 ਹਜ਼ਾਰ ਰੁਪਏ ਵਿਚ ਖਰੀਦੀ | ਅਗਸਤ 2017 ਤੋਂ ਲਾਗੂ ਇਲਾਕੇ ਦੇ ਸਰਕਲ ਰੇਟ ਮੁਤਾਬਕ ਇਹ ਜ਼ਮੀਨ 3 ਕਰੋੜ 90 ਲੱਖ ਤੋਂ 8 ਕਰੋੜ 50 ਲੱਖ ਰੁਪਏ ਦੀ ਬਣਦੀ ਹੈ | ਮਹਾਂਦੇਵ ਨਾਂਅ ਦੇ ਦਲਿਤ ਨੇ ਰੋਂਘਈ ਨੂੰ ਤਿੰਨ ਵਿ ਘੇ ਜ਼ਮੀਨ ਇਕ ਲੱਖ 2 ਹਜ਼ਾਰ ਰੁਪਏ ਵਿਚ ਵੇਚੀ ਸੀ | ਸਤੰਬਰ 2019 ਵਿਚ ਜਦੋਂ ਟਰੱਸਟ ਨੇ ਰੋਂਘਈ ਰਾਹੀਂ ਖਰੀਦੀ ਜ਼ਮੀਨ ਵੇਚਣੀ ਸ਼ੁਰੂ ਕੀਤੀ ਤਾਂ ਮਹਾਂਦੇਵ ਨੇ ਮਾਲ ਵਿਭਾਗ ਕੋਲ ਸ਼ਿਕਾਇਤ ਕੀਤੀ ਕਿ ਉਸ ਦੀ ਜ਼ਮੀਨ ਗੈਰਕਾਨੂੰਨੀ ਢੰਗ ਨਾਲ ਟਰਾਂਸਫਰ ਕੀਤੀ ਗਈ | ਇਸ ਸ਼ਿਕਾਇਤ ਦੀ ਜਾਂਚ ਲਈ ਐਡੀਸ਼ਨਲ ਕਮਿਸ਼ਨਰ ਸ਼ਿਵ ਪੂਜਨ ਤੇ ਵੇਲੇ ਦੇ ਏ ਡੀ ਸੀ ਗੋਰੇ ਲਾਲ ਸ਼ੁਕਲਾ ‘ਤੇ ਅਧਾਰਤ ਕਮੇਟੀ ਬਣਾਈ ਗਈ | ਰਿਕਾਰਡ ਦੱਸਦੇ ਹਨ ਕਿ ਇਕ ਅਕਤੂਬਰ 2020 ਨੂੰ ਵੇਲੇ ਦੇ ਡੀ ਸੀ ਅਨੁਜ ਕੁਮਾਰ ਝਾਅ ਨੇ ਕਮੇਟੀ ਦੀ ਟਰੱਸਟ ਤੇ ਕੁਝ ਅਫਸਰਾਂ ਖਿਲਾਫ ਕਾਰਵਾਈ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ | ਅਯੁੱਧਿਆ ਦੇ ਡਵੀਜ਼ਨਲ ਕਮਿਸ਼ਨਰ ਐੱਮ ਪੀ ਅਗਰਵਾਲ ਦੀ 18 ਮਾਰਚ 2021 ਨੂੰ ਮਨਜ਼ੂਰੀ ਤੋਂ ਬਾਅਦ 6 ਅਗਸਤ ਨੂੰ ਅਯੁੱਧਿਆ ਦੇ ਅਸਿਸਟੈਂਟ ਰਿਕਾਰਡ ਅਫਸਰ ਭਾਨ ਸਿੰਘ ਦੀ ਅਦਾਲਤ ਵਿਚ ਕੇਸ ਦਰਜ ਹੋ ਗਿਆ | ਕੇਸ ਵਿਚ ਕਿਹਾ ਗਿਆ ਕਿ ਜ਼ਮੀਨ ਸੂਬਾ ਸਰਕਾਰ ਨੂੰ ਦਿੱਤੀ ਜਾਵੇ, ਜਦਕਿ ਟਰੱਸਟ ਵਿਰੁੱਧ ਕੇਸ ਪੈਂਡਿੰਗ ਸੀ ਅਗਰਵਾਲ ਦੇ ਸਹੁਰੇ ਤੇ ਸਾਲੇ ਨੇ 10 ਦਸੰਬਰ ਨੂੰ ਟਰੱਸਟ ਤੋਂ ਬਰਹਾਟਾ ਪਿੰਡ ਦੀ ਕ੍ਰਮਵਾਰ 2530 ਵਰਗ ਮੀਟਰ ਤੇ 1260 ਵਰਗ ਮੀਟਰ ਖਰੀਦ ਲਈ | ਵੇਲੇ ਦੇ ਚੀਫ ਰੈਵੇਨਿਊ ਅਫਸਰ ਪੁਰਸ਼ੋਤਮ ਦਾਸ ਗੁਪਤਾ ਤੇ ਡੀ ਆਈ ਜੀ ਦੀਪਕ ਕੁਮਾਰ ਨੇ ਵੀ ਟਰੱਸਟ ਤੋਂ ਕ੍ਰਮਵਾਰ 12 ਅਕਤੂਬਰ 2021 ਨੂੰ 1130 ਵਰਗ ਮੀਟਰ ਤੇ ਇਕ ਸਤੰਬਰ 2021 ਨੂੰ 1020 ਵਰਗ ਮੀਟਰ ਜ਼ਮੀਨ ਖਰੀਦ ਲਈ | ਗੁਪਤਾ ਸਤੰਬਰ 2021 ਤੱਕ ਕਰੀਬ ਤਿੰਨ ਸਾਲ ਅਯੁੱਧਿਆ ਵਿਚ ਚੀਫ ਰੈਵੇਨਿਊ ਅਫਸਰ ਰਿਹਾ ਤੇ ਉਸ ਨੂੰ ਡੀ ਸੀ ਨੇ ਸਾਰੇ ਜ਼ਮੀਨ ਮਾਮਲੇ ਦੇਖਣ ਲਈ ਤਾਕਤਾਂ ਦਿੱਤੀਆਂ ਹੋਈਆਂ ਸਨ | ਜਿਨ੍ਹਾਂ ਹੋਰਨਾਂ ਨੇ ਬਰਹਾਟਾ ਵਿਚ ਜ਼ਮੀਨ ਖਰੀਦੀ, ਉਨ੍ਹਾਂ ਵਿਚ ਅਯੁੱਧਿਆ ਜ਼ਿਲ੍ਹੇ ਦੇ ਗੋਸਾਈਗੰਜ ਤੋਂ ਵਿਧਾਇਕ ਇੰਦਰ ਪ੍ਰਤਾਪ ਤਿਵਾੜੀ ਉਰਫ ਖੱਬੂ ਤਿਵਾੜੀ (18 ਨਵੰਬਰ 2019 ਨੂੰ 2593 ਵਰਗ ਮੀਟਰ), 9 ਸਾਲ ਪਹਿਲਾਂ ਇਲਾਹਾਬਾਦ ਦੇ ਕਮਿਸ਼ਨਰ ਵਜੋਂ ਰਿਟਾਇਰ ਹੋਣ ਵਾਲੇ ਆਈ ਏ ਐੱਸ ਉਮਾਧਰ ਦਿਵੇਦੀ (23 ਅਕਤੂਬਰ 2021 ਨੂੰ 1680 ਵਰਗ ਮੀਟਰ) ਸ਼ਾਮਲ ਹਨ | ਹਾਲਾਂਕਿ ਅਫਸਰਾਂ ਵੱਲੋਂ ਖਰੀਦੀ ਜ਼ਮੀਨ ਝਗੜੇ ਵਾਲੇ 21 ਵਿਘਿਆਂ ਵਿਚ ਨਹੀਂ ਪੈਂਦੀ, ਪਰ ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੇਚਣ ਵਾਲਾ ਟਰੱਸਟ ਹੀ ਹੈ |

Comment here