ਸਿਆਸਤਖਬਰਾਂ

ਭਾਜਪਾ ਪੰਜਾਬ ਚ ਵਰਚੁਅਲ ਰੈਲੀ ਨਾਲ ਕਰੇਗੀ ਸ਼ਕਤੀ ਪ੍ਰਦਰਸ਼ਨ

16 ਦੀ ਰੈਲੀ ਚ 3 ਲੱਖ ਵਰਕਰਾਂ ਦੀ ਸ਼ਮੂਲੀਅਤ ਦਾ ਦਾਅਵਾ

ਚੰਡੀਗੜ-ਪੰਜਾਬ ਚੋਣਾਂ ਵਿੱਚ ਆਪਣੀ ਪੈਂਠ ਬਣਾਉਣ ਲਈ ਭਾਜਪਾ ਪੂਰਾ ਤਾਣ ਲਾ ਰਹੀ ਹੈ ਜਿੱਥੇ ਬਾਕੀ ਪਾਰਟੀਆਂ ਵਿੱਚ ਵੱਡੇ ਖੋਰੇ ਲਾਉਣ, ਖਾਸ ਕਰਕੇ ਕਈ ਪੰਥਕ ਚਿਹਰਿਆਂ ਨੂੰ ਨਾਲ ਤੋਰਨ ਵਿੱਚ ਕਾਮਯਾਬ ਹੋਈ ਹੈ, ਓਥੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਫਿਰੋਜ਼ਪੁਰ ਵਿਚਲਾ ਮੌਕਾ ਗਵਾਚਣ ਮਗਰੋਂ ਮੁੜ ਵਰਚੁਅਲ ਰੈਲੀ ਜ਼ਰੀਏ ਮੈਦਾਨ ਵਿੱਚ ਆ ਰਹੀ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਰੈਲੀਆਂ ਬੰਦ ਹੋਣ ਪਿੱਛੋਂ ਭਾਰਤੀ ਜਨਤਾ ਪਾਰਟੀ ਨੇ 16 ਜਨਵਰੀ ਨੂੰ ਵਰਚੂਅਲ ਰੈਲੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਰੈਲੀ ਰਾਹੀਂ ਭਾਜਪਾ, ਪੰਜਾਬ ਦੇ ਵਰਕਰਾਂ ਨੂੰ ਚੋਣਾਂ ਸਬੰਧੀ ਤਿਆਰ ਕਰੇਗੀ। ਆਲ੍ਹਾ ਕਮਾਨ ਦੀ ਹਦਾਇਤ ਮਿਲਣ ਪਿੱਛੋਂ ਇਸ ਵਰਚੂਅਲ ਰੈਲੀ ਦੀ ਤਿਆਰੀ ਸ਼ੁਰੂ ਹੋ ਗਈ ਹੈ। 5 ਜਨਵਰੀ ਨੂੰ ਫਿਰੋਜ਼ਪੁਰ ਵਿਚ ਸੁਰੱਖਿਆ ਵਿਚ ਕੁਤਾਹੀ ਕਾਰਨ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋ ਗਈ ਸੀ। ਇਸ ਪਿੱਛੋਂ ਕੋਵਿਡ ਕਾਰਨ ਰੈਲੀਆਂ ’ਤੇ ਪਾਬੰਦੀ ਲੱਗ ਗਈ ਸੀ। ਇਸ ਲਈ ਨਿਰਾਸ਼ ਵਰਕਰਾਂ ਵਿਚ ਜੋਸ਼ ਭਰਨ ਲਈ ਭਾਜਪਾ ਨੇ ਵਰਚੂਅਲ ਜ਼ਰੀਆ ਚੁਣਿਆ ਹੈ। ਇਸ ਰੈਲੀ ਵਿਚ 3 ਲੱਖ ਵਰਕਰ ਨਾਲ ਜੋਡ਼ਣ ਦੀ ਯੋਜਨਾ ਹੈ। ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਮੁਤਾਬਕ ਪਾਰਟੀ ਦੀ ਹਦਾਇਤ ਮਿਲਣ ਪਿੱਛੋਂ ਤਿਆਰੀ ਤੇਜ਼ ਹੈ। ਵਰਕਰਾਂ ਨੂੰ ਕਿਹਡ਼ਾ ਆਗੂ ਸੰਬੋਧਨ ਕਰੇਗਾ, ਇਹ ਹਾਲੇ ਤੈਅ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੈ ਪ੍ਰਕਾਸ਼ ਨੱਢਾ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ। ਪਾਰਟੀ ਨੇ ਵਰਚੂਅਲ ਰੈਲੀ ਲਈ ਸ਼ਕਤੀ ਕੇਂਦਰਾਂ ਨੂੰ ਅਧਾਰ ਬਣਾਇਆ ਹੈ।  ਭਾਜਪਾ ਵਿਚ ਸਭ ਤੋਂ ਛੋਟੀ ਇਕਾਈ ਬੂਥ ਹੈ। ਇਕ ਬੂਥ ’ਤੇ 10 ਮੈਂਬਰ ਹੁੰਦੇ ਹਨ। ਪੰਜ ਬੂਥਾਂ ’ਤੇ ਇਕ ਸ਼ਕਤੀ ਕੇਂਦਰ ਬਣਾਇਆ ਗਿਆ ਹੈ। ਇਨ੍ਹਾਂ ਸ਼ਕਤੀ ਕੇਂਦਰਾਂ ਦੀਆਂ ਕਰੀਬ 50 ਮੈਂਬਰਾਂ ਦੀ ਟੀਮ ਨੂੰ ਵਰਚੂਅਲ ਰੈਲੀ ਵਿਚ ਜੋਡ਼ਿਆ ਜਾਣਾ ਹੈ। ਸੂਬੇ ਵਿਚ ਕਰੀਬਨ 24700 ਬੂਥ ਹਨ। ਪਾਰਟੀ ਵਿਚ ਕਰੀਬ ਪੰਜ ਹਜ਼ਾਰ ਸ਼ਕਤੀ ਕੇਂਦਰ ਹਨ। ਜਥੇਬੰਦੀ ਵਿਚ ਜੋਸ਼ ਭਰਨ ਲਈ ਇਹ ਰੈਲੀ ਅਹਿਮ ਮੰਨੀ ਜਾ ਰਹੀ ਹੈ, ਜਿਸ ਦੀ ਤਿਆਰੀ ਵੀ ਜ਼ੋਰ ਸ਼ੋਰ ਨਾਲ ਹੋ ਰਹੀ ਹੈ।

Comment here